Ram Rahim: ਜੇਲ੍ਹ 'ਚੋਂ ਮੁੜ ਬਾਹਰ ਆਇਆ ਡੇਰਾ ਮੁਖੀ, 50 ਦਿਨਾਂ ਦੀ ਮਿਲੀ ਪੈਰੋਲ
ਪੀਟੀਸੀ ਨਿਊਜ਼ ਡੈਸਕ: ਡੇਰਾ ਮੁਖੀ ਗੁਰਮੀਤ ਰਾਮ ਰਹੀਮ 'ਤੇ ਮੁੜ ਸਰਕਾਰ ਦੀ ਕ੍ਰਿਪਾ ਹੋਈ ਹੈ। ਰਾਮ ਰਹੀਮ ਹੁਣ ਇੱਕ ਵਾਰ ਫਿਰ ਸੁਨਾਰੀਆ ਜੇਲ੍ਹ ਵਿਚੋਂ ਬਾਹਰ ਆ ਗਿਆ ਹੈ। ਡੇਰਾ ਮੁਖੀ ਨੂੰ ਇਸ ਵਾਰ 50 ਦਿਨਾਂ ਦੀ ਪੈਰੋਲ ਮਿਲੀ ਹੈ, ਜੋ ਕਿ 29 ਦਿਨਾਂ ਦੇ ਅੰਦਰ-ਅੰਦਰ ਦੂਜੀ ਵਾਰ ਦਿੱਤੀ ਗਈ ਹੈ। ਰਾਮ ਰਹੀਮ ਸ਼ੁੱਕਰਵਾਰ ਸ਼ਾਮ ਨੂੰ ਜੇਲ੍ਹ ਤੋਂ ਬਾਹਰ ਆ ਗਿਆ।
ਡੇਰਾ ਮੁਖੀ ਨੂੰ ਲੈਣ ਉਸ ਦੀ ਮੂੰਹਬੋਲੀ ਧੀ ਹਨੀਪ੍ਰੀਤ ਵਿਸ਼ੇਸ਼ ਤੌਰ 'ਤੇ ਰੋਹਤਕ ਦੀ ਸੁਨਾਰੀਆ ਜੇਲ੍ਹ ਦੇ ਬਾਹਰ ਪਹੁੰਚੀ, ਜਿਸ ਤੋਂ ਬਾਅਦ ਰਾਮ ਰਹੀਮ ਦੋ ਗੱਡੀਆਂ ਦੇ ਕਾਫਲੇ ਵਿੱਚ ਉਤਰ ਪ੍ਰਦੇਸ਼ ਦੇ ਬਾਗਪਤ 'ਚ ਬਰਨਾਵਾ ਆਸ਼ਰਮ ਲਈ ਰਵਾਨਾ ਹੋ ਗਿਆ।
ਦੱਸ ਦੇਈਏ ਕਿ ਡੇਰਾ ਸੱਚਾ ਸੌਦਾ ਮੁਖੀ ਗੁਰਮੀਤ ਰਾਮ ਰਹੀਮ ਸਿੰਘ ਬਲਾਤਕਾਰ ਅਤੇ ਕਤਲ ਦੇ ਦੋ ਮਾਮਲਿਆਂ 'ਚ 20 ਸਾਲ ਸਜ਼ਾ ਕੱਟ ਰਿਹਾ ਹੈ ਅਤੇ ਇਸ ਵੇਲੇ ਹਰਿਆਣਾ ਦੀ ਸੁਨਾਰੀਆ ਜੇਲ੍ਹ ਵਿੱਚ ਬੰਦ ਹੈ। ਇਸਤੋਂ ਇਲਾਵਾ ਹੁਣ ਤੱਕ ਉਹ ਆਪਣੀ ਸਜ਼ਾ ਦੇ 32 ਮਹੀਨਿਆਂ ਵਿੱਚ 9 ਵਾਰ ਜੇਲ੍ਹ ਵਿਚੋਂ ਪੈਰੋਲ 'ਤੇ ਬਾਹਰ ਆ ਚੁੱਕਿਆ ਹੈ।
ਇਸ ਵਾਰ ਡੇਰਾ ਮੁਖੀ ਨੂੰ ਹਰਿਆਣਾ ਪੁਲਿਸ ਪ੍ਰਸ਼ਾਸਨ ਵੱਲੋਂ 50 ਦਿਨਾਂ ਦੀ ਪੈਰੋਲ ਮਿਲੀ ਹੈ ਅਤੇ ਇਸ ਦੌਰਾਨ ਉਹ ਪਿਛਲੀ ਵਾਰ ਦੀ ਤਰ੍ਹਾਂ ਹੀ ਉਤਰ ਪ੍ਰਦੇਸ਼ ਦੇ ਬਾਗਪਤ ਆਸ਼ਰਮ ਵਿੱਚ ਰਹੇਗਾ। ਦੱਸ ਦੇਈਏ ਕਿ ਹਰਿਆਣਾ ਸਰਕਾਰ ਨੇ ਅਜੇ ਪਿਛਲੇ ਸਾਲ ਨਵੰਬਰ ਮਹੀਨੇ ਵਿੱਚ ਹੀ 21 ਦਿਨਾਂ ਦੀ ਪੈਰੋਲ ਦਿੱਤੀ ਸੀ ਅਤੇ ਉਹ 21 ਦਸੰਬਰ ਨੂੰ ਰੋਹਤਮ ਜੇਲ੍ਹ ਪਹੁੰਚਿਆ ਸੀ।
