ਪਾਕਿਸਤਾਨ ਨੇ ਰਚੀ ਸਰਹਾਲੀ ਪੁਲਿਸ ਸਟੇਸ਼ਨ 'ਤੇ RPG ਹਮਲੇ ਦੀ ਸਾਜ਼ਿਸ਼ : ਡੀਜੀਪੀ

By  Ravinder Singh December 10th 2022 02:30 PM -- Updated: December 10th 2022 02:48 PM

ਸਰਹਾਲੀ : ਤਰਨਤਾਰਨ ਜ਼ਿਲ੍ਹੇ ਦੇ ਥਾਣਾ ਸਰਹਾਲੀ ਕਲਾਂ 'ਚ ਲੰਘੀ ਰਾਤ ਹੋਏ ਆਰਪੀਜੇ ਹਮਲੇ (RPG Attack) ਨੂੰ ਲੈ ਕੇ ਡੀਜੀਪੀ ਨੇ ਸਨਸਨੀਖੇਜ ਖ਼ੁਲਾਸੇ ਕੀਤੇ ਹਨ। ਘਟਨਾ ਸਥਾਨ 'ਤੇ ਪੁੱਜੇ ਡੀਜੀਪੀ ਗੌਰਵ ਯਾਦਵ ਨੇ ਪੁਸ਼ਟੀ ਕਰਦਿਆਂ ਕਿਹਾ ਕਿ ਹਮਲਾ 11.22 ਵਜੇ ਹੋਇਆ। ਡੀਜੀਪੀ ਨੇ ਕਿਹਾ ਕਿ ਪਿਛਲੇ 2 ਮਹੀਨਿਆਂ ਤੋਂ ਪਾਕਿਸਤਾਨ ਦੀਆਂ ਡਰੋਨ ਸਰਗਰਮੀਆਂ ਨੂੰ ਨਾਕਾਮ ਕਰਨ ਤੋਂ ਬਾਅਦ ਬੁਖਲਾਹਟ ਵਿਚ ਆਏ ਪਾਕਿਸਤਾਨ ਨੇ ਇਹ ਸਾਜ਼ਿਸ਼ ਰਚੀ ਸੀ। ਡੀਜੀਪੀ ਨੇ ਦੱਸਿਆ ਕਿ ਇਹ ਮਿਲਟਰੀ ਹਥਿਆਰ ਸੀ ਤੇ ਬਾਰਡਰ ਪਾਰੋਂ ਲਿਆਂਦਾ ਗਿਆ ਸੀ।


ਇਸ ਮਾਮਲੇ 'ਚ UAPA ਤਹਿਤ ਪਰਚਾ ਦਰਜ ਕਰ ਲਿਆ ਗਿਆ ਹੈ। ਕੁਝ ਸ਼ੱਕੀਆਂ ਨੂੰ ਹਿਰਾਸਤ ਵਿਚ ਲਿਆ ਗਿਆ ਹੈ ਜਿਨ੍ਹਾਂ ਤੋਂ ਪੁੱਛਗਿੱਛ ਜਾਰੀ ਹੈ। ਹਮਲੇ ਪਿੱਛੇ ਸਿੱਖ ਫਾਰ ਜਸਟਿਸ ਦੇ ਮੁਖੀ ਗਰਪਤਵੰਤ ਸਿੰਘ ਪੰਨੂ ਦੇ ਹੋਣ ਦੀ ਚਰਚਾ ਬਾਰੇ ਪੁੱਛੇ ਸਵਾਲ ਦਾ ਡੀਜੀਪੀ ਨੇ ਕੋਈ ਜਵਾਬ ਨਹੀਂ ਦਿੱਤਾ। ਗੋਲਡੀ ਬਰਾੜ ਦੀ ਗ੍ਰਿਫ਼ਤਾਰੀ ਸਬੰਧੀ ਪੁੱਛੇ ਸਵਾਲ 'ਤੇ ਡੀਜੀਪੀ ਨੇ ਕਿਹਾ ਕਿ ਮੁੱਖ ਮੰਤਰੀ ਇਸ ਦੀ ਪੁਸ਼ਟੀ ਕਰ ਚੁੱਕੇ ਹਨ ਤੇ ਉਹ ਇਸ ਬਾਰੇ ਕੋਈ ਕੁਮੈਂਟ ਨਹੀਂ ਕਰਨਾ ਚਾਹੁੰਦੇ। ਲੋਕਾਂ ਦੀ ਸੁਰੱਖਿਆ ਦੇ ਸਵਾਲ 'ਤੇ ਡੀਜੀਪੀ ਨੇ ਕਿਹਾ ਕਿ ਡਰੋ ਨਾ, ਪੁਲਿਸ ਦਾ ਸਾਥ ਦਿਉ, ਧਮਕੀ ਜਾਂ ਫਿਰੌਤੀ ਭਰੀ ਕੋਈ ਕਾਲ ਆਉਂਦੀ ਹੈ ਤਾਂ ਪੁਲਿਸ ਨੂੰ ਰਿਪੋਰਟ ਕਰੋ ਕਿਉਂਕਿ ਲੋਕਲ ਬਦਮਾਸ਼ ਇਸ ਦਾ ਫਾਇਦਾ ਉਠਾਉਂਦੇ ਹਨ। ਪੰਜਾਬ ਪੁਲਿਸ ਤੁਹਾਡੀ ਮਦਦ ਲਈ ਦਿਨ-ਰਾਤ ਤੁਹਾਡੇ ਨਾਲ ਖੜ੍ਹੀ ਹੈ।

