ਸੰਘਣੀ ਧੁੰਦ ਤੇ ਹੱਡ ਚੀਰਵੀਂ ਠੰਢ ਕਾਰਨ ਜਨਜੀਵਨ ਹੋਇਆ ਪ੍ਰਭਾਵਿਤ
ਚੰਡੀਗੜ੍ਹ : ਅੱਜ ਸਵੇਰੇ ਪੰਜਾਬ ਵਿਚ ਹੱਡ ਚੀਰਵੀਂ ਠੰਢ ਤੇ ਸੰਘਣੀ ਧੁੰਦ ਕਾਰਨ ਜਨਜੀਵਨ ਕਾਫੀ ਪ੍ਰਭਾਵਿਤ ਰਿਹਾ ਹੈ। ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਵਿਚ ਸਵੇਰ ਸਮੇਂ ਸੰਘਣੀ ਧੁੰਦ ਦੀ ਚਾਦਰ ਕਾਰਨ ਆਵਾਜਾਈ ਦੀ ਰਫ਼ਤਾਰ ਬਿਲਕੁਲ ਰੁਕ ਗਈ। ਇਸ ਤੋਂ ਇਲਾਵਾ ਰੇਲ ਆਵਾਜਾਈ ਉਤੇ ਵੀ ਕਾਫੀ ਪ੍ਰਭਾਵ ਪਿਆ। ਬਹੁਤ ਸਾਰੀਆਂ ਰੇਲਗੱਡੀਆਂ ਧੁੰਦ ਕਾਰਨ ਆਪਣੇ ਨਿਰਧਾਰਿਤ ਸਮੇਂ ਤੋਂ ਦੇਰੀ ਨਾਲ ਚੱਲ ਰਹੀਆਂ ਹਨ।
ਹਾਈਵੇ ਉਤੇ ਵਾਹਨ ਚਾਲਕ ਲਾਈਟ ਜਗਾ ਕੇ ਆਪਣੀ ਮੰਜ਼ਿਲ ਵੱਲ ਵਧਦੇ ਦੇਖੇ ਗਏ। ਵਿਜ਼ਿਬਿਲਟੀ ਘੱਟ ਹੋਣ ਕਾਰਨ ਲੋਕਾਂ ਨੂੰ ਕਾਫੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਵਾਹਨਾਂ ਉਤੇ ਜਾ ਰਹੇ ਲੋਕ ਬੁਰੀ ਤਰ੍ਹਾਂ ਕੰਬਦੇ ਦੇਖੇ ਜਾ ਸਕਦੇ ਹਨ।
ਇਸ ਤੋਂ ਇਲਾਵਾ ਕਈ ਥਾਈਂ ਲੋਕ ਅੱਗ ਬਾਲ ਕੇ ਹੱਡ ਚੀਰਵੀਂ ਠੰਢ ਤੋਂ ਨਿਜਾਤ ਪਾਉਣ ਦੀ ਕੋਸ਼ਿਸ਼ ਕਰਦੇ ਵੀ ਦੇਖੇ ਗਏ। ਮੌਸਮ ਵਿਭਾਗ ਅਨੁਸਾਰ ਪੰਜਾਬ ਦੇ ਅੱਠ ਸ਼ਹਿਰ ਸ਼ਿਮਲੇ ਨਾਲੋਂ ਵੀ ਵੱਧ ਠਰੇ ਹੋਏ ਹਨ। ਸ਼ਿਮਲਾ 'ਚ ਵੀਰਵਾਰ ਨੂੰ ਵੱਧ ਤੋਂ ਵੱਧ ਤਾਪਮਾਨ 15.7 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਜਦਕਿ ਪਟਿਆਲਾ ਦਾ ਵੱਧ ਤੋਂ ਵੱਧ ਤਾਪਮਾਨ 11 ਡਿਗਰੀ ਸੈਲਸੀਅਸ, ਅੰਮ੍ਰਿਤਸਰ ਦਾ 13.0, ਬਠਿੰਡਾ 14.2, ਜਲੰਧਰ 12.3, ਪਠਾਨਕੋਟ 12.0, ਲੁਧਿਆਣਾ 11.6, ਫਿਰੋਜ਼ਪੁਰ 14.2 ਅਤੇ ਗੁਰਦਾਸਪੁਰ ਦਾ 14.0 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ।
ਮੈਦਾਨੀ ਇਲਾਕਿਆਂ 'ਚ ਠੰਢ ਦਾ ਇਹ ਹਾਲ ਹੈ ਕਿ ਕਈ ਸ਼ਹਿਰਾਂ ਦਾ ਤਾਪਮਾਨ ਹਿਮਾਚਲ ਦੇ ਮਨਾਲੀ, ਸੋਲਨ ਅਤੇ ਡਲਹੌਜ਼ੀ ਤੋਂ ਹੇਠਾਂ ਚੱਲ ਰਿਹਾ ਹੈ। ਮੌਸਮ ਵਿਭਾਗ ਨੇ 8 ਜਨਵਰੀ ਤੱਕ ਪੰਜਾਬ ਵਿੱਚ ਸੰਘਣੀ ਧੁੰਦ ਪੈਣ ਤੇ ਸੀਤ ਲਹਿਰ ਚੱਲਣ ਦੀ ਪੇਸ਼ੀਨਗੋਈ ਕੀਤੀ ਹੈ।ਮੌਸਮ ਵਿਭਾਗ ਨੇ ਅਗਲੇ ਤਿੰਨ ਦਿਨਾਂ ਲਈ ਪੰਜਾਬ ਵਿੱਚ ਯੈਲੋ ਅਲਰਟ ਜਾਰੀ ਕੀਤਾ ਹੈ।
ਇਹ ਵੀ ਪੜ੍ਹੋ: CAG ਨੇ ਪੰਜਾਬ ਸਰਕਾਰ ਦੇ ਦਾਅਵਿਆਂ ਦੀ ਖੋਲ੍ਹੀ ਪੋਲ, ਜ਼ਮੀਨੀ ਆਮਦਨ ’ਚ 22 ਫੀਸਦ ਦੀ ਕਮੀ
ਪੂਰੇ ਸੂਬੇ 'ਚ ਗੁਰਦਾਸਪੁਰ ਸਭ ਤੋਂ ਠੰਢਾ ਰਿਹਾ। ਜ਼ਿਲ੍ਹੇ ਦਾ ਘੱਟੋ-ਘੱਟ ਤਾਪਮਾਨ 2.2 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਦੂਜੇ ਪਾਸੇ ਇਸ ਦੌਰਾਨ ਸ਼ਿਮਲਾ ਦਾ ਘੱਟੋ-ਘੱਟ ਤਾਪਮਾਨ 3.7 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ ਹੈ। ਸੂਬੇ ਦੇ ਹੋਰ ਸਥਾਨਾਂ 'ਤੇ ਬਠਿੰਡਾ 'ਚ ਘੱਟੋ-ਘੱਟ ਤਾਪਮਾਨ 3 ਡਿਗਰੀ ਸੈਲਸੀਅਸ, ਲੁਧਿਆਣਾ 'ਚ 5.7, ਪਟਿਆਲਾ 'ਚ 5, ਅੰਮ੍ਰਿਤਸਰ 'ਚ 5.5 ਜਦਕਿ ਮੋਹਾਲੀ 'ਚ 6 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਇਸ ਦੇ ਨਾਲ ਹੀ ਚੰਡੀਗੜ੍ਹ ਵਿੱਚ ਰਾਤ ਦਾ ਤਾਪਮਾਨ 5.1 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ।