ਨਾਕਾਬੰਦੀ ਦੌਰਾਨ ਜਿਪਸੀ 'ਚੋਂ ਮਰਿਆ ਹੋਇਆ ਸੂਰ ਤੇ ਬਾਰਾਸਿੰਘਾ ਬਰਾਮਦ, 4 ਸ਼ਿਕਾਰੀ ਗ੍ਰਿਫ਼ਤਾਰ

By  Ravinder Singh January 14th 2023 03:00 PM -- Updated: January 14th 2023 03:02 PM

ਸ੍ਰੀ ਆਨੰਦਪੁਰ ਸਾਹਿਬ : ਜੰਗਲੀ ਖੇਤਰ ਵਿਚ ਗ਼ੈਰਕਾਨੂੰਨੀ ਤਰੀਕੇ ਦੇ ਨਾਲ ਸ਼ਿਕਾਰ ਕਰ ਜੰਗਲੀ ਜਾਨਵਰਾਂ ਨੂੰ ਮੌਤ ਦੇ ਘਾਟ ਉਤਾਰਨ ਵਾਲੇ ਲੋਕਾਂ ਖਿਲਾਫ ਸਖ਼ਤੀ ਵਰਤਦਿਆਂ ਖੂਫੀਆ ਜਾਣਕਾਰੀ ਦੇ ਆਧਾਰ ਉਤੇ ਜੰਗਲਾਤ ਵਿਭਾਗ ਵੱਲੋਂ ਇਕ ਟੀਮ ਬਣਾ ਕੇ ਪਿੰਡ ਪਹਾੜਪੁਰ ਤੋਂ ਬਲੋਲੀ ਜਾਣ ਵਾਲੀ ਸੜਕ ਉਪਰ ਨਾਕਾ ਲਗਾ ਕੇ ਇਕ ਜਿਪਸੀ ਨੂੰ ਰੋਕਿਆ ਗਿਆ ਜਿਸ ਵਿਚ ਇਕ ਜੰਗਲੀ ਸੂਰ ਤੇ ਇਕ ਬਾਰਾਸਿੰਘਾ ਮਰਿਆ ਹੋਇਆ ਮਿਲਿਆ।


ਇਹ ਪੂਰਾ ਵਾਕਿਆ ਸਵੇਰੇ 3.30 ਵਜੇ ਵਾਪਰਿਆ। ਇਸ ਮਾਮਲੇ ਵਿਚ 4 ਵਿਅਕਤੀਆਂ ਨੂੰ ਕਾਬੂ ਕੀਤਾ ਗਿਆ ਤੇ ਇਨ੍ਹਾਂ ਕੋਲੋਂ  ਦੋ ਬੰਦੂਕਾਂ, ਪੰਜ ਰੌਂਦ ਤੇ ਇਕ ