ਬੇਅਦਬੀ ਮਾਮਲਾ : ਪੰਜਾਬ ਤੋਂ ਬਾਹਰ ਕੇਸ ਲਿਜਾਣ ਲਈ ਸੁਪਰੀਮ ਕੋਰਟ ਪੁੱਜੇ ਡੇਰਾ ਪ੍ਰੇਮੀ

By  Pardeep Singh January 22nd 2023 11:00 AM -- Updated: January 22nd 2023 11:01 AM

ਫਰੀਦਕੋਟ : ਫਰੀਦਕੋਟ ਦੇ ਚੀਫ ਜੂਡੀਸ਼ਲ ਮੈਜਿਸਟ੍ਰੇਟ ਦੀ ਅਦਾਲਤ ਵਿੱਚ ਬੇਅਦਬੀ ਮਾਮਲੇ ਨਾਲ ਜੁੜੇ ਤਿੰਨ ਫੌਜਦਾਰੀ ਕੇਸਾਂ ਨੂੰ ਪੰਜਾਬ ਤੋਂ ਬਾਹਰ ਲਿਜਾਣ ਲਈ ਡੇਰਾ ਪ੍ਰੇਮੀਆਂ ਨੇ ਸੁਪਰੀਮ ਕੋਰਟ ਤੱਕ ਪਹੁੰਚ ਕੀਤੀ ਹੈ। ਡੇਰਾ ਸਿਰਸਾ ਦੇ ਮੁਖੀ ਗੁਰਮੀਤ ਰਾਮ ਰਹੀਮ ਅਤੇ ਪੰਜ ਹੋਰ ਡੇਰਾ ਪ੍ਰੇਮੀਆਂ ਨੇ ਸੁਪਰੀਮ ਕੋਰਟ ਵਿੱਚ ਅਰਜ਼ੀ ਦਾਇਰ ਕਰ ਕੇ ਕਿਹਾ ਕਿ ਪੰਜਾਬ ਵਿੱਚ ਉਨ੍ਹਾਂ ਦੀ ਜਾਨ ਨੂੰ ਖਤਰਾ ਹੈ ਅਤੇ ਪੰਜਾਬ ਦੀਆਂ ਅਦਾਲਤਾਂ ਵਿੱਚ ਡੇਰਾ ਪ੍ਰੇਮੀ ਆਜ਼ਾਦ ਤਰੀਕੇ ਨਾਲ ਆਪਣਾ ਕੇਸ ਨਹੀਂ ਲੜ ਸਕਦੇ।

ਪਟੀਸ਼ਨ ਵਿੱਚ ਜਾਨ ਨੂੰ ਦੱਸਿਆ ਖਤਰਾ

ਡੇਰਾ ਪ੍ਰੇਮੀਆਂ ਵੱਲੋਂ ਸੁਪਰੀਮ ਕੋਰਟ ਵਿੱਚ ਦਾਇਰ ਪਟੀਸ਼ਨ ਵਿੱਚ ਕਿਹਾ ਗਿਆ ਹੈ ਕਿ ਬੇਅਦਬੀ ਕਾਂਡ ਵਿੱਚ ਨਾਮਜ਼ਦ ਮੁਲਜ਼ਮ ਮਹਿੰਦਰਪਾਲ ਬਿੱਟੂ ਦਾ ਅਦਾਲਤੀ ਹਿਰਾਸਤ ਦੌਰਾਨ ਜੇਲ੍ਹ ਵਿੱਚ ਕਤਲ ਹੋ ਚੁੱਕਾ ਹੈ ਅਤੇ ਪ੍ਰਦੀਪ ਸਿੰਘ ਦਾ ਦੋ ਮਹੀਨੇ ਪਹਿਲਾਂ ਕੋਟਕਪੂਰਾ ਵਿੱਚ ਉਸ ਦੀ ਦੁਕਾਨ ਉਤੇ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ। ਇਨ੍ਹਾਂ ਘਟਨਾਵਾਂ ਨੂੰ ਆਧਾਰ ਬਣਾ ਕੇ ਬਾਕੀ ਮੁਲਜ਼ਮਾਂ ਦੀ ਵੀ ਜਾਨ ਨੂੰ ਖਤਰਾ ਦੱਸਿਆ ਜਾ ਰਿਹਾ ਹੈ। ਸੁਪਰੀਮ ਕੋਰਟ ਵਿੱਚ ਡੇਰਾ ਪ੍ਰੇਮੀਆਂ ਦੀ ਇਸ ਪਟੀਸ਼ਨ ਉਤੇ 30 ਜਨਵਰੀ ਨੂੰ ਸੁਣਵਾਈ ਹੋਣ ਦੀ ਸੰਭਾਵਨਾ ਹੈ।

ਫਰੀਦਕੋਟ ਅਦਾਲਤ ਨਹੀਂ ਪੇਸ਼ ਹੋਏ ਡੇਰਾ ਪ੍ਰੇਮੀ 

ਡੇਰਾ ਪ੍ਰੇਮੀ ਖੁਦ ਦੀ ਸੁਰੱਖਿਆ ਨੂੰ ਖਤਰਾ ਦੱਸਦਿਆਂ ਅਦਾਲਤ ਵਿੱਚ ਪੇਸ਼ ਨਹੀਂ ਹੋਏ। ਇਸ ਦਰਮਿਆਨ ਵਿਸ਼ੇਸ਼ ਜਾਂਚ ਟੀਮ ਨੇ 600 ਪੰਨਿਆਂ ਦੇ ਦਸਤਾਵੇਜ਼ ਡੇਰਾ ਪ੍ਰੇਮੀਆਂ ਦੇ ਵਕੀਲਾਂ ਨੂੰ ਮੁਹੱਈਆ ਕਰਵਾ ਦਿੱਤੇ ਹਨ। ਡੇਰਾ ਪ੍ਰੇਮੀਆਂ ਨੇ ਬੇਅਦਬੀ ਨਾਲ ਜੁੜੇ ਕੇਸਾਂ ਦੇ ਸਾਰੇ ਦਸਤਾਵੇਜ਼ ਜਾਂਚ ਟੀਮ ਪਾਸੋਂ ਮੰਗੇ ਸਨ ਜੋ ਚਲਾਨ ਨਾਲ ਅਦਾਲਤ ਵਿੱਚ ਪੇਸ਼ ਕੀਤੇ ਗਏ ਹਨ। 


Related Post