ਤਿੰਨ ਖੇਤੀ ਕਾਨੂੰਨਾਂ ਖ਼ਿਲਾਫ਼ ਜੇਤੂ ਇਤਿਹਾਸਕ ਕਿਸਾਨ ਘੋਲ ਨੂੰ ਸਿਲੇਬਸ 'ਚ ਸ਼ਾਮਿਲ ਕਰਨ ਦੀ ਮੰਗ
ਡੈਮੋਕ੍ਰੇਟਿਕ ਟੀਚਰਜ਼ ਫ਼ਰੰਟ (ਡੀ.ਟੀ.ਐੱਫ.) ਪੰਜਾਬ ਦੇ ਇਕ ਵਫ਼ਦ ਨੇ ਤਿੰਨ ਖੇਤੀ ਖਿਲਾਫ਼ ਕਿਸਾਨਾਂ ਦੇ ਅੰਦੋਲਨ ਨੂੰ ਸਿਲੇਬਸ ਵਿਚ ਸ਼ਾਮਲ ਕਰਨ ਦੀ ਦੀ ਮੰਗ ਕੀਤੀ। ਇਸ ਤਹਿਤ ਅੱਜ ਫਰੰਟ ਦੇ ਆਗੂਆਂ ਨੇ ਸਿੱਖਿਆ ਬੋਰਡ ਦੇ ਚੇਅਰਮੈਨ ਨਾਲ ਮੁਲਾਕਾਤ ਕੀਤੀ।
ਪਟਿਆਲਾ : ਸੂਬਾ ਪ੍ਰਧਾਨ ਵਿਕਰਮ ਦੇਵ ਸਿੰਘ ਤੇ ਜਨਰਲ ਸਕੱਤਰ ਮੁਕੇਸ਼ ਕੁਮਾਰ ਦੀ ਅਗਵਾਈ ਵਿਚ ਡੈਮੋਕ੍ਰੇਟਿਕ ਟੀਚਰਜ਼ ਫ਼ਰੰਟ (ਡੀ.ਟੀ.ਐੱਫ.) ਪੰਜਾਬ ਦੇ ਵਫ਼ਦ ਨੇ ਪੰਜਾਬ ਸਕੂਲ ਸਿੱਖਿਆ ਬੋਰਡ ਦੇ ਚੇਅਰਮੈਨ ਪ੍ਰੋਫੈਸਰ ਯੋਗਰਾਜ ਨਾਲ ਮੁਲਾਕਾਤ ਕੀਤੀ। ਇਸ ਵਫ਼ਦ ਨੇ ਸਕੂਲੀ ਸਿੱਖਿਆ ਦੀਆਂ ਇਤਿਹਾਸ ਦੀਆਂ ਕਿਤਾਬਾਂ ਦੇ ਚੈਪਟਰਾਂ ਨੂੰ ਮੁੜ ਕੇ ਘੋਖਣ ਲਈ ਅਪੀਲ ਕੀਤੀ।
ਆਗੂਆਂ ਨੇ ਦਾਅਵਾ ਕੀਤਾ ਕਿ ਵੱਖ-ਵੱਖ ਵਿਸ਼ਿਆਂ ਦੇ ਪਾਠ-ਕ੍ਰਮਾਂ ਨੂੰ ਵਿਦਿਆਰਥੀਆਂ ਦੀਆਂ ਮਨੋਵਿਗਿਆਨਕ ਲੋੜਾਂ ਉਤੇ ਕੇਂਦਰਿਤ ਰੱਖਣ ਸਬੰਧੀ ਰੱਖੀਆਂ ਦਲੀਲਾਂ ਨਾਲ ਸਹਿਮਤ ਹੁੰਦਿਆਂ ਬੋਰਡ ਦੀ ਅਕਾਦਮਿਕ ਕੌਂਸਲ ਨਾਲ ਮੁਲਾਕਾਤ ਕਰਵਾ ਕੇ ਸੁਝਾਅ ਲਾਗੂ ਕਰਨ 'ਤੇ ਸਹਿਮਤੀ ਜ਼ਾਹਿਰ ਕੀਤੀ। ਟੀਚਰਜ਼ ਆਗੂਆਂ ਨੇ ਚਾਰ ਸਾਹਿਬਜ਼ਾਦਿਆਂ, ਭਗਤ ਰਵਿਦਾਸ, ਬਾਬਾ ਜੀਵਨ ਸਿੰਘ, ਮਾਈ ਭਾਗੋ, ਸਵਿੱਤਰੀ ਬਾਈ ਫੂਲੇ, ਗਦਰ ਲਹਿਰ, ਬੱਬਰ ਅਕਾਲੀ ਲਹਿਰ, ਸ਼ਹੀਦ ਭਗਤ ਸਿੰਘ, ਸ਼ਹੀਦ ਉੱਧਮ ਸਿੰਘ, ਸ਼ਹੀਦ ਕਰਤਾਰ ਸਰਾਭਾ ਤੇ ਡਾ. ਬੀ.ਆਰ. ਅੰਬੇਦਕਰ ਆਦਿ ਦੇ ਜੀਵਨ ਉਤੇ ਵਿਚਾਰਾਂ ਨੂੰ ਪਾਠ-ਕ੍ਰਮ ਵਿੱਚ ਢੁੱਕਵੀਂ ਥਾਂ ਦੇਣ ਦੀ ਮੰਗ ਚੁੱਕੀ।
ਇਹ ਵੀ ਪੜ੍ਹੋ : 220 ਕੇਵੀ ਟਾਵਰ 'ਚ ਧਮਾਕਾ, ਲੋਕਾਂ ਦੇ ਬਿਜਲੀ ਦੇ ਮੀਟਰ ਤੇ ਹੋਰ ਸਾਮਾਨ ਸੜਿਆ
ਇਸੇ ਤਰ੍ਹਾਂ ਤਿੰਨ ਖੇਤੀ ਕਾਨੂੰਨਾਂ ਖ਼ਿਲਾਫ਼ ਇਤਿਹਾਸਕ ਜੇਤੂ ਕਿਸਾਨ ਘੋਲ ਨੂੰ ਸਿਲੇਬਸ ਵਿੱਚ ਸ਼ਾਮਿਲ ਕਰਨ ਦੀ ਵੀ ਮੰਗ ਕੀਤੀ। ਵਿਕਰਮ ਦੇਵ ਨੇ ਵੀਰ ਬਾਲ ਦਿਵਸ ਤੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਦਿਵਸ ਬਾਰੇ ਵੀ ਹੋ ਰਹੇ ਵਾਦ-ਵਿਵਾਦ ਨੂੰ ਬੇਲੋੜਾ ਤੇ ਆਰਐਸਐਸ ਦੀ ਦਖ਼ਲਅੰਦਾਜ਼ੀ ਕਰਾਰ ਦਿੱਤਾ। ਸਿੱਖਿਆ ਨੀਤੀ ਨੂੰ ਵੀ ਕੇਂਦਰ ਦੇ ਕੰਟਰੋਲ ਹੇਠੋਂ ਕੱਢ ਕੇ ਰਾਜ ਦਾ ਮਾਮਲਾ ਬਣਾਉਣ ਦੀ ਅਪੀਲ ਕੀਤੀ। ਚੇਅਰਮੈਨ ਵੱਲੋਂ ਪੰਜਾਬ ਦੀਆਂ ਸਥਾਨਕ ਲੋੜਾਂ ਅਨੁਸਾਰ ਆਪਣੀ ਸਿੱਖਿਆ ਨੀਤੀ ਤਿਆਰ ਕਰਕੇ ਸਰਕਾਰ ਤੱਕ ਮੰਗ ਭੇਜਣ ਦਾ ਭਰੋਸਾ ਦਿੱਤਾ ਗਿਆ।