ਚੋਲਾਂਗ ਟੋਲ ਪਲਾਜ਼ਾ ਦੇ ਮੁਲਾਜ਼ਮਾਂ ਵੱਲੋਂ ਕਾਲੇ ਝੰਡੇ ਲੈ ਕੇ ਸ਼ਾਤਮਈ ਪ੍ਰਦਰਸ਼ਨ
ਹੁਸ਼ਿਆਰਪੁਰ: ਹੁਸ਼ਿਆਰਪੁਰ ਦੇ ਟਾਂਡਾ ਦੇ ਚੋਲਾਂਗ ਟੋਲ ਪਲਾਜ਼ਾ 'ਤੇ ਕਿਸਾਨ ਹੜਤਾਲ ਦੇ ਦੂਜੇ ਦਿਨ ਵੀ ਟੋਲ ਮੁਲਾਜ਼ਮਾਂ ਨੇ ਕਾਲੇ ਝੰਡੇ ਲਹਿਰਾ ਕੇ ਸ਼ਾਂਤਮਈ ਢੰਗ ਨਾਲ ਰੋਸ ਪ੍ਰਦਰਸ਼ਨ ਕੀਤਾ। ਟੋਲ ਮੁਲਾਜ਼ਮਾਂ ਦਾ ਕਹਿਣਾ ਹੈ ਕਿ ਅਸੀਂ ਟੋਲ ਪਲਾਜ਼ਾ ਉੱਤੇ ਕੰਮ ਕਰਦੇ ਹਾਂ ਅਤੇ ਇਹੀ ਸਾਡੇ ਗੁਜ਼ਾਰੇ ਦਾ ਸਾਧਨ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਜੇਕਰ ਟੋਲ ਪਲਾਜ਼ਾ ਬੰਦ ਹੋਵੇਗਾ ਤਾਂ ਸਾਨੂੰ ਤਨਖਾਹ ਕਿੱਥੋ ਮਿਲੇਗੀ।
ਟੋਲ ਮੁਲਾਜ਼ਮਾਂ ਦਾ ਕਹਿਣਾ ਹੈ ਕਿ ਇੰਨ੍ਹਾਂ ਤਨਖ਼ਾਹਾਂ ਨਾਲ ਹੀ ਸਾਡੇ ਘਰਾਂ ਦਾ ਖਰਚਾ ਚੱਲਦਾ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਜੇਕਰ ਬੰਦ ਹੋ ਗਏ ਤਾਂ ਪਰਿਵਾਰ ਭੁੱਖੇ ਮਰ ਜਾਣਗੇ।
ਉਧਰ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਪ੍ਰਧਾਨ ਸੁਰਿੰਦਰ ਸਿੰਘ ਚੌਟਾਲਾ ਦਾ ਕਹਿਣਾ ਹੈ ਕਿ ਅਸੀਂ ਪੰਜਾਬ ਸਰਕਾਰ ਤੋਂ ਮੰਗ ਕਰਦੇ ਹਾਂ ਕਿ ਟੋਲ ਪਲਾਜ਼ਾ ਦਾ ਸਰਕਾਰੀਕਰਨ ਕੀਤਾ ਜਾਵੇ ਅਤੇ ਮੁਲਾਜ਼ਮਾਂ ਨੂੰ ਪੱਕਾ ਕੀਤਾ ਜਾਵੇ। ਉਨ੍ਹਾਂ ਦਾ ਕਹਿਣਾ ਹੈ ਕਿ ਆਪਣੀਆਂ ਮੰਗਾਂ ਨੂੰ ਲੈ ਕੇ 15 ਜਨਵਰੀ ਤੱਕ ਟੋਲ ਪਲਾਜ਼ਾ 'ਤੇ ਧਰਨਾ ਦੇਵਾਂਗੇ।
ਦੱਸ ਦੇਈਏ ਕਿ ਬੀਤੇ ਦਿਨ ਕਿਸਾਨ ਤੇ ਟੋਲ ਮੁਲਾਜ਼ਮਾਂ ਨੇ ਨਾਅਰੇਬਾਜ਼ੀ ਸ਼ੁਰੂ ਕਰ ਦਿੱਤੀ। ਇਸ ਮੌਕੇ ਕਿਸਾਨਾਂ ਤੇ ਟੋਲ ਮੁਲਾਜ਼ਮਾਂ ਵਿਚਾਲੇ ਜ਼ਬਰਦਸਤ ਝੜਪ ਹੋ ਗਈ। ਸਥਿਤੀ ਨੂੰ ਕਾਬੂ ਕਰਨ ਲਈ ਪੁਲਿਸ ਨੇ ਲਾਠੀਚਾਰਜ ਵੀ ਕੀਤਾ ਗਿਆ ਸੀ। ਟੋਲ ਪਲਾਜ਼ਾ ਉਤੇ ਕੰਮ ਕਰਨ ਵਾਲੇ ਕੁੱਝ ਮੁਲਾਜ਼ਮਾਂ ਨੂੰ ਵੀ ਪੁਲਿਸ ਨੇ ਹਿਰਾਸਤ ਵਿਚ ਲੈ ਲਿਆ ਹੈ। ਇਸ ਮੌਕੇ ਐਸਪੀ ਮਨਪ੍ਰੀਤ ਸਿੰਘ ਢਿੱਲੋਂ ਦੀ ਅਗਵਾਈ 'ਚ ਹੁਸ਼ਿਆਰਪੁਰ ਪੁਲਿਸ ਵੱਲੋਂ ਮਾਹੌਲ ਨੂੰ ਕਾਬੂ 'ਚ ਕਰ ਲਿਆ ਗਿਆ ਹੈ।