ਸਰਹੱਦ 'ਤੇ ਮੁੜ ਡਰੋਨ ਦੀ ਹਲਚਲ, ਫਾਇਰਿੰਗ ਮਗਰੋਂ ਤਲਾਸ਼ੀ ਮੁਹਿੰਮ ਦੌਰਾਨ ਹਥਿਆਰਾਂ ਦੀ ਖੇਪ ਬਰਾਮਦ
ਗੁਰਦਾਸਪੁਰ : ਪਾਕਿਸਤਾਨ ਵੱਲੋਂ ਡਰੋਨ ਜਾਂ ਹੋਰ ਸਾਧਨਾਂ ਰਾਹੀਂ ਨਸ਼ੇ ਤੇ ਹਥਿਆਰ ਭਾਰਤ ਭੇਜਣ ਦਾ ਸਿਲਸਿਲਾ ਰੁਕਣ ਦਾ ਨਾਮ ਨਹੀਂ ਲੈ ਰਿਹਾ ਹੈ। ਭਾਰਤ ਦੇ ਬੀਐਸਐਫ ਜਵਾਨ ਸਰਹੱਦ ਉਤੇ ਚਟਾਨ ਵਾਂਗ ਖੜ੍ਹੇ ਹਨ ਤੇ ਪਾਕਿਸਤਾਨ ਦੀਆਂ ਨਾਪਾਕ ਹਰਕਤਾਂ ਨੂੰ ਕਾਮਯਾਬ ਨਹੀਂ ਹੋ ਦੇ ਰਹੇ ਹਨ।
ਬੀਤੀ ਰਾਤ ਬੀਐਸਐਫ ਦੇ ਜਵਾਨਾਂ ਨੇ ਪਾਕਿਸਤਾਨ ਵੱਲੋਂ ਆਏ ਡਰੋਨ ਦੀ ਆਵਾਜ਼ ਸੁਣੀ। ਇਸ ਮਗਰੋਂ ਜਵਾਨਾਂ ਵੱਲੋਂ ਉਸ ਉੱਤੇ ਗੋਲੀਬਾਰੀ ਕੀਤੀ ਗਈ। ਇਸ ਪਿਛੋਂ ਇਲਾਕੇ ਵਿੱਚ ਤਲਾਸ਼ੀ ਮੁਹਿੰਮ ਚਲਾਈ ਗਈ । ਇਸ ਦੌਰਾਨ ਗੁਰਦਾਸਪੁਰ ਦੇ ਉੱਚਾ ਢਕਾਲਾ ਕੋਲੋਂ ਇੱਕ ਪੈਕੇਟ ਬਰਾਮਦ ਹੋਇਆ। ਪੈਕੇਟ ਵਿੱਚੋਂ ਬੀਐਸਐਫ ਦੇ ਜਵਾਨਾਂ ਨੇ 4 ਪਿਸਟਲ (ਮੇਡ ਇਨ ਚਾਈਨਾ), 8 ਮੈਗਜ਼ੀਨ ਅਤੇ 47 ਕਾਰਤੂਸ ਬਰਾਮਦ ਕੀਤੇ ਹਨ। ਹਥਿਆਰਾਂ ਦੇ ਖੇਪ ਸੁੱਟ ਕੇ ਡਰੋਨ ਵਾਪਸ ਮੁੜ ਗਿਆ।
ਇਸ ਤੋਂ ਪਹਿਲਾਂ, ਤਰਨਤਾਰਨ ਜ਼ਿਲ੍ਹੇ ਅੰਦਰ ਪੈਂਦੇ ਬੀਓਪੀ ਪੋਸਟ ਕਾਲਿਆ ਵਿੱਚ ਦੇਰ ਰਾਤ ਬੁਰਜੀ ਨੰਬਰ 146/16 ਨੇੜੇ ਡਰੋਨ ਦੀ ਹਲਚਲ ਮਹਿਸੂਸ ਕੀਤੀ ਗਈ ਸੀ। ਇਸ ਤੋਂ ਬਾਅਦ ਬੀਐਸਐਫ ਦੀ 101 ਬਟਾਲੀਅਨ ਖੇਮਕਰਨ ਨੇ ਡਰੋਨ ਉੱਤੇ 7 ਰਾਊਂਡ ਫਾਇਰ ਕੀਤੇ ਗਏ ਸੀ। ਬੀਐਸਐਫ ਦੇ ਅਧਿਕਾਰੀ ਨੇ ਇਸ ਮਾਮਲੇ ਦੀ ਪੁਸ਼ਟੀ ਕੀਤੀ ਹੈ।
ਕਾਬਿਲੇਗੌਰ ਹੈ ਕਿ 3 ਜਨਵਰੀ ਨੂੰ ਵੀ ਰਾਤ ਕਰੀਬ 11 ਵਜੇ ਬੀਓਪੀ ਕਾਲੀਆ ਦੇ ਅਧੀਨ ਹੀ ਆਉਂਦੇ 146/16 ਜ਼ਰੀਏ ਪਾਕਿਸਤਾਨੀ ਡਰੋਨ ਵੱਲੋਂ ਭਾਰਤ ਦੀ ਸੀਮਾ ਅੰਦਰ ਦਸਤਕ ਦਿੱਤੀ ਗਈ ਸੀ। ਇਸ ਦੀ ਆਵਾਜ਼ ਸੁਣਦੇ ਹੀ ਬੀਐਸਐਫ ਦੇ ਜਵਾਨਾਂ ਨੇ 15 ਰਾਊਂਡ ਫਾਇਰਿੰਗ ਕ ਰਦੇ ਹੋਏ ਇਲਾਕੇ ਨੂੰ ਸੀਲ ਕਰ ਦਿੱਤਾ ਸੀ।
ਇਹ ਵੀ ਪੜ੍ਹੋ : ਇਟਲੀ ’ਚ ਵਾਪਰੇ ਭਿਆਨਕ ਸੜਕ ਹਾਦਸੇ ’ਚ ਤਿੰਨ ਪੰਜਾਬੀ ਨੌਜਵਾਨਾਂ ਦੀ ਮੌਤ
ਗੌਰਤਲਬ ਹੈ ਕਿ ਗੁਆਂਢੀ ਦੇਸ਼ ਪਾਕਿਸਤਾਨ ਵੱਲੋਂ ਲਗਾਤਾਰ ਭਾਰਤ ਦੀ ਸਰਹੱਦ ਅੰਦਰ ਦਾਖ਼ਲ ਹੋ ਕੇ ਡਰੋਨ ਰਾਹੀਂ ਨਸ਼ਾ ਜਾਂ ਹਥਿਆਰ ਸਪਲਾਈ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਸਰਹੱਦ ਉੱਤੇ ਤਾਇਨਾਤ ਬੀਐਸਐਫ ਜਵਾਨਾਂ ਵੱਲੋਂ ਲਗਾਤਾਰ ਇਨ੍ਹਾਂ ਕੋਸ਼ਿਸ਼ਾਂ ਨੂੰ ਨਾਕਾਮ ਕੀਤਾ ਗਿਆ ਹੈ। ਕੁਝ ਦਿਨ ਪਹਿਲਾਂ ਸਰਹੱਦ ਅੰਦਰ 5 ਪਲਾਸਟਿਕ ਦੀਆਂ ਬੋਤਲਾਂ ਸੁੱਟੀਆਂ ਗਈਆਂ ਸੀ ਜਿਸ ਵਿਚੋਂ ਕਰੋੜਾਂ ਦੀ ਹੈਰੋਇਨ ਬਰਾਮਦ ਕੀਤੀ ਗਈ ਸੀ।