Delhi liquor scam: ਮਨੀਸ਼ ਸਿਸੋਦੀਆ ਨੇ ਸੀਬੀਆਈ ਹੈੱਡਕੁਆਰਟਰ ਚ ਕੱਟੀ ਰਾਤ, ਆਪ ਕਰੇਗੀ ਦੇਸ਼ਵਿਆਪੀ ਰੋਸ ਪ੍ਰਦਰਸ਼ਨ
ਨਵੀਂ ਦਿੱਲੀ: ਸੀਬੀਆਈ ਨੇ ਕੱਲ੍ਹ ਯਾਨੀ ਐਤਵਾਰ ਲੰਬੀ ਪੁੱਛਗਿੱਛ ਮਗਰੋਂ ਦਿੱਲੀ ਦੇ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਨੂੰ ਨੂੰ ਸ਼ਰਾਬ ਘੁਟਾਲੇ ਦੇ ਮਾਮਲੇ ਵਿਚ ਗ੍ਰਿਫ਼ਤਾਰ ਕਰ ਲਿਆ ਸੀ। ਸੀਬੀਆਈ ਨੇ ਦੋਸ਼ ਲਾਇਆ ਹੈ ਕਿ ਮਨੀਸ਼ ਸਿਸੋਦੀਆ ਨੇ ਸ਼ਰਾਬ ਘੁਟਾਲੇ ਵਿਚ ਅਪਰਾਧਿਕ ਸਾਜ਼ਿਸ਼ ਰਚੀ ਤੇ ਸਬੂਤ ਨਸ਼ਟ ਕਰਨ ਦੀ ਕੋਸ਼ਿਸ਼ ਕੀਤੀ।
ਸਿਸੋਦੀਆ ਨੂੰ ਗ੍ਰਿਫ਼ਤਾਰ ਕਰਕੇ ਸੀਬੀਆਈ ਹੈੱਡਕੁਆਰਟਰ ਵਿਚ ਰੱਖਿਆ ਗਿਆ ਹੈ। ਇੱਥੇ ਡਾਕਟਰਾਂ ਦੀ ਟੀਮ ਬੁਲਾ ਕੇ ਉਨ੍ਹਾਂ ਦਾ ਮੈਡੀਕਲ ਚੈਕਅੱਪ ਵੀ ਕਰਵਾਇਆ ਗਿਆ। ਮਨੀਸ਼ ਸਿਸੋਦੀਆ ਨੇ ਸੀਬੀਆਈ ਹੈੱਡਕੁਆਰਟਰ ਵਿਚ ਆਪਣੀ ਪੂਰੀ ਰਾਤ ਕੱਟੀ। ਅੱਜ ਸੀਬੀਆਈ ਮਨੀਸ਼ ਸਿਸੋਦੀਆ ਨੂੰ ਰਾਉਸ ਐਵੇਨਿਊ ਕੋਰਟ ਵਿਚ ਪੇਸ਼ ਕਰੇਗੀ।
ਕੇਂਦਰੀ ਜਾਂਚ ਬਿਊਰੋ ਨੇ ਮਨੀਸ਼ ਸਿਸੋਦੀਆ ਨੂੰ 2021-22 ਲਈ ਨਵੀਂ ਆਬਕਾਰੀ ਨੀਤੀ ਨੂੰ ਲਾਗੂ ਕਰਨ ਵਿਚ ਕਥਿਤ ਭ੍ਰਿਸ਼ਟਾਚਾਰ ਦੇ ਦੋਸ਼ ਵਿਚ ਗ੍ਰਿਫਤਾਰ ਕੀਤਾ ਹੈ। ਉਨ੍ਹਾਂ 'ਤੇ ਸਬੂਤਾਂ ਨੂੰ ਨਸ਼ਟ ਕਰਨ, ਖਾਤਿਆਂ 'ਚ ਹੇਰਫੇਰ, ਭ੍ਰਿਸ਼ਟਾਚਾਰ ਕਰਨ, ਗੈਰ-ਕਾਨੂੰਨੀ ਢੰਗ ਨਾਲ ਪੈਸੇ ਲੈਣ-ਦੇਣ ਦੇ ਦੋਸ਼ ਲੱਗੇ ਹਨ। ਜਦੋਂ ਇਸ ਮਾਮਲੇ ਵਿਚ ਭ੍ਰਿਸ਼ਟਾਚਾਰ ਦੇ ਇਲਜ਼ਾਮ ਲੱਗੇ ਤਾਂ ਦਿੱਲੀ ਸਰਕਾਰ ਨੇ ਆਪਣੀ ਨਵੀਂ ਨੀਤੀ ਵਾਪਸ ਲੈ ਲਈ ਅਤੇ ਮੁੜ ਪ੍ਰਾਈਵੇਟ ਹੱਥਾਂ ਦੀ ਬਜਾਏ ਸਰਕਾਰੀ ਨਿਗਮਾਂ ਨੂੰ ਸ਼ਰਾਬ ਵੇਚਣ ਦੀ ਇਜਾਜ਼ਤ ਦੇ ਦਿੱਤੀ। ਯਾਨੀ ਸਰਕਾਰ ਨੇ ਸਾਰੀ ਸਕੀਮ ਵਾਪਸ ਲੈ ਲਈ ਸੀ। ਉਦੋਂ ਤੋਂ ਹੀ ਵਿਰੋਧੀ ਧਿਰ ਇਹ ਸਵਾਲ ਉਠਾ ਰਹੀ ਸੀ ਕਿ ਜਦੋਂ ਆਬਕਾਰੀ ਨੀਤੀ ਵਿਚ ਭ੍ਰਿਸ਼ਟਾਚਾਰ ਨਹੀਂ ਸੀ ਤਾਂ ਫਿਰ ਸਰਕਾਰ ਨੂੰ ਸਾਰੀ ਸਕੀਮ ਵਾਪਸ ਲੈਣ ਲਈ ਮਜਬੂਰ ਕਿਉਂ ਹੋਈ।
ਇਹ ਵੀ ਪੜ੍ਹੋ : Meghalaya And Nagaland Assembly Election : ਸਖ਼ਤ ਸੁਰੱਖਿਆ ਪ੍ਰਬੰਧ ਹੇਠ ਨਾਗਾਲੈਂਡ ਤੇ ਮੇਘਾਲਿਆ 'ਚ ਵੋਟਿੰਗ ਸ਼ੁਰੂ
ਆਮ ਆਦਮੀ ਪਾਰਟੀ ਦੇ ਬੁਲਾਰੇ ਸੌਰਭ ਭਾਰਦਵਾਜ ਨੇ ਦੱਸਿਆ ਕਿ ਇਹ ਆਮ ਆਦਮੀ ਪਾਰਟੀ ਨੂੰ ਕੁਚਲਣ ਦੀ ਕੋਸ਼ਿਸ਼ ਹੈ। ਇਸ ਦੀ ਸਕ੍ਰਿਪਟ ਬੀਜੇਪੀ ਹੈੱਡਕੁਆਰਟਰ ਵਿਚ ਲਿਖੀ ਗਈ ਸੀ ਅਤੇ ਜਾਂਚ ਏਜੰਸੀਆਂ ਭਾਜਪਾ ਦੀ ਇਕਾਈ ਵਜੋਂ ਕੰਮ ਕਰ ਰਹੀਆਂ ਹਨ। ਦਿੱਲੀ ਦੇ ਡਿਪਟੀ ਸੀਐਮ ਮਨੀਸ਼ ਸਿਸੋਦੀਆ ਦੀ ਗ੍ਰਿਫਤਾਰੀ ਖਿਲਾਫ਼ ਆਮ ਆਦਮੀ ਪਾਰਟੀ ਅੱਜ ਦੇਸ਼ ਭਰ ਵਿਚ ਪ੍ਰਦਰਸ਼ਨ ਕਰੇਗੀ। ਅੱਜ ਆਮ ਆਦਮੀ ਪਾਰਟੀ ਦਿੱਲੀ ਵਿਚ ਭਾਜਪਾ ਦੇ ਮੁੱਖ ਦਫ਼ਤਰ ਵਿਚ ਵੀ ਰੋਸ ਪ੍ਰਦਰਸ਼ਨ ਕਰੇਗੀ। ਇਹ ਪ੍ਰਦਰਸ਼ਨ ਦੁਪਹਿਰ 12 ਵਜੇ ਹੋਵੇਗਾ। 'ਆਪ' ਸਮਰਥਕ ਤੇ ਵਰਕਰ ਦਿੱਲੀ 'ਚ ਭਾਜਪਾ ਹੈੱਡਕੁਆਰਟਰ ਦੇ ਸਾਹਮਣੇ ਪ੍ਰਦਰਸ਼ਨ ਕਰਨਗੇ।