Ambedkar statue break Video : ਅੰਮ੍ਰਿਤਸਰ 'ਚ ਗਣਤੰਤਰ ਦਿਹਾੜੇ 'ਤੇ ਵੱਡੀ ਘਟਨਾ, ਸ਼ਖਸ ਨੇ ਡਾ. ਅੰਬੇਦਕਰ ਦੀ ਮੂਰਤੀ 'ਤੇ ਮਾਰੇ ਹਥੌੜੇ, ਮੂਰਤੀ ਤੋੜਨ ਦੀ ਕੋਸ਼ਿਸ਼

Ambedkar statue break Video : ਅੰਮ੍ਰਿਤਸਰ 'ਚ ਡਾ. ਅੰਬੇਦਕਰ ਦੀ ਮੂਰਤੀ ਨਾਲ ਬੇਹੱਦ ਹੀ ਘਿਨਾਉਣੀ ਹਰਕਤ ਕੀਤੇ ਜਾਣ ਦੀ ਘਟਨਾ ਵਾਪਰੀ ਹੈ। ਅੰਮ੍ਰਿਤਸਰ ਦੇ ਹੈਰੀਟੇਜ਼ ਸਟਰੀਟ ਵਿੱਚ ਵਾਪਰੀ ਇਹ ਘਟਨਾ ਸੀਸੀਟੀਵੀ ਕੈਮਰੇ 'ਚ ਕੈਦ ਹੋ ਗਈ ਹੈ, ਜਿਸ ਨੂੰ ਲੈ ਕੇ ਵਾਲਮੀਕੀ ਭਾਈਚਾਰੇ 'ਚ ਤਿੱਖਾ ਰੋਸ ਪਾਇਆ ਜਾ ਰਿਹਾ ਹੈ।

By  KRISHAN KUMAR SHARMA January 26th 2025 07:30 PM -- Updated: January 26th 2025 09:11 PM

Ambedkar statue break Video : ਦੇਸ਼ ਭਰ ਦੇ ਲੋਕ ਜਿਥੇ ਸੰਵਿਧਾਨ ਨਿਰਮਾਤਾ ਬਾਬਾ ਸਾਹਿਬ ਡਾ. ਬੀ.ਆਰ. ਅੰਬੇਦਕਰ ਨੂੰ ਅੱਜ ਸਿਜਦਾ ਕਰ ਰਹੇ ਹਨ, ਉਥੇ ਅੰਮ੍ਰਿਤਸਰ 'ਚ ਡਾ. ਅੰਬੇਦਕਰ ਦੀ ਮੂਰਤੀ ਨਾਲ ਬੇਹੱਦ ਹੀ ਘਿਨਾਉਣੀ ਹਰਕਤ ਕੀਤੇ ਜਾਣ ਦੀ ਘਟਨਾ ਵਾਪਰੀ ਹੈ। ਅੰਮ੍ਰਿਤਸਰ ਦੇ ਹੈਰੀਟੇਜ਼ ਸਟਰੀਟ ਵਿੱਚ ਵਾਪਰੀ ਇਹ ਘਟਨਾ ਸੀਸੀਟੀਵੀ ਕੈਮਰੇ 'ਚ ਕੈਦ ਹੋ ਗਈ ਹੈ, ਜਿਸ ਨੂੰ ਲੈ ਕੇ ਵਾਲਮੀਕੀ ਭਾਈਚਾਰੇ 'ਚ ਤਿੱਖਾ ਰੋਸ ਪਾਇਆ ਜਾ ਰਿਹਾ ਹੈ।

8-10 ਵਾਰੀ ਮਾਰਿਆ ਮੂਰਤੀ 'ਤੇ ਹਥੌੜਾ

ਘਟਨਾ ਦੀ ਇੱਕ ਵੀਡੀਓ ਵੀ ਸਾਹਮਣੇ ਆਈ ਹੈ। ਵੀਡੀਓ ਵਿੱਚ ਵੇਖਿਆ ਜਾ ਸਕਦਾ ਹੈ ਕਿ ਕਿਵੇਂ ਇੱਕ ਨੌਜਵਾਨ ਸ਼ਖਸ ਮੂਰਤੀ 'ਤੇ ਪੌੜੀ ਲਗਾ ਕੇ ਚੜ੍ਹ ਰਿਹਾ ਹੈ ਅਤੇ ਉਪਰ ਜਾ ਕੇ ਹਥੌੜੇ ਨਾਲ ਮੂਰਤੀ ਭੰਨਣੀ ਸ਼ੁਰੂ ਕਰ ਦਿੰਦਾ ਹੈ। ਸ਼ਖਸ ਵੱਲੋਂ ਇਸ ਦੌਰਾਨ ਮੂਰਤੀ 'ਤੇ 8-10 ਵਾਰੀ ਵਾਰ ਹਥੌੜਾ ਮਾਰ ਕੇ ਤੋੜਨ ਦੀ ਕੋਸ਼ਿਸ਼ ਕੀਤੀ ਗਈ।

ਹਾਲਾਂਕਿ ਘਟਨਾ ਦਾ ਪਤਾ ਲੱਗਣ 'ਤੇ ਸੁਰੱਖਿਆ ਮੁਲਾਜ਼ਮਾਂ ਨੇ ਤੁਰੰਤ ਕਾਰਵਾਈ ਕੀਤੀ ਅਤੇ ਮੁਲਜ਼ਮ ਨੂੰ ਮੌਕੇ 'ਤੇ ਤੁਰੰਤ ਹੀ ਕਾਬੂ ਕਰ ਲਿਆ ਅਤੇ ਪੁਲਿਸ ਦੇ ਹਵਾਲੇ ਕਰ ਦਿੱਤਾ ਹੈ। ਪਰੰਤੂ ਵਾਲਮੀਕੀ ਭਾਈਚਾਰੇ ਵੱਲੋਂ ਘਟਨਾ ਦੇ ਰੋਸ ਵੱਜੋਂ ਕੱਲ 27 ਜਨਵਰੀ ਨੂੰ ਅੰਮ੍ਰਿਤਸਰ 'ਚ ਬੰਦ ਦਾ ਸੱਦਾ ਦਿੱਤਾ ਗਿਆ ਹੈ।

ਵਾਲਮੀਕੀ ਭਾਈਚਾਰੇ ਵੱਲੋਂ ਅੰਮ੍ਰਿਤਸਰ ਬੰਦ ਦਾ ਸੱਦਾ

ਇਸ ਘਟਨਾ ਨੂੰ ਲੈ ਕੇ ਵਾਲਮੀਕ ਸਮਾਜ ਦੇ ਆਗੂ ਓਮ ਪ੍ਰਕਾਸ਼ ਨੇ ਕਿਹਾ ਕਿ ਅੰਮ੍ਰਿਤਸਰ ਦੀ ਹੈਰੀਟੇਜ ਸਟਰੀਟ 'ਤੇ ਇਕ ਵਿਅਕਤੀ ਨੇ ਡਾ: ਭੀਮ ਰਾਓ ਅੰਬੇਡਕਰ ਦੀ ਮੂਰਤੀ ਨੂੰ ਤੋੜਨ ਦੀ ਕੋਸ਼ਿਸ਼ ਕੀਤੀ ਪਰ ਉਸ ਨੂੰ ਮੌਕੇ 'ਤੇ ਹੀ ਸੁਰੱਖਿਆ ਮੁਲਾਜ਼ਮਾਂ ਨੇ ਕਾਬੂ ਕਰ ਲਿਆ ਅਤੇ ਪੁਲਿਸ ਹਵਾਲੇ ਕਰ ਦਿੱਤਾ। ਉਨ੍ਹਾਂ ਕਿਹਾ ਕਿ ਜਿਸ ਨੇ ਮੂਰਤੀ ਨੂੰ ਤੋੜਿਆ, ਉਹ ਪਹਿਲਾਂ ਪੌੜੀ ਲੈ ਕੇ ਮੂਰਤੀ 'ਤੇ ਚੜ੍ਹ ਗਿਆ ਅਤੇ ਹਥੌੜੇ ਨਾਲ ਬੁੱਤ ਨੂੰ ਤੋੜਨਾ ਸ਼ੁਰੂ ਕਰ ਦਿੱਤਾ ਪਰ ਇਸਤੋਂ ਪਹਿਲਾਂ ਉਹ ਮੂਰਤੀ ਨੂੰ ਤੋੜਦਾ ਮੌਕੇ 'ਤੇ ਹੀ ਫੜਿਆ ਗਿਆ।

ਉਧਰ, ਭਾਈਚਾਰੇ ਦੇ ਆਗੂਆਂ ਨੇ ਕਿਹਾ ਕਿ ਇਸ ਘਟਨਾ ਦੀ ਜਿੰਨੀ ਹੋਵੇ, ਓਨੀ ਹੀ ਨਿਖੇਧੀ ਘੱਟ ਹੈ। ਉਨ੍ਹਾਂ ਦੱਸਿਆ ਕਿ ਵਾਲਮੀਕੀ ਭਾਈਚਾਰੇ ਵੱਲੋਂ ਕੱਲ 27 ਜਨਵਰੀ ਨੂੰ ਇਸ ਘਟਨਾ ਦੇ ਵਿਰੋਧ ਵਿੱਚ ਪ੍ਰਦਰਸ਼ਨ ਕੀਤਾ ਜਾਵੇਗਾ ਅਤੇ ਅੰਮ੍ਰਿਤਸਰ ਸ਼ਹਿਰ ਪੂਰੀ ਤਰ੍ਹਾਂ ਬੰਦ ਰੱਖਿਆ ਜਾਵੇਗਾ। ਇਸ ਘਟਨਾ ਨੂੰ ਲੈ ਕੇ ਵਾਲਮੀਕ ਸਮਾਜ ਨੇ ਇਸ ਘਟਨਾ ਦੇ ਵਿਰੋਧ 'ਚ ਹਾਲ ਬਾਜ਼ਾਰ 'ਚ ਧਰਨਾ ਸ਼ੁਰੂ ਕਰ ਦਿੱਤਾ ਅਤੇ ਕਿਹਾ ਕਿ ਇਹ ਕਿਸੇ ਇਕ ਵਿਅਕਤੀ ਦਾ ਕੰਮ ਨਹੀਂ ਹੈ, ਇਹ ਡੂੰਘੀ ਸਾਜ਼ਿਸ਼ ਹੈ।

ਪੁਲਿਸ ਨੇ ਦਰਜ ਕੀਤਾ ਕੇਸ

ਫਿਲਹਾਲ ਮੁਲਜ਼ਮ ਪੁਲਿਸ ਦੀ ਗ੍ਰਿਫਤ 'ਚ ਹੈ। ਇਸ ਸਬੰਧੀ ਪੁਲਿਸ ਦਾ ਕਹਿਣਾ ਹੈ ਕਿ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਮੁਲਜ਼ਮ ਨੂੰ ਗ੍ਰਿਫ਼ਤਾਰ ਕਰਕੇ ਕੇਸ ਦਰਜ ਕਰ ਲਿਆ ਗਿਆ ਹੈ।

Related Post