ਹੁਸ਼ਿਆਰਪੁਰ : ਬੀਤੀ ਰਾਤ ਹੁਸ਼ਿਆਰਪੁਰ ਫਗਵਾੜਾ ਮਾਰਗ ਉਤੇ ਪੈਂਦੇ ਪਿੰਡ ਹਰਖੋਵਾਲ ਵਿਖੇ ਸਥਿਤ ਡੇਰਾ ਸੰਤਗੜ੍ਹ ਹਰਖੋਵਾਲ ਵਿਖੇ ਲੁੱਟਣ ਤੇ ਕਬਜ਼ਾ ਕਰਨ ਦੀ ਨੀਅਤ ਨਾਲ ਕੁਝ ਵਿਅਕਤੀਆਂ ਵੱਲੋਂ ਹਮਲਾ ਕਰ ਗਿਆ ਤੇ ਡੇਰੇ ਵਿਚ ਪਿਆ ਮਹਿੰਗਾ ਤੇ ਕੀਮਤੀ ਸਾਮਾਨ ਵੀ ਲੈ ਗਏ। ਇਥੋਂ ਤੱਕ ਕਿ ਡੇਰੇ ਚ ਲੱਗੇ ਸੀਸੀਟੀਵੀ ਕੈਮਰਿਆਂ ਦੀ ਵੀ ਭੰਨਤੋੜ ਕਰਕੇ ਡੀਵੀਆਰ ਆਪਣੇ ਨਾਲ ਹੀ ਲੈ ਗਏ। ਜਿਵੇਂ ਹੀ ਮੌਕੇ ਉਤੇ ਪੁਲਿਸ ਪੁੱਜੀ ਤਾਂ ਉਕਤ ਵਿਅਕਤੀ ਮੌਕੇ ਤੋਂ ਫ਼ਰਾਰ ਹੋ ਗਏ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਡੇਰਾ ਸੰਤਗੜ੍ਹ ਹਰਖੋਵਾਲ ਦੇ ਸੇਵਾਦਾਰ ਹਰਜਾਪ ਸਿੰਘ ਮੱਖਣ ਨੇ ਦੱਸਿਆ ਕਿ ਗੁਰਪੁਰਬ ਦੇ ਸਬੰਧ ਵਿਚ ਗੁਰਦੁਆਰਾ ਸਾਹਿਬ ਵਿਚ ਵੱਡੀ ਗਿਣਤੀ ਵਿਚ ਸੰਗਤ ਨਤਮਸਤਕ ਹੋਣ ਲਈ ਆਉਂਦੀਆਂ ਹਨ ਤੇ ਬੀਤੀ ਰਾਤ ਕਰੀਬ 2 ਵਜੇ ਵੱਡੀ ਗਿਣਤੀ ਵਿਚ ਵਿਅਕਤੀ ਆਏ ਜਿਨ੍ਹਾਂ ਨੇ ਨਿਹੰਗ ਸਿੰਘਾਂ ਦੇ ਬਾਣੇ ਪਾਏ ਹੋਏ ਸੀ ਤੇ ਗੇਟ ਉਤੇ ਤਾਇਨਾਤ ਸੇਵਾਦਾਰਾਂ ਵੱਲੋਂ ਉਨ੍ਹਾਂ ਨੂੰ ਸੰਗਤਾਂ ਸਮਝ ਕੇ ਅੰਦਰ ਆਉਣ ਦਿੱਤਾ। ਜਿਵੇਂ ਹੀ ਉਕਤ ਵਿਅਕਤੀ ਗੁਰਦੁਆਰਾ ਸਾਹਿਬ ਵਿਚ ਦਾਖ਼ਲ ਹੋਏ ਤਾਂ ਆਉਂਦੇ ਸਾਰ ਹੀ ਉਨ੍ਹਾਂ ਵੱਲੋਂ ਲੁੱਟ ਦੀ ਨੀਅਤ ਨਾਲ ਡੇਰੇ ਵਿਚ ਲੱਗੇ ਸੀਸੀਟੀਵੀ ਕੈਮਰਿਆਂ ਦੀ ਭੰਨਤੋੜ ਕਰਨੀ ਸ਼ੁਰੂ ਕਰ ਦਿੱਤੀ ਗਈ ਤੇ ਗੁਰਦੁਆਰਾ ਸਾਹਿਬ ਵਿਚੋਂ ਕੀਮਤੀ ਸਾਮਾਨ ਲੁੱਟ ਕੇ ਫ਼ਰਾਰ ਹੋ ਗਏ।
ਇਹ ਵੀ ਪੜ੍ਹੋ : ਪਰਾਲੀ ਸਾੜਨ ਦਾ ਸਿਲਸਿਲਾ ਜਾਰੀ, ਸੰਗਰੂਰ 'ਚ ਸਭ ਤੋਂ ਵੱਧ ਆਏ ਕੇਸ
ਉਨ੍ਹਾਂ ਦੱਸਿਆ ਕਿ ਉਕਤ ਵਿਅਕਤੀਆਂ ਵੱਲੋਂ ਡੇਰੇ ਵਿਚ ਹੀ ਮੌਜੂਦ ਸਿੰਘਾਂ ਨਾਲ ਵੀ ਕੁੱਟਮਾਰ ਕੀਤੀ ਗਈ ਤੇ ਸੰਤ ਜੀ ਉਤੇ ਵੀ ਹਮਲਾ ਕੀਤਾ। ਸੂਚਨਾ ਮਿਲਦਿਆਂ ਹੀ ਜਿਵੇਂ ਹੀ ਪੁਲਿਸ ਪ੍ਰਸ਼ਾਸਨ ਮੌਕੇ ਉਤੇ ਪੁੱਜਿਆ ਤਾਂ ਉਕਤ ਵਿਅਕਤੀ ਫ਼ਰਾਰ ਹੋ ਗਏ। ਇਸ ਸਾਰੇ ਮਾਮਲੇ ਸਬੰਧੀ ਜਦੋਂ ਪੁਲਿਸ ਦੇ ਉਚ ਅਧਿਕਾਰੀਆਂ ਨਾਲ ਗੱਲਬਾਤ ਕਰਨੀ ਚਾਹੀ ਤਾਂ ਕੋਈ ਵੀ ਅਧਿਕਾਰੀ ਬੋਲਣ ਨੂੰ ਤਿਆਰ ਨਹੀਂ ਹੈ।