ਥੱਪੜ ਤੋਂ ਪਹਿਲਾਂ 100-100 ਰੁਪਏ ਵਾਲੇ ਬਿਆਨ ਤੇ ਕੰਗਨਾ ਨੂੰ ਦਿਲਜੀਤ ਨੇ ਵੀ ਕਰਵਾਈ ਸੀ ਨਾਨੀ ਚੇਤੇ, ਜਾਣੋ ਕਿਵੇਂ ਘੇਰਿਆ ਸੀ
Kangana Slapped : ਹੁਣ ਤੱਕ ਥੱਪੜ ਕਾਂਡ ਪਿੱਛੇ ਕੰਗਨਾ ਰਣੌਤ ਦਾ '100-100 ਰੁਪਏ' ਵਾਲਾ ਬਿਆਨ ਸਾਹਮਣੇ ਆ ਰਿਹਾ ਹੈ, ਪਰ ਜੇਕਰ ਵੇਖਿਆ ਜਾਵੇ ਤਾਂ ਇਸਤੋਂ ਪਹਿਲਾਂ ਅੰਤਰਰਾਸ਼ਟਰੀ ਪੰਜਾਬੀ ਗਾਇਕ ਦਿਲਜੀਤ ਦੋਸਾਂਝ ਵੀ ਬਿਆਨ 'ਤੇ ਕੰਗਨਾ ਰਣੌਤ ਦੀ ਬੋਲਦੀ ਬੰਦ ਕਰਵਾ ਚੁਕਿਆ ਹੈ।

Kangana Ranaut vs Diljit Dosanjh : ਬਾਲੀਵੁੱਡ ਕੁਈਨ ਕੰਗਨਾ ਰਣੌਤ ਹਮੇਸ਼ਾ ਚਰਚਾ ਵਿੱਚ ਰਹਿੰਦੀ ਹੈ, ਭਾਵੇਂ ਉਹ ਆਪਣੀ ਫਿਲਮ ਨੂੰ ਲੈ ਕੇ ਹੋਵੇ ਜਾਂ ਫਿਰ ਆਪਣੀਆਂ ਵਿਵਾਦਤ ਟਿੱਪਣੀਆਂ ਕਾਰਨ। ਹਿਮਾਚਲ ਪ੍ਰਦੇਸ਼ ਦੇ ਮੰਡੀ ਲੋਕ ਸਭਾ ਹਲਕੇ ਤੋਂ ਚੋਣ ਜਿੱਤਣ ਤੋਂ ਬਾਅਦ ਕੰਗਨਾ ਰਣੌਤ ਹੁਣ ਥੱਪੜ ਕਾਂਡ (Thappad Kand) ਕਰਕੇ ਚਰਚਾ ਦਾ ਵਿਸ਼ਾ ਬਣੀ ਹੋਈ ਹੈ। ਹੁਣ ਤੱਕ ਥੱਪੜ ਕਾਂਡ (Kangana Slapped) ਪਿੱਛੇ ਕੰਗਨਾ ਰਣੌਤ ਦਾ '100-100 ਰੁਪਏ' ਵਾਲਾ ਬਿਆਨ ਸਾਹਮਣੇ ਆ ਰਿਹਾ ਹੈ, ਪਰ ਜੇਕਰ ਵੇਖਿਆ ਜਾਵੇ ਤਾਂ ਇਸਤੋਂ ਪਹਿਲਾਂ ਅੰਤਰਰਾਸ਼ਟਰੀ ਪੰਜਾਬੀ ਗਾਇਕ ਦਿਲਜੀਤ ਦੋਸਾਂਝ ਵੀ ਬਿਆਨ 'ਤੇ ਕੰਗਨਾ ਰਣੌਤ ਦੀ ਬੋਲਦੀ ਬੰਦ ਕਰਵਾ ਚੁਕਿਆ ਹੈ।
ਦੱਸ ਦਈਏ ਕਿ ਤਿੰਨ ਸਾਲ ਪਹਿਲਾਂ ਜਦੋਂ ਕਿਸਾਨਾਂ ਵੱਲੋਂ ਤਿੰਨ ਕਾਲੇ ਖੇਤੀ ਕਾਨੂੰਨਾਂ ਖਿਲਾਫ਼ ਦਿੱਲੀ ਵਿੱਚ ਡੇਰੇ ਲਾਏ ਹੋਏ ਸਨ ਤਾਂ ਇਸ ਅੰਦੋਲਨ ਵਿੱਚ ਦੇਸ਼ ਭਰ ਦੇ ਕਿਸਾਨ ਅਤੇ ਕਿਸਾਨ ਬੀਬੀਆਂ ਤੇ ਬੱਚਿਆਂ ਨੇ ਵੱਧ ਚੜ੍ਹ ਕੇ ਹਿੱਸਾ ਲਿਆ ਸੀ। ਇਸ ਦੌਰਾਨ ਹੀ ਕੰਗਨਾ ਰਣੌਤ ਨੇ ਉਥੇ ਔਰਤਾਂ ਵਾਸਤੇ ਬਿਆਨ ਦਿੱਤਾ ਸੀ, ''ਹਾ ਹਾ, ਇਹ ਉਹੀ ਦਾਦੀ ਹੈ ਜਿਸ ਨੂੰ ਟਾਈਮ ਮੈਗਜ਼ੀਨ ਦੀ 100 ਸਭ ਤੋਂ ਪ੍ਰਭਾਵਸ਼ਾਲੀ ਲੋਕਾਂ ਦੀ ਸੂਚੀ ਵਿੱਚ ਸ਼ਾਮਲ ਕੀਤਾ ਗਿਆ ਸੀ... ਅਤੇ ਇਹ 100 ਰੁਪਏ ਵਿੱਚ ਉਪਲਬਧ ਹਨ।” ਭਾਵੇਂ ਕੰਗਨਾ ਨੇ ਬਾਅਦ ਵਿੱਚ ਇਹ ਪੋਸਟ ਡਿਲੀਟ ਕਰ ਦਿੱਤੀ ਸੀ।
ਦਿਲਜੀਤ ਨੇ ਲਿਆ ਸੀ ਆੜੇ ਹੱਥੀਂ
ਕੰਗਨਾ ਦੇ ਇਸ ਬਿਆਨ 'ਤੇ ਪੰਜਾਬੀ ਗਾਇਕ ਦਿਲਜੀਤ ਨੇ ਬਾਲੀਵੁੱਡ ਅਦਾਕਾਰਾ ਨੂੰ ਆੜੇ ਹੱਥੀਂ ਲਿਆ ਸੀ ਅਤੇ ਠੋਕਵਾਂ ਜਵਾਬ ਵੀ ਦਿੱਤਾ ਸੀ। ਉਸ ਨੇ ਟਵੀਟ ਕਰ ਲਿਖਿਆ ਸੀ, ਬੋਲ੍ਹਣ ਦੀ ਤਮੀਜ਼ ਨਈ ਤੈਨੂੰ, ਕਿਸੇ ਦੀ ਮਾਂ-ਭੈਣ ਨੂੰ...ਔਰਤ ਹੋ ਕੇ ਦੂਜੀਆਂ ਨੂੰ ਤੂੰ 100-100 ਰੁਪਏ ਵਾਲੀ ਦੱਸਦੀ ਆਂ...ਸਾਡੇ ਪੰਜਾਬ ਦੀਆਂ ਮਾਵਾਂ ਸਾਡੇ ਲਈ ਰੱਬ ਨੇ...ਇਹ ਤਾਂ ਭੂੰਡਾਂ ਦੇ ਖੱਖਰ ਨੂੰ ਛੇੜ ਲਿਆ ਤੂੰ... ਪੰਜਾਬੀ ਗੂਗਲ ਕਰ ਲਈ...
ਹਾਲਾਂਕਿ ਕੰਗਨਾ ਰਣੌਤ ਹੁਣ ਵੀ ਉਸ ਬਿਆਨ ਕਾਰਨ ਇੱਕ ਵਾਰ ਫਿਰ ਥੱਪੜ ਕਾਂਡ ਕਰਕੇ ਚਰਚਾ ਦਾ ਵਿਸ਼ਾ ਬਣ ਗਈ ਹੈ। ਦੱਸ ਦਈਏ ਕਿ ਚੰਡੀਗੜ੍ਹ ਹਵਾਈ ਅੱਡੇ 'ਤੇ ਬੀਤੇ ਦਿਨੀ ਅਦਾਕਾਰਾ ਨੂੰ ਸੀਆਈਐਸਐਫ ਦੀ ਮਹਿਲਾ ਜਵਾਨ ਕੁਲਵਿੰਦਰ ਕੌਰ ਨੇ ਥੱਪੜ ਜੜ ਦਿੱਤਾ ਸੀ। ਕੁਲਵਿੰਦਰ ਕੌਰ ਦਾ ਕਹਿਣਾ ਸੀ ਕਿ ਜਦੋਂ ਕੰਗਨਾ ਨੇ ਇਹ ਬਿਆਨ ਦਿੱਤਾ ਸੀ ਤਾਂ ਉਥੇ ਮੇਰੀ ਮਾਂ ਵੀ ਹਾਜ਼ਰ ਸੀ ਅਤੇ ਮੈਨੂੰ ਉਸ ਦਾ ਬਹੁਤ ਗੁੱਸਾ ਸੀ।