2020 'ਚ ਮਿਲੀ ਸੀ ਪਹਿਲੀ ਵਾਰ ਪੈਰੋਲ
ਯਾਦ ਰਹੇ ਕਿ ਡੇਰਾ ਮੁਖੀ ਨੂੰ ਪਹਿਲੀ ਵਾਰ ਪੈਰੋਲ ਇੱਕ ਦਿਨ ਦੀ ਪੈਰੋਲ ਸਾਲ 2020 ਵਿੱਚ ਮਿਲੀ ਸੀ, ਜਿਸ ਨੂੰ ਬਹੁਤ ਹੀ ਗੁਪਤ ਰੱਖਿਆ ਗਿਆ ਸੀ। ਇਸ ਦੌਰਾਨ ਉਸ ਨੂੰ ਸਖਤ ਸੁਰੱਖਿਆ ਹੇਠ ਜੇਲ੍ਹ ਤੋਂ ਲਿਆਂਦਾ ਗਿਆ ਸੀ। ਉਦੋਂ ਰਾਮ ਰਹੀਮ ਆਪਣੀ ਬਿਮਾਰ ਮਾਂ ਨੂੰ ਮਿਲਣ ਲਈ ਪੈਰੋਲ 'ਤੇ ਆਇਆ ਸੀ। ਪਰ ਇਸ ਪਿੱਛੋਂ ਉਸ ਨੂੰ ਲਗਾਤਾਰ ਪੈਰੋਲ ਮਿਲਣ ਦਾ ਸਿਲਸਿਲਾ ਸ਼ੁਰੂ ਹੋ ਗਿਆ ਅਤੇ ਹੁਣ ਤੱਕ 8 ਵਾਰ ਜੇਲ੍ਹ ਵਿਚੋਂ ਬਾਹਰ ਆਇਆ ਹੈ, ਜਦਕਿ ਇਸ ਵਾਰ 50 ਦਿਨਾਂ ਦੀ ਪੈਰੋਲ ਹਰਿਆਣਾ ਸਰਕਾਰ ਤੇ ਪੁਲਿਸ ਪ੍ਰਸ਼ਾਸਨ ਨੇ ਦਿੱਤੀ ਹੈ।
ਦੂਜੀ ਵਾਰ 21 ਮਈ 2021 ਨੂੰ ਉਸ ਨੂੰ ਆਪਣੀ ਬਿਮਾਰ ਮਾਂ ਨੂੰ ਮਿਲਣ ਲਈ ਇਕ ਦਿਨ ਦੀ ਪੈਰੋਲ ਦਿੱਤੀ ਗਈ ਸੀ। ਤੀਜੀ ਵਾਰ, ਉਸ ਨੂੰ 7 ਫਰਵਰੀ 2022 ਨੂੰ 21 ਦਿਨਾਂ ਲਈ ਪੈਰੋਲ ਦਿੱਤੀ ਗਈ ਸੀ, ਅਤੇ ਚੌਥੀ ਵਾਰ, ਉਸ ਨੂੰ ਜੂਨ 2022 ਨੂੰ ਇੱਕ ਮਹੀਨੇ ਲਈ ਪੈਰੋਲ ਦਿੱਤੀ ਗਈ ਸੀ।
ਇਸੇ ਤਰ੍ਹਾਂ ਪੰਜਵੀਂ ਵਾਰ ਅਕਤੂਬਰ 2022 ਨੂੰ 40 ਦਿਨਾਂ ਦੀ ਪੈਰੋਲ, ਛੇਵੀਂ ਵਾਰ 21 ਜਨਵਰੀ 2023 ਨੂੰ 40 ਦਿਨਾਂ ਦੀ ਪੈਰੋਲ, ਸੱਤਵੀਂ ਵਾਰ 20 ਜੁਲਾਈ 2023 ਨੂੰ 30 ਦਿਨਾਂ ਦੀ ਪੈਰੋਲ, ਫਿਰ ਅੱਠਵੀਂ ਵਾਰ | ਨਵੰਬਰ 2023 ਵਿੱਚ, ਅਤੇ ਹੁਣ 19 ਜਨਵਰੀ, 2024 ਨੂੰ ਨੌਵੀਂ ਵਾਰ ਰਹੀਮ ਨੂੰ ਪੈਰੋਲ ਦਿੱਤੀ ਗਈ ਹੈ, ਜਿਸ ਨੂੰ ਲੈ ਕੇ ਪੈਰੋਲ 'ਤੇ ਹਰਿਆਣਾ ਸਰਕਾਰ ਦੀ ਕਾਰਜਪ੍ਰਣਾਲੀ 'ਤੇ ਵੀ ਸਵਾਲ ਉੱਠ ਰਹੇ ਹਨ।