ਡੇਂਗੂ ਦੇ ਮਾਮਲੇ ਇਸ ਸਾਲ ਮੁਕਾਬਲਤਨ 60 ਫ਼ੀਸਦੀ ਘੱਟ : ਸਿਵਲ ਸਰਜਨ

By  Pardeep Singh November 1st 2022 07:42 PM

ਐਸ.ਏ.ਐਸ.ਨਗਰ :  ਲੋਕਾਂ ਨੂੰ ਡੇਂਗੂ ਦੇ ਵੱਧ ਰਹੇ ਕੇਸਾਂ ਕਾਰਨ ਘਬਰਾਹਟ ਵਿਚ ਨਾ ਆਉਣ ਦੀ ਅਪੀਲ ਕਰਦਿਆਂ ਸਿਵਲ ਸਰਜਨ ਡਾ. ਆਦਰਸ਼ਪਾਲ ਕੌਰ ਅਤੇ ਜ਼ਿਲ੍ਹਾ ਐਪੀਡੀਮੋਲੋਜਿਸਟ ਡਾ. ਸ਼ਲਿੰਦਰ ਕੌਰ ਨੇ ਦੱਸਿਆ ਕਿ ਜ਼ਿਲ੍ਹੇ ਵਿਚ ਪਿਛਲੇ ਸਾਲ ਮੁਕਾਬਲੇ ਇਸ ਸਾਲ ਹੁਣ ਤਕ ਡੇਂਗੂ ਕੇਸਾਂ ਵਿਚ ਲਗਭਗ 60 ਫ਼ੀਸਦੀ ਦੀ ਕਮੀ ਹੈ। ਵੇਰਵੇ ਸਾਂਝੇ ਕਰਦਿਆਂ ਸੀਨੀਅਰ ਸਿਹਤ ਅਧਿਕਾਰੀਆਂ ਨੇ ਦਸਿਆ ਕਿ ਪਿਛਲੇ ਸਾਲ 1 ਜਨਵਰੀ ਤੋਂ 31 ਅਕਤੂਬਰ ਤਕ ਡੇਂਗੂ ਦੇ 2631 ਮਾਮਲੇ ਦਰਜ ਕੀਤੇ ਗਏ ਸਨ ਜਦਕਿ ਇਸ ਸਾਲ 1 ਜਨਵਰੀ ਤੋਂ 31 ਅਕਤੂਬਰ ਤਕ 1071 ਮਾਮਲੇ ਦਰਜ ਹੋਏ ਹਨ।           


ਸਿਵਲ ਸਰਜਨ ਨੇ ਅੱਗੇ ਦਸਿਆ ਕਿ ਪਿਛਲੇ ਸਾਲ ਇਕੱਲੇ ਅਕਤੂਬਰ ਮਹੀਨੇ ਵਿਚ 2260 ਮਾਮਲੇ ਦਰਜ ਕੀਤੇ ਗਏ ਸਨ ਜਦਕਿ ਇਸ ਸਾਲ ਇਕੱਲੇ ਅਕਤੂਬਰ ਮਹੀਨੇ ਵਿਚ 551 ਮਾਮਲੇ ਦਰਜ ਹੋਏ ਹਨ। ਜੇ ਡੇਂਗੂ ਮਾਮਲਿਆਂ ਦੇ ਅਕਤੂਬਰ ਮਹੀਨੇ ਦੇ ਹਫ਼ਤਾਵਾਰੀ ਰੁਝਾਨ ਦੀ ਗੱਲ ਕੀਤੀ ਜਾਵੇ ਤਾਂ ਪਹਿਲੇ ਹਫ਼ਤੇ ਵਿਚ ਜ਼ਿਲ੍ਹੇ ਵਿਚ ਕੁਲ 111 ਮਾਮਲੇ ਦਰਜ ਕੀਤੇ ਗਏੇ। ਦੂਜੇ ਹਫ਼ਤੇ 144, ਤੀਜੇ ਹਫ਼ਤੇ 180 ਅਤੇ ਚੌਥੇ ਹਫ਼ਤੇ 52 ਮਾਮਲੇ ਦਰਜ ਕੀਤੇ ਗਏ ਹਨ ਜਿਸ ਤੋਂ ਪਤਾ ਲਗਦਾ ਹੈ ਕਿ ਪਹਿਲਾਂ ਮੁਕਾਬਲੇ ਡੇਂਗੂ ਕੇਸਾਂ ਦਾ ਰੁਝਾਨ ਘੱਟ ਰਿਹਾ ਹੈ। ਉਨ੍ਹਾਂ ਇਹ ਵੀ ਕਿਹਾ ਕਿ ਕੇਸ ਘੱਟ ਹੋਣ ਦੀ ਜਾਣਕਾਰੀ ਸਾਂਝੀ ਕਰਨ ਦਾ ਇਹ ਅਰਥ ਨਾ ਲਿਆ ਜਾਵੇ ਕਿ ਸਾਵਧਾਨੀਆਂ ਵਰਤਣੀਆਂ ਛੱਡ ਦਿਤੀਆਂ ਜਾਣ ਸਗੋਂ ਇਸ ਮਾਰੂ ਬੀਮਾਰੀ ਤੋਂ ਬਚਾਅ ਲਈ ਕਿਤੇ ਵੀ ਪਾਣੀ ਇਕੱਠਾ ਨਾ ਹੋਣ ਦਿਤਾ ਜਾਵੇ ਅਤੇ ਹੋਰ ਸਾਵਧਾਨੀਆਂ ਵੀ ਵਰਤੀਆਂ ਜਾਣ।

ਜ਼ਿਕਰਯੋਗ ਹੈ ਕਿ ਸਿਹਤ ਵਿਭਾਗ ਦੀਆਂ ਡੇਂਗੂ ਵਿਰੋਧੀ ਟੀਮਾਂ ਜਿਨ੍ਹਾਂ ਵਿਚ ਬਰੀਡਿੰਗ ਚੈਕਰ, ਮਲਟੀ-ਪਰਪਜ਼ ਹੈਲਥ ਵਰਕਰ ਅਤੇ ਹੈਲਥ ਸੁਪਰਵਾਈਜ਼ਰ ਸ਼ਾਮਲ ਹਨ, ਮਾਰਚ ਮਹੀਨੇ ਤੋਂ ਜਾਂਚ, ਜਾਗਰੂਕਤਾ ਅਤੇ ਸਪਰੇਅ ਦਾ ਕੰਮ ਲਗਾਤਾਰ ਕਰ ਰਹੀਆਂ ਹਨ। ਟੀਮਾਂ ਨੇ ਹੁਣ ਤਕ ਜ਼ਿਲ੍ਹੇ ਦੇ ਲਗਭਗ 3,65,956 ਘਰਾਂ ਵਿਚ ਜਾ ਕੇ ਜਾਂਚ ਕੀਤੀ ਹੈ ਅਤੇ 11950 ਘਰਾਂ ਵਿਚੋਂ ਡੇਂਗੂ ਦਾ ਲਾਰਵਾ ਮਿਲਿਆ ਹੈ। ਕੁਲ 1923 ਚਾਲਾਨ ਕੀਤੇ ਗਏ ਹਨ। ਲੋਕਾਂ ਨੂੰ ਚੇਤਾਵਨੀ ਦੇਣ ਦੇ ਨਾਲ-ਨਾਲ ਡੇਂਗੂ, ਚਿਕਨਗੁਨੀਆ ਤੇ ਹੋਰ ਬੀਮਾਰੀਆਂ ਦੇ ਲੱਛਣਾਂ, ਕਾਰਨਾਂ, ਬਚਾਅ ਅਤੇ ਇਲਾਜ ਬਾਰੇ ਵੀ ਜਾਣਕਾਰੀ ਦਿਤੀ ਜਾ ਰਹੀ ਹੈ।

ਜ਼ਿਲ੍ਹਾ ਐਪੀਡੀਮੋਲੋਜਿਸਟ ਡਾ. ਸ਼ਲਿੰਦਰ ਕੌਰ ਨੇ ਜ਼ਿਲ੍ਹਾ ਵਾਸੀਆਂ ਨੂੰ ਕਿਹਾ ਕਿ ਡੇਂਗੂ ਤੋਂ ਬਚਾਅ ਲਈ ਨਵੰਬਰ ਅਤੇ ਦਸੰਬਰ ਮਹੀਨੇ ਦੌਰਾਨ ਵੀ ਸਾਵਧਾਨੀ ਅਤੇ ਚੌਕਸੀ ਦੀ ਲੋੜ ਹੈ।  ਉਨ੍ਹਾਂ ਕਿਹਾ ਕਿ ਜੇ ਡੇਂਗੂ ਬੁਖ਼ਾਰ ਹੋਣ ਦਾ ਸ਼ੱਕ ਪੈਂਦਾ ਹੈ ਤਾਂ ਤੁਰੰਤ ਨਜ਼ਦੀਕੀ ਹਸਪਤਾਲ ਵਿਚ ਜਾ ਕੇ ਜਾਂਚ ਕਰਵਾਈ ਜਾਵੇ। ਸਰਕਾਰੀ ਹਸਪਤਾਲਾਂ ਵਿਚ ਡੇਂਗੂ ਦੀ ਜਾਂਚ ਅਤੇ ਇਲਾਜ ਬਿਲਕੁਲ ਮੁਫ਼ਤ ਹੈ। ਉਨ੍ਹਾਂ ਕਿਹਾ ਕਿ ਜੇ ਲੋਕ ਅਪਣੇ ਘਰ ਅਤੇ ਆਲੇ-ਦੁਆਲੇ ਪਾਣੀ ਖੜਾ ਨਾ ਹੋਣ ਦੇਣ ਤਾਂ ਇਹ ਮੱਛਰ ਪੈਦਾ ਹੀ ਨਹੀਂ ਹੋਵੇਗਾ। ਸਿਹਤ ਵਿਭਾਗ ਦੇ ਹੈਲਪਲਾਈਨ ਨੰਬਰ 104 ’ਤੇ ਫ਼ੋਨ ਕਰ ਕੇ ਵੀ ਜਾਣਕਾਰੀ ਲਈ ਜਾ ਸਕਦੀ ਹੈ।

ਡੇਂਗੂ ਇਕ ਬੁਖ਼ਾਰ ਹੈ ਜੋ ਏਡੀਜ਼ ਅਜਿਪਟੀ ਨਾਮ ਦੇ ਮੱਛਰ ਦੇ ਕੱਟਣ ਨਾਲ ਹੁੰਦਾ ਹੈ। ਡੇਂਗੂ ਦੇ ਆਮ ਲੱਛਣਾਂ ਵਿਚ ਤੇਜ਼ ਸਿਰਦਰਦ ਅਤੇ ਤੇਜ਼ ਬੁਖ਼ਾਰ, ਮਾਸਪੇਸ਼ੀਆਂ ਅਤੇ ਜੋੜਾਂ ਵਿਚ ਦਰਦ, ਅੱਖ ਦੇ ਪਿਛਲੇ ਹਿੱਸੇ ਵਿਚ ਦਰਦ, ਹਾਲਤ ਖ਼ਰਾਬ ਹੋਣ ’ਤੇ ਨੱਕ, ਮੂੰਹ ਅਤੇ ਮਸੂੜਿਆਂ ਵਿਚੋਂ ਖ਼ੂਨ ਵਗਣਾ, ਜੀ ਕੱਚਾ ਹੋਣਾ ਅਤੇ ਉਲਟੀਆਂ ਆਉਣਾ ਆਦਿ ਸ਼ਾਮਲ ਹਨ। ਡੇਂਗੂ ਫੈਲਾਉਣ ਵਾਲੇ ਮੱਛਰ ਖੜੇ ਸਾਫ਼ ਪਾਣੀ ਵਿਚ ਪਲਦੇ ਹਨ ਜਿਵੇਂ ਕੂਲਰਾਂ ਵਿਚ, ਪਾਣੀ ਦੀਆਂ ਟੈਕੀਆਂ ਵਿਚ, ਫੁੱਲਾਂ ਦੇ ਗਮਲਿਆਂ ਵਿਚ, ਫ਼ਰਿੱਜਾਂ ਪਿੱਛੇ ਲੱਗੀ ਟਰੇਅ ਵਿਚ, ਟੁੱਟੇ-ਭੱਜੇ/ਸੁੱਟੇ ਭਾਂਡਿਆਂ ਅਤੇ ਟਾਇਰਾਂ ਆਦਿ ਵਿਚ।

ਇਹ ਵੀ ਪੜ੍ਹੋ : ਖੇਤੀ ਅਧਿਕਾਰੀਆਂ ਨੂੰ ਬਿਨਾਂ ਕਿਸੇ ਦੋਸ਼ ਦੇ ਮੁਅਤੱਲ ਕਰਨ 'ਤੇ ਮੁੱਖ ਮੰਤਰੀ ਦੇ ਨਾਂ ਮੰਗ ਪੱਤਰ



Related Post