Cows Death in Moga : ਗਊਸ਼ਾਲਾ ’ਚ ਗਊਆਂ ਦੀ ਸੇਵਾ ਨਹੀਂ ! ਹਫ਼ਤੇ ਅੰਦਰ ਭੁੱਖ ਨਾਲ 20 ਦੇ ਕਰੀਬ ਗਾਂਵਾਂ ਦੀ ਮੌਤ
ਮੋਗਾ ਵਿੱਚ ਰੌਲੀ ਤੋਂ ਕਪੂਰੇ ਰੋਡ ਉੱਤੇ ਬਣੀ ਗਊਸ਼ਾਲਾ ਵਿੱਚ 20 ਦੇ ਕਰੀਬ ਗਾਂਵਾਂ ਦੀ ਭੁੱਖ ਨਾਲ ਮੌਤ ਹੋ ਗਈ, ਜਿਸ ਤੋਂ ਬਾਅਦ ਲੋਕਾਂ ਵਿੱਚ ਰੋਸ ਪਾਇਆ ਜਾ ਰਿਹਾ ਹੈ। ਪੜ੍ਹੋ ਪੂਰੀ ਖਬਰ...
Cows Death in Moga : ਸਾਡੇ ਸਮਾਜ ਅੰਦਰ ਗਾਂਵਾਂ ਦੀ ਸਾਂਭ ਸੰਭਾਲ ਲਈ ਸਮਾਜ ਸੇਵੀਆਂ ਵੱਲੋਂ ਵੱਡੇ ਪੱਧਰ ਉੱਤੇ ਦਾਨ ਇਕੱਠਾ ਕੀਤਾ ਜਾਂਦਾ ਹੈ, ਪਰ ਇਹਨਾਂ ਗਾਂਵਾਂ ਦੀ ਕੀ ਦੂਰਦਸ਼ਾ ਹੈ, ਇਹ ਦੇਖ ਤੁਸੀਂ ਵੀ ਹੈਰਾਨ ਹੋ ਜਾਓਗੇ। ਮੋਗਾ ਜ਼ਿਲ੍ਹੇ ਦੇ ਰੌਲੀ ਤੋਂ ਕਪੂਰੇ ਰੋਡ ਉੱਤੇ ਬਣੀ ਗਊਸ਼ਾਲਾ ਨੂੰ ਪਿਛਲੇ ਲੰਬੇ ਸਮੇਂ ਤੋਂ ਸੰਤ ਜਰਨੈਲ ਦਾਸ ਗਊਸ਼ਾਲਾ ਕਪੂਰਿਆਂ ਵਾਲੇ ਚਲਾ ਰਹੇ ਸਨ, ਪਰ ਸੰਤ ਬਾਬਾ ਜਰਨੈਲ ਦਾਸ ਜੀ ਦੇ ਚੋਲਾ ਛੱਡਣ ਤੋਂ ਬਾਅਦ ਇਸ ਗਊਸ਼ਾਲਾ ਦੀ ਸੇਵਾ ਬਾਬਾ ਸੋਹਨ ਦਾਸ ਜੀ ਨੇ ਦਸਤਾਰ ਲੈਣ ਉਪਰੰਤ ਸੰਭਾਲੀ ਸੀ। ਦੱਸ ਦਈਏ ਕਿ ਇਸ ਗਊਸ਼ਾਲਾ ਦੇ ਕੋਲ 16 ਏਕੜ ਤੋਂ ਉੱਪਰ ਜ਼ਮੀਨ ਹੈ, ਪਰ ਇਸ ਗਊਸਾਲਾ ਵਿੱਚ ਗਊਆਂ ਦੀ ਜੋ ਦੂਰਦਸ਼ਾ ਹੋ ਰਹੀ ਹੈ, ਉਸ ਨੂੰ ਦੇਖਕੇ ਹਰ ਕੋਈ ਹੈਰਾਨ ਰਹਿ ਜਾਵੇਗਾ। ਹੈਰਾਨ ਕਰਨ ਵਾਲੀ ਗੱਲ ਇਹ ਹੈ ਆਏ ਦਿਨ ਇਸ ਗਊਸ਼ਾਲਾ ਵਿੱਚ ਗਾਂਵਾਂ ਦੀ ਮੌਤ ਹੋ ਰਹੀ ਹੈ।
ਇਸ ਮੌਕੇ ਸਰਪੰਚ ਜਗਰਾਜ ਸਿੰਘ ਰੌਲੀ ਤੇ ਸਰਪੰਚ ਇਕਬਾਲ ਸਿੰਘ ਕਪੂਰੇ ਨੇ ਦੱਸਿਆ ਕੇ ਪਿਛਲੇ 10 ਦਿਨਾਂ ਵਿੱਚ 20 ਤੋਂ ਉੱਪਰ ਗਾਂਵਾਂ ਦੀ ਮੌਤ ਹੋ ਗਈ ਹੈ। ਜਦੋਂ ਗਾਂਵਾਂ ਦੇ ਮਰਨ ਦੀ ਜਾਣਕਾਰੀ ਪਿੰਡ ਰੌਲੀ ਦੇ ਲੋਕਾਂ ਨੂੰ ਮਿਲੀ ਤਾਂ ਵੱਡੀ ਗਿਣਤੀ ਵਿੱਚ ਲੋਕ ਗਊਸ਼ਾਲਾ ਪੁੱਜੇ। ਉਸ ਮੌਕੇ ਉਹਨਾਂ ਨੇ ਮੀਡੀਆ ਨੂੰ ਬੁਲਾ ਕੇ ਇਸ ਗਊਸ਼ਾਲਾ ਦੀਆਂ ਤਸਵੀਰਾਂ ਸਾਂਝੀਆਂ ਕੀਤੀਆਂ। ਲੋਕਾਂ ਨੇ ਦੱਸਿਆ ਕਿ ਇਸ ਗਊਸ਼ਾਲਾ ਵਿੱਚ ਗਾਵਾਂ ਦੀ ਮੌਤ ਭੁੱਖ ਕਾਰਨ ਹੋ ਰਹੀ ਹੈ, ਜਿਹਨਾਂ ਦੀ ਕੋਈ ਦੇਖਭਾਲ ਨਹੀਂ ਕਰ ਰਿਹਾ ਹੈ। ਉਥੇ ਹੀ ਲੋਕਾਂ ਨੇ ਕਿਹਾ ਕਿ ਗਾਂਵਾਂ ਦੀਆਂ ਖੁਰਲੀਆਂ ਵਿੱਚ ਜੋ ਪਾਣੀ ਹੈ, ਉਹ ਗੰਦਾ ਹੈ, ਜਿਸ ਕਾਰਨ ਉਹ ਬਿਮਾਰ ਹੋ ਰਹੀਆਂ ਹਨ।
ਉਹਨਾਂ ਨੇ ਕਿਹਾ ਕਿ ਗਊਸ਼ਾਲਾ ਦੀ ਇੰਨੀ ਜ਼ਮੀਨ ਹੋਣ ਦੇ ਬਾਵਜੂਦ ਵੀ ਗਾਂਵਾਂ ਭੁੱਖ ਨਾਲ ਮਰ ਰਹੀਆਂ ਹਨ ਸੇਵਾਦਾਰ ਇਹਨਾਂ ਨੂੰ ਸੇਵਾ ਨਹੀਂ ਕਰ ਰਹੇ ਹਨ।
ਸੋਸ਼ਲ ਮੀਡੀਆ ਉੱਤੇ ਗਾਂਵਾਂ ਦੀ ਵਾਇਰਲ ਵੀਡੀਓ ਦੇਖ ਸ਼ਿਵ ਸੈਨਾ ਹਿੰਦੂਸਤਾਨ ਦੇ ਪੰਜਾਬ ਪ੍ਰਧਾਨ ਰਾਮ ਬਚਨ ਰਾਏ ਮੌਕੇ ਉਤੇ ਪਹੁੰਚੇ। ਇਸ ਮੌਕੇ ਉਹਨਾਂ ਨੇ ਕਿਹਾ ਕਿ ਬੜੇ ਅਫਸੋਸ ਦੀ ਗੱਲ ਹੈ ਕਿ ਗਾਂਵਾਂ ਦੀ ਸੇਵਾ ਨਹੀਂ ਹੋ ਰਹੀ ਹੈ। ਉਹਨਾਂ ਨੇ ਕਿਹਾ ਕਿ ਅਸੀਂ ਬਾਬਾ ਸੋਹਣ ਦਾਸ ਨਾਲ ਇਸ ਸਬੰਧੀ ਫੋਨ ਉੱਤੇ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ, ਪਰ ਉਹਨਾਂ ਫੋਨ ਆਪਣੇ ਸੇਵਕ ਨੂੰ ਫੜਾ ਦਿੱਤਾ ਤੇ ਸਾਡੇ ਨਾਲ ਗੱਲ ਨਹੀਂ ਕੀਤੀ। ਉਹਨਾਂ ਨੇ ਕਿਹਾ ਕਿ ਪ੍ਰਸ਼ਾਸਨ ਨੂੰ ਇਸ ਵੱਲ ਤੁਰੰਤ ਧਿਆਨ ਦੇਣਾ ਚਾਹੀਦਾ ਹੈ ਜੇਕਰ ਪ੍ਰਸ਼ਾਸਨ ਨੇ ਕੋਈ ਐਕਸ਼ਨ ਨਾ ਲਿਆ ਤਾਂ ਅਸੀਂ ਆਪਣੇ ਪੱਧਰ ਉੱਤੇ ਕੋਈ ਐਕਸ਼ਨ ਲਵਾਂਗੇ।
ਇਹ ਵੀ ਪੜ੍ਹੋ : Badlapur Physical Assault Case : ਸਕੂਲ 'ਚ ਵਿਦਿਆਰਥਣਾਂ ਦੇ ਯੌਨ ਸ਼ੋਸ਼ਣ ਤੋਂ ਬਾਅਦ ਬਦਲਾਪੁਰ 'ਚ ਜ਼ੋਰਦਾਰ ਪ੍ਰਦਰਸ਼ਨ, ਰੇਲ ਸੇਵਾ ਠੱਪ