ਇਹ ਵੀ ਪੜ੍ਹੋ : ਕਲਯੁੱਗੀ ਪੁੱਤ ਨੇ ਅਦਾਕਾਰਾ ਵੀਨਾ ਕਪੂਰ ਦੀ ਹੱਤਿਆ ਕਰਕੇ ਲਾਸ਼ ਜੰਗਲ 'ਚ ਸੁੱਟੀ

ਕਾਬਿਲੇਗੌਰ ਹੈ ਕਿ ਤਰਨਤਾਰਨ ਜ਼ਿਲ੍ਹੇ ਦੇ ਥਾਣਾ ਸਰਹਾਲੀ ਕਲਾਂ 'ਤੇ ਰਾਤ ਲਗਭਗ ਸਵਾ 11 ਵਜੇ ਰਾਕੇਟ ਲਾਂਚਰ ਨਾਲ ਜ਼ਬਰਦਸਤ ਹਮਲਾ ਕੀਤਾ ਗਿਆ। ਥਾਣੇ ਦੇ ਮੁੱਖ ਗੇਟ ਨਾਲ ਟਕਰਾਉਣ ਪਿੱਛੋਂ ਇਹ ਲਾਂਚਰ ਸਾਂਝ ਕੇਂਦਰ ਦੇ ਅੰਦਰ ਜਾ ਵੱਜਾ। ਹਾਲਾਂਕਿ ਇਸ ਹਮਲੇ ਨਾਲ  ਜਾਨੀ ਨੁਕਸਾਨ ਹੋਣ  ਤੋਂ ਬਚਾਅ ਹੋ ਗਿਆ ਪਰ ਸਾਂਝ ਕੇਂਦਰ ਤੇ ਥਾਣੇ ਦੀ ਇਮਾਰਤ ਦੇ ਸ਼ੀਸ਼ੇ ਬੁਰੀ ਤਰ੍ਹਾਂ ਟੁੱਟ ਗਏ ਤੇ ਇਮਾਰਤ ਦੀ ਕੰਧ ਵੀ ਬੁਰੀ ਤਰ੍ਹਾਂ ਨੁਕਸਾਨੀ ਹੈ।

ਸਾਂਝ ਕੇਂਦਰ 'ਤੇ ਆਰ.ਪੀ.ਜੀ. ਧਮਾਕੇ ਦੀ ਆਵਾਜ਼ ਸੁਣ ਕੇ ਜਦੋਂ ਸਰਹਾਲੀ ਥਾਣੇ ਦੀ ਪੁਲਿਸ ਬਾਹਰ ਆਈ ਤਾਂ ਹਮਲਾਵਰ ਫ਼ਰਾਰ ਹੋ ਚੁੱਕੇ ਸਨ। ਥਾਣੇ 'ਚ ਰਾਤ ਨੂੰ ਮੁਨਸ਼ੀ, ਡਿਊਟੀ ਅਫ਼ਸਰ ਤੇ ਦੋ ਕਾਂਸਟੇਬਲਾਂ ਤੋਂ ਇਲਾਵਾ ਕੋਈ ਨਹੀਂ ਸੀ। ਆਰਪੀਜੀ ਅੰਦਰ ਡਿੱਗਣ ਕਾਰਨ ਸਾਂਝ ਕੇਂਦਰ ਦੇ ਸ਼ੀਸ਼ੇ ਟੁੱਟ ਗਏ। ਪੁਲਿਸ ਨੇ ਸਾਂਝ ਕੇਂਦਰ ਨੂੰ ਸੀਲ ਕਰ ਦਿੱਤਾ ਹੈ।

Related Post