ਭਾਰਤੀ ਫੌਜ ਨੇ ਪਾਕਿਸਤਾਨ ਦੇ ਕਬਜ਼ੇ ਵਾਲੇ ਕਸ਼ਮੀਰ 'ਚ ਕੀਤੀ ਸਰਜੀਕਲ ਸਟ੍ਰਾਈਕ 2? ਰੱਖਿਆ ਮੰਤਰਾਲੇ ਨੇ ਦਿੱਤੀ ਇਹ ਜਾਣਕਾਰੀ
Reality of surgical strike 2: ਮੰਗਲਵਾਰ ਸਵੇਰੇ ਇੱਕ ਕੌਮੀ ਅਖ਼ਬਾਰ ਵੱਲੋਂ ਆਪਣੀ ਮੁੱਖ ਖ਼ਬਰ 'ਚ ਇਹ ਦਾਅਵਾ ਕੀਤਾ ਗਿਆ ਕਿ ਭਾਰਤੀ ਫੌਜ ਨੇ ਬਾਲਾਕੋਟ ਸੈਕਟਰ 'ਚ ਮਕਬੂਜ਼ਾ ਕਸ਼ਮੀਰ 'ਚ 2.5 ਕਿਲੋਮੀਟਰ ਤੱਕ ਅੰਦਰ ਵੜ ਕੇ ਮੁੜ ਸਰਜੀਕਲ ਸਟ੍ਰਾਈਕ ਕੀਤੀ ਹੈ।
ਹਾਲਾਂਕਿ ਇਸ 'ਤੇ ਰੱਖਿਆ ਮੰਤਰਾਲੇ ਵੱਲੋਂ ਅਧਿਕਾਰਤ ਬਿਆਨ ਆਇਆ ਹੈ। ਰੱਖਿਆ ਮੰਤਰਾਲੇ ਨੇ ਕਿਹਾ ਕਿ ਪਾਕਿਸਤਾਨ ਦੀ ਸਰਹੱਦ 'ਚ ਦਾਖਲ ਹੋ ਕੇ ਕੋਈ ਹਮਲਾ ਨਹੀਂ ਕੀਤਾ ਗਿਆ ਹੈ। ਰੱਖਿਆ ਮੰਤਰਾਲੇ ਨੇ ਦੱਸਿਆ ਕਿ ਬਾਲਾਕੋਟ ਸੈਕਟਰ 'ਚ ਕੰਟਰੋਲ ਰੇਖਾ 'ਤੇ ਦੋ ਦਹਿਸ਼ਤਗਰਦ ਭਾਰਤੀ ਸਰਹੱਦ 'ਚ ਘੁਸਪੈਠ ਦੀ ਕੋਸ਼ਿਸ਼ ਕਰ ਰਹੇ ਸਨ। ਉਨ੍ਹਾਂ ਨੂੰ ਆਪਣੇ ਮਿਸ਼ਨ ਵਿੱਚ ਨਾਕਾਮ ਕਰ ਦਿੱਤਾ ਗਿਆ ਹੈ।
ਰੱਖਿਆ ਮੰਤਰਾਲੇ ਨੇ ਕਿਹਾ ਕਿ ਦੋ ਦਹਿਸ਼ਤਗਰਦ ਖਰਾਬ ਮੌਸਮ, ਧੁੰਦ ਅਤੇ ਟੁੱਟੀ ਸੜਕ ਦਾ ਫਾਇਦਾ ਚੁੱਕ ਕੇ ਬਾਲਾਕੋਟ ਸੈਕਟਰ ਵਿੱਚ ਕੰਟਰੋਲ ਰੇਖਾ ਦੇ ਨਾਲ ਘੁਸਪੈਠ ਦੀ ਕੋਸ਼ਿਸ਼ ਕਰ ਰਹੇ ਸਨ। ਜਿਵੇਂ ਹੀ ਫੌਜ ਨੂੰ ਇਸ ਬਾਰੇ ਪਤਾ ਲੱਗਾ ਤਾਂ ਉਨ੍ਹਾਂ ਨੇ ਹਮੀਰਪੁਰ ਇਲਾਕੇ 'ਚ ਦੋਵਾਂ ਅੱਤਵਾਦੀਆਂ ਨੂੰ ਮਾਰ ਮੁਕਾਇਆ।
ਜੰਮੂ ਦੇ ਰੱਖਿਆ ਬੁਲਾਰੇ ਲੈਫਟੀਨੈਂਟ ਕਰਨਲ ਸੁਨੀਲ ਬਾਰਟਵਾਲ ਨੇ ਆਰਮੀ ਆਪਰੇਸ਼ਨ ਦੇ ਵੇਰਵੇ ਦਿੰਦੇ ਹੋਏ ਕਿਹਾ, “ਪੁਲਿਸ ਅਤੇ ਏਜੰਸੀਆਂ ਦੇ ਖੁਫੀਆ ਸੂਚਨਾਵਾਂ ਨੇ ਐਲ.ਓ.ਸੀ. ਦੇ ਪਾਰ ਦਹਿਸ਼ਤਗਰਦਾਂ ਦੀ ਮੌਜੂਦਗੀ ਦਾ ਖੁਲਾਸਾ ਕੀਤਾ ਸੀ। ਇਸ ਤੋਂ ਬਾਅਦ ਚੌਕਸੀ ਵਧਾ ਦਿੱਤੀ ਗਈ। ਜਿਵੇਂ ਹੀ ਦੋਵੇਂ ਦਹਿਸ਼ਤਗਰਦਾਂ ਨੇ ਭਾਰਤੀ ਸਰਹੱਦ 'ਚ ਘੁਸਪੈਠ ਦੀ ਕੋਸ਼ਿਸ਼ ਕੀਤੀ ਤਾਂ ਫੌਜ ਨੇ ਉਨ੍ਹਾਂ ਨਾਲ ਮੁਕਾਬਲਾ ਸ਼ੁਰੂ ਕਰ ਦਿੱਤਾ ਅਤੇ ਦੋਵਾਂ ਨੂੰ ਮਾਰ ਮੁਕਾਇਆ।"
ਭਾਰਤੀ ਫੌਜ ਨੇ ਕਿਹਾ ਕਿ ਦੋਵੇਂ ਦਹਿਸ਼ਤਗਰਦਾਂ ਨੂੰ ਗੋਲੀਆਂ ਮਾਰ ਦਿੱਤੀਆਂ ਗਈਆਂ ਹਨ ਪਰ ਉਨ੍ਹਾਂ ਦੀਆਂ ਲਾਸ਼ਾਂ ਬਰਾਮਦ ਨਹੀਂ ਹੋ ਸਕੀਆਂ। ਅਜਿਹਾ ਇਸ ਲਈ ਕਿਉਂਕਿ ਫੌਜ ਨਾਲ ਮੁਕਾਬਲੇ 'ਚ ਜ਼ਖਮੀ ਹੋਣ ਤੋਂ ਬਾਅਦ ਦੋਵੇਂ ਦਹਿਸ਼੍ਤਗਰਦ ਕੰਟਰੋਲ ਰੇਖਾ ਪਾਰ ਕਰਕੇ ਪਾਕਿਸਤਾਨ ਦੀ ਸਰਹੱਦ 'ਤੇ ਚਲੇ ਗਏ ਸਨ।
ਇਸ ਤੋਂ ਇਲਾਵਾ ਮੁਕਾਬਲੇ ਵਾਲੀ ਥਾਂ ਤੋਂ ਇੱਕ ਏਕੇ-47 ਰਾਈਫ਼ਲ, ਦੋ ਮੈਗਜ਼ੀਨ, 30 ਕਾਰਤੂਸ ਅਤੇ ਪਾਕਿਸਤਾਨ ਵਿੱਚ ਬਣੀਆਂ ਕੁਝ ਦਵਾਈਆਂ ਵੀ ਬਰਾਮਦ ਹੋਈਆਂ ਹਨ।