ਡਾ. ਜਗਮੋਹਨ ਸਿੰਘ ਰਾਜੂ ਬਣੇ ਕੌਮੀ ਘੱਟ ਗਿਣਤੀ ਕਮਿਸ਼ਨ ਦੇ ਸਲਾਹਕਾਰ

By  Ravinder Singh January 4th 2023 03:27 PM

ਅੰਮ੍ਰਿਤਸਰ : ਕੌਮੀ ਘੱਟ ਗਿਣਤੀ ਕਮਿਸ਼ਨ, ਭਾਰਤ ਸਰਕਾਰ ਨੇ ਉੱਘੇ ਸਿੱਖ ਬੁੱਧੀਜੀਵੀ ਤੇ ਭਾਜਪਾ ਪੰਜਾਬ ਦੇ ਮੀਤ ਪ੍ਰਧਾਨ ਡਾ. ਜਗਮੋਹਨ ਸਿੰਘ ਰਾਜੂ (ਸਾਬਕਾ ਆਈ.ਏ.ਐਸ.) ਨੂੰ ਘੱਟ ਗਿਣਤੀ ਮਾਮਲਿਆਂ ਦੇ ਸਲਾਹਕਾਰ ਵਜੋਂ ਨਾਮਜ਼ਦ ਕੀਤਾ ਹੈ। ਸਲਾਹਕਾਰ ਦੇ ਤੌਰ 'ਤੇ ਡਾ. ਜਗਮੋਹਨ ਸਿੰਘ ਰਾਜੂ ਘੱਟ ਗਿਣਤੀ ਭਾਈਚਾਰਿਆਂ ਦੀ ਭਲਾਈ ਅਤੇ ਵਿਕਾਸ ਲਈ ਕਮਿਸ਼ਨ ਨੂੰ ਆਪਣੇ ਜਨਾਦੇਸ਼ ਦੀ ਪ੍ਰਾਪਤੀ ਲਈ ਸਹਾਇਤਾ, ਸਲਾਹ ਉਤੇ ਮਾਰਗਦਰਸ਼ਨ ਕਰਨਗੇ। ਉਹ ਕਲਿਆਣਕਾਰੀ ਯੋਜਨਾਵਾਂ ਨੂੰ ਅੱਗੇ ਵਧਾਉਣ ਲਈ ਸਿੱਖ ਭਾਈਚਾਰੇ ਨਾਲ ਸਬੰਧਤ ਸਾਰੇ ਮਾਮਲਿਆਂ ਨੂੰ  ਚੁੱਕਣਗੇ ਅਤੇ ਕੌਮੀ ਘੱਟ ਗਿਣਤੀ ਕਮਿਸ਼ਨ ਦੇ ਚੇਅਰਮੈਨ ਨਾਲ ਕਮਿਊਨਿਟੀ ਮੀਟਿੰਗਾਂ ਦਾ ਪ੍ਰਬੰਧ ਕਰਨਗੇ।

ਧਿਆਨ ਰਹੇ ਕਿ ਡਾ. ਜਗਮੋਹਨ ਸਿੰਘ ਰਾਜੂ ਤਾਮਿਲਨਾਡੂ ਦੇ ਸਾਬਕਾ ਮੁੱਖ ਸਕੱਤਰ ਹਨ। ਉਹ ਕੈਂਬਰਿਜ ਯੂਨੀਵਰਸਿਟੀ ਯੂਕੇ ਦੇ ਫੈਲੋ ਅਤੇ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਵਿੱਚ ਵਿਜ਼ਿਟਿੰਗ ਪ੍ਰੋਫ਼ੈਸਰ ਰਹਿ ਚੁੱਕੇ ਹਨ। ਉਨ੍ਹਾਂ ਨੇ ਕਈ ਲੇਖਾਂ ਦਾ ਯੋਗਦਾਨ ਦਿੱਤਾ ਹੈ ਅਤੇ ਇੱਕ ਕਿਤਾਬ ਲਿਖੀ ਹੈ।

ਡਾ. ਜਗਮੋਹਨ ਸਿੰਘ ਰਾਜੂ ਨੇ ਕੌਮੀ ਘੱਟ ਗਿਣਤੀ ਕਮਿਸ਼ਨ ਦੇ ਚੇਅਰਮੈਨ ਇਕਬਾਲ ਸਿੰਘ ਲਾਲਪੁਰਾ ਦਾ ਇਹ ਜ਼ਿੰਮੇਵਾਰੀ ਸੌਂਪਣ ਲਈ ਧੰਨਵਾਦ ਕਰਦਿਆਂ ਕਿਹਾ ਕਿ ਜਿਵੇਂ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਹੈ, ਸਿੱਖ ਧਰਮ ਅਤੇ ਪੰਜਾਬ ਦੋਵੇਂ ਹੀ ‘ਏਕ ਭਾਰਤ ਸ੍ਰੇਸ਼ਠ ਭਾਰਤ’ ਦੇ ਪ੍ਰਤੀਰੂਪ ਹਨ।

ਇਹ ਵੀ ਪੜ੍ਹੋ: ਗੋਲਕ ਨੂੰ ਲੈ ਕੇ CM ਮਾਨ ਦੇ ਬਿਆਨ ਦੀ ਕਰਨੈਲ ਸਿੰਘ ਪੀਰ ਮੁਹੰਮਦ ਨੇ ਕੀਤੀ ਨਿਖੇਧੀ

ਪਵਿੱਤਰ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਭਾਰਤ ਦੇ ਵੱਖ-ਵੱਖ ਹਿੱਸਿਆਂ ਦੇ ਸਤਿਕਾਰਯੋਗ ਸਿੱਖ ਗੁਰੂਆਂ ਅਤੇ ਬਹੁਤ ਸਾਰੇ ਸੰਤਾਂ ਦੀ ਬਾਣੀ ਸ਼ਾਮਲ ਹੈ। ਡਾ. ਰਾਜੂ ਅਨੁਸਾਰ ਨਰਿੰਦਰ ਮੋਦੀ ਵੱਲੋਂ ਸਿੱਖਾਂ ਤੇ ਹੋਰ ਘੱਟ ਗਿਣਤੀਆਂ ਦੀ ਭਲਾਈ ਲਈ ਬਹੁਤ ਸਾਰੀਆਂ ਭਲਾਈ ਸਕੀਮਾਂ ਸ਼ੁਰੂ ਕੀਤੀਆਂ ਗਈਆਂ ਹਨ ਪਰ ਇਹ ਸਕੀਮਾਂ ਪੰਜਾਬ ਦੇ ਲੋੜਵੰਦਾਂ ਤੱਕ ਮੁਸ਼ਕਿਲ ਨਾਲ ਪੁੱਜਦੀਆਂ ਹਨ। ਇਸ ਲਈ ਉਹ ਪੰਜਾਬ ਵਿੱਚ ਸਿੱਖਾਂ ਅਤੇ ਹੋਰ ਘੱਟ ਗਿਣਤੀਆਂ ਦੀ ਇਨ੍ਹਾਂ ਸਕੀਮਾਂ ਤੱਕ ਪਹੁੰਚ ਨੂੰ ਬਿਹਤਰ ਬਣਾਉਣ ਲਈ ਕੰਮ ਕਰਨਗੇ।

Related Post