Chief Brij Bhushan Singh: ਬ੍ਰਿਜ ਭੂਸ਼ਣ ਸਿੰਘ ਖਿਲਾਫ ਦਿੱਲੀ ਪੁਲਿਸ ਵੱਲੋਂ 2 FIR ਦਰਜ, ਜਾਣੋ ਹੁਣ ਤੱਕ ਦਾ ਅਪਡੇਟ
ਭਾਰਤੀ ਕੁਸ਼ਤੀ ਮਹਾਸੰਘ ਦੇ ਪ੍ਰਧਾਨ ਬ੍ਰਿਜ ਭੂਸ਼ਣ ਸ਼ਰਨ ਸਿੰਘ ਦੀਆਂ ਮੁਸ਼ਕਿਲਾਂ ਹੁਣ ਵਧ ਸਕਦੀਆਂ ਹਨ। ਦੱਸ ਦਈਏ ਕਿ ਦਿੱਲੀ ਪੁਲਿਸ ਨੇ ਬ੍ਰਿਜ ਭੂਸ਼ਣ ਸਿੰਘ ਖਿਲਾਫ ਦੋ ਐਫਆਈਆਰ ਦਰਜ ਕੀਤੀਆਂ ਹਨ।
Chief Brij Bhushan Singh: ਪ੍ਰਦਰਸ਼ਨਕਾਰੀ ਭਲਵਾਨਾਂ ਦੇ ਲਈ ਵਧ ਰਹੇ ਸਮਰਥਨ ਦੇ ਵਿਚਾਲੇ ਦਿੱਲੀ ਪੁਲਿਸ ਨੇ ਸ਼ੁੱਕਰਵਾਰ ਨੂੰ ਸੱਤ ਮਹਿਲਾ ਭਲਵਾਨਾਂ ਦੁਆਰਾ ਲਗਾਏ ਗਏ ਜਿਨਸੀ ਸ਼ੋਸ਼ਣ ਦੇ ਦੋਸ਼ਾਂ ਦੇ ਸਬੰਧ ਵਿੱਚ ਰੈਸਲਿੰਗ ਫੈਡਰੇਸ਼ਨ ਆਫ ਇੰਡੀਆ (ਡਬਲਯੂਐਫਆਈ) ਦੇ ਮੁਖੀ ਬ੍ਰਿਜ ਭੂਸ਼ਣ ਸ਼ਰਨ ਸਿੰਘ ਦੇ ਖਿਲਾਫ ਦੋ ਐਫਆਈਆਰ ਦਰਜ ਕੀਤੀਆਂ ਹਨ। ਜਿਸ ਤੋਂ ਬਾਅਦ ਆਉਣ ਵਾਲੇ ਸਮੇਂ ’ਚ ਉਨ੍ਹਾਂ ਦੀਆਂ ਮੁਸ਼ਕਿਲਾਂ ਵਧ ਸਕਦੀਆਂ ਹਨ।
ਮਿਲੀ ਜਾਣਕਾਰੀ ਮੁਤਾਬਿਕ ਦਿੱਲੀ ਪੁਲਿਸ ਨੇ ਡਬਲਯੂਐਫਆਈ ਦੇ ਪ੍ਰਧਾਨ ਬ੍ਰਿਜ ਭੂਸ਼ਣ ਸ਼ਰਨ ਸਿੰਘ ਦੇ ਖਿਲਾਫ ਕਨਾਟ ਪਲੇਸ ਥਾਣੇ ਵਿੱਚ ਦੋ ਐਫਆਈਆਰ ਦਰਜ ਕੀਤੀਆਂ ਹਨ। ਪੁਲਿਸ ਨੇ ਭਲਵਾਨ ਪਹਿਲਵਾਨ ਦੇ ਜਿਨਸੀ ਸ਼ੋਸ਼ਣ ਦੇ ਦੋਸ਼ ਵਿੱਚ ਬ੍ਰਿਜ ਭੂਸ਼ਣ ਦੇ ਖਿਲਾਫ ਪੋਕਸੋ ਐਕਟ ਦੇ ਤਹਿਤ ਮਾਮਲਾ ਦਰਜ ਕੀਤਾ ਹੈ। ਇਸ ਦੇ ਨਾਲ ਹੀ ਹੋਰ ਛੇ ਮਹਿਲਾ ਭਲਵਾਨਾਂ ਦੇ ਦੋਸ਼ਾਂ 'ਤੇ ਦੂਜੀ ਐਫਆਈਆਰ ਦਰਜ ਕੀਤੀ ਗਈ ਹੈ। ਦਿੱਲੀ ਪੁਲਿਸ ਦੋਸ਼ਾਂ ਦੀ ਜਾਂਚ ਕਰੇਗੀ। ਡੀਸੀਪੀ ਪ੍ਰਣਵ ਤਾਇਲ ਨੇ ਇਸ ਦੀ ਪੁਸ਼ਟੀ ਕੀਤੀ ਹੈ।
ਉੱਥੇ ਹੀ ਦੂਜੇ ਪਾਸੇ ਭਾਰਤੀ ਕੁਸ਼ਤੀ ਸੰਘ ਦੇ ਪ੍ਰਧਾਨ ਬ੍ਰਿਜ ਭੂਸ਼ਣ ਸ਼ਰਨ ਸਿੰਘ ਨੇ ਕਿਹਾ ਕਿ ਮੈਨੂੰ ਅਜੇ ਤੱਕ ਐਫਆਈਆਰ ਦੀ ਕਾਪੀ ਨਹੀਂ ਮਿਲੀ ਹੈ। ਐਫਆਈਆਰ ਦੀ ਕਾਪੀ ਮਿਲਣ ਤੋਂ ਬਾਅਦ ਮੈਂ ਗੱਲ ਕਰਾਂਗਾ।
ਭਲਵਾਨਾਂ ਦਾ ਪ੍ਰਦਰਸ਼ਨ ਲਗਾਤਾਰ ਜਾਰੀ
ਭਾਰਤੀ ਕੁਸ਼ਤੀ ਸੰਘ ਦੇ ਪ੍ਰਧਾਨ ਬ੍ਰਿਜ ਭੂਸ਼ਣ ਸ਼ਰਨ ਸਿੰਘ ਅਤੇ ਕੁਝ ਕੋਚਾਂ ਖਿਲਾਫ ਭਲਵਾਨਾਂ ਦਾ ਪ੍ਰਦਰਸ਼ਨ ਛੇਵੇਂ ਦਿਨ ਵੀ ਜਾਰੀ ਹੈ। ਵਿਨੇਸ਼ ਫੋਗਾਟ, ਬਜਰੰਗ ਪੂਨੀਆ ਅਤੇ ਸਾਕਸ਼ੀ ਮਲਿਕ ਸਮੇਤ ਕਈ ਖਿਡਾਰੀ ਐਤਵਾਰ (23 ਅਪ੍ਰੈਲ) ਨੂੰ ਦਿੱਲੀ ਦੇ ਜੰਤਰ-ਮੰਤਰ ਪਹੁੰਚੇ। ਉਦੋਂ ਤੋਂ ਉਹ ਹੜਤਾਲ 'ਤੇ ਬੈਠੇ ਹਨ। ਭਲਵਾਨਾਂ ਨੇ ਜਨਵਰੀ ਵਿੱਚ ਕੁਸ਼ਤੀ ਸੰਘ ਦੇ ਪ੍ਰਧਾਨ ਬ੍ਰਿਜ ਭੂਸ਼ਣ ਸ਼ਰਨ ਸਿੰਘ ਖ਼ਿਲਾਫ਼ ਵੀ ਪ੍ਰਦਰਸ਼ਨ ਕੀਤਾ ਸੀ।
ਇਹ ਵੀ ਪੜ੍ਹੋ: Petrol and Diesel price: ਪੈਟਰੋਲ ਅਤੇ ਡੀਜ਼ਲ ਦੇ ਨਵੇਂ ਰੇਟ ਹੋਏ ਜਾਰੀ, ਜਾਣੋ ਕਿੰਨਾ ਆਇਆ ਬਦਲਾਅ