ਭਾਰੀ ਮੀਂਹ ਦਰਮਿਆਨ ਡੀਪੀਈ ਉਮੀਦਵਾਰਾਂ ਨੇ ਸਾਰੀ ਰਾਤ ਟੈਂਕੀ 'ਤੇ ਕੱਟੀ
ਮੁਹਾਲੀ : ਰਾਤ ਭਾਰੀ ਮੀਂਹ ਦਰਮਿਾਨ ਮੁਹਾਲੀ ਦੇ ਸੋਹਾਣਾ ਸਾਹਿਬ ਕੋਲ ਟੈਂਕੀ ਉਤੇ ਚੜ੍ਹੇ ਫਿਜ਼ੀਕਲ ਐਜੂਕੇਸ਼ਨ ਉਮੀਦਵਾਰਾਂ ਦਾ ਧਰਨਾ ਜਾਰੀ ਰਿਹਾ। ਮੀਂਹ ਕਾਰਨ ਉਨ੍ਹਾਂ ਦਾ ਟੈਂਟ ਉਖੜ ਗਿਆ। ਇਸ ਦੇ ਬਾਵਜੂਦ ਉਹ ਆਮ ਆਦਮੀ ਪਾਰਟੀ ਦੀ ਸਰਕਾਰ ਦੀਆਂ ਨੀਤੀਆਂ ਖ਼ਿਲਾਫ਼ ਤੇ ਆਪਣੀਆਂ ਹੱਕੀ ਮੰਗਾਂ ਲਈ ਅੜੇ ਰਹੇ। ਭਾਰੀ ਮੀਂਹ ਵਿਚਕਾਰ ਉਨ੍ਹਾਂ ਵੱਲੋਂ ਪੰਜਾਬ ਸਰਕਾਰ ਖਿਲਾਫ ਜੰਮ ਕੇ ਨਾਅਰੇਬਾਜ਼ੀ ਕੀਤੀ ਗਈ। ਟੈਂਕੀ ਉਤੇ ਚੜ੍ਹੇ ਉਮੀਦਵਾਰਾਂ ਨੇ ਕੱਲ੍ਹ ਮੁੱਖ ਮੰਤਰੀ ਭਗਵੰਤ ਮਾਨ ਅਤੇ ਹੋਰਾਂ ਵੱਲੋਂ ਮਨਾਈ ਗਈ ਲੋਹੜੀ ਉਤੇ ਤੰਜ ਕੱਸਦੇ ਹੋਏ ਕਿਹਾ ਕਿ ਬੇਰੁਜ਼ਗਾਰ ਨੌਜਵਾਨਾਂ ਨੇ ਆਪਣੇ ਘਰਾਂ ਵਿਚ ਲੋਹੜੀਆਂ ਮਨਾਉਣੀਆਂ ਹਨ। ਨੌਜਵਾਨ ਪੀੜ੍ਹੀ ਦੇ ਵੀ ਸੁਪਨੇ ਹਨ। ਇਸ ਲਈ ਉਨ੍ਹਾਂ ਦੀਆਂ ਮੰਗਾਂ ਨੂੰ ਜਲਦ ਤੋਂ ਜਲਦ ਪ੍ਰਵਾਨ ਕੀਤਾ ਜਾਵੇ।
ਕਾਬਿਲੇਗੌਰ ਹੈ ਕਿ 168 ਡੀਪੀਈ ਦੀਆਂ ਸਲੈਕਸ਼ਨ ਲਿਸਟਾਂ ਨਾ ਜਾਰੀ ਕਰਨ ਦੇ ਸਬੰਧ ਵਿਚ ਰੋਸ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ। ਪ੍ਰਦਰਸ਼ਨਕਾਰੀਆਂ ਦਾ ਕਹਿਣਾ ਹੈ ਕਿ ਮਾਸਟਰ ਕੇਡਰ ਵਿਚ ਆਈਆ 168 ਡੀ. ਪੀ. ਈ ਦੀਆ ਪੋਸਟਾਂ ਦੀ ਡਾਕੂਮੈਂਟਸ ਵੈਰੀਫਿਕੇਸ਼ਨ 10 ਅਤੇ 11 ਨਵੰਬਰ ਨੂੰ ਹੋ ਚੁੱਕੀ ਹੈ ਪਰ ਭਰਤੀ ਬੋਰਡ ਵੱਲੋਂ ਪੀਐਸਟੈੱਟ ਮੰਗਣ ਕਰਕੇ ਸਲੈਕਸ਼ਨ ਲਿਸਟਾਂ ਜਾਰੀ ਨਹੀਂ ਕੀਤੀਆਂ ਗਈਆਂ ਅਤੇ ਅਧਿਆਪਕਾਂ ਪਾਸੋਂ PSTET-2 ਦੀ ਮੰਗ ਕੀਤੀ ਗਈ ਪਰ ਦੱਸਣਯੋਗ ਗੱਲ ਇਹ ਹੈ ਕਿ ਅੱਜ ਤੱਕ ਕਦੇ ਸਰੀਰਕ ਸਿੱਖਿਆ ਵੀਸ਼ੇ ਦਾ PSTET ਕੰਡਕਟ ਹੀ ਨਹੀਂ ਕਰਵਾਇਆ ਗਿਆ। ਇਸ ਨੂੰ ਹੀ ਖਾਰਿਜ ਕਰਵਾਉਣ ਲਈ ਹੀ ਉਨ੍ਹਾਂ ਵੱਲੋਂ ਮੁਹਾਲੀ ਸੋਹਾਣਾ ਸਾਹਿਬ ਚੌਕ ਵਿਖੇ ਪਾਣੀ ਦੀ ਟੈਂਕੀ 'ਤੇ ਚੜ੍ਹ ਕੇ ਰੋਸ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ।
ਪ੍ਰਦਰਸ਼ਨਕਾਰੀਆਂ ਨੇ ਦੱਸਿਆ ਸੀ ਕਿ ਉਨ੍ਹਾਂ ਦੀ ਕਈ ਉੱਚ ਅਧਿਕਾਰੀਆਂ ਦੇ ਨਾਲ ਮੀਟਿੰਗ ਹੋਈ ਸੀ। ਮੀਟਿੰਗ ਦੌਰਾਨ ਉਨ੍ਹਾਂ ਨੇ ਅਧਿਕਾਰੀਆਂ ਨੂੰ ਹਰ ਤਰ੍ਹਾਂ ਦੇ ਦਸਤਾਵੇਜ਼ ਦਿਖਾਏ ਜਿਸ 'ਤੇ ਉਨ੍ਹਾਂ ਨੇ ਕਿਹਾ ਸੀ ਕਿ ਉਨ੍ਹਾਂ ਦੇ ਮਸਲੇ ਨੂੰ ਜਲਦ ਹੱਲ ਕੀਤਾ ਜਾਵੇਗਾ ਪਰ ਅਜੇ ਤੱਕ ਉਨ੍ਹਾਂ ਦੀ ਸਮੱਸਿਆ ਦਾ ਹੱਲ ਨਹੀਂ ਨਿਕਲਿਆ ਹੈ। ਜਿਸ ਕਾਰਨ ਉਨ੍ਹਾਂ ਵੱਲੋਂ ਰੋਸ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ।
ਇਹ ਵੀ ਪੜ੍ਹੋ : ਸਾਬਕਾ ਕੇਂਦਰੀ ਮੰਤਰੀ ਸ਼ਰਦ ਯਾਦਵ ਦਾ ਦੇਹਾਂਤ, 75 ਸਾਲ ਦੀ ਉਮਰ 'ਚ ਲਏ ਆਖਰੀ ਸਾਹ
ਇੱਕ ਪਾਸੇ ਜਿੱਥੇ ਆਮ ਆਦਮੀ ਪਾਰਟੀ ਨੇ ਸੱਤਾ 'ਚ ਆਉਣ ਤੋਂ ਪਹਿਲਾਂ ਕਿਹਾ ਸੀ ਕਿ ਪੰਜਾਬ 'ਚ ਹੁਣ ਕੋਈ ਵੀ ਵਿਅਕਤੀ ਟੈਂਕੀ 'ਤੇ ਨਹੀਂ ਚੜ੍ਹੇਗਾ ਪਰ ਅੱਜ ਸਰਕਾਰ ਵੱਲੋਂ ਹਲਾਤ ਇਸ ਤਰ੍ਹਾਂ ਦੇ ਬਣਾ ਦਿੱਤੇ ਗਏ ਹਨ ਕਿ ਉਨ੍ਹਾਂ ਨੂੰ ਟੈਂਕੀ ਉਤੇ ਚੜਨ ਲਈ ਮਜਬੂਰ ਹੋਣਾ ਪੈ ਰਿਹਾ ਹੈ। ਪ੍ਰਦਰਸ਼ਨਕਾਰੀਆਂ ਨੇ ਮੰਗ ਕੀਤੀ ਹੈ ਕਿ ਸਰਕਾਰ ਉਨ੍ਹਾਂ ਦੀਆਂ ਮੰਗਾਂ ਨੂੰ ਜਲਦ ਪੂਰਾ ਕਰੇ ਨਹੀਂ ਤਾਂ ਆਉਣ ਵਾਲੇ ਸਮੇਂ ਉਨ੍ਹਾਂ ਵੱਲੋਂ ਤਿੱਖਾ ਸੰਘਰਸ਼ ਕੀਤਾ ਜਾਵੇਗਾ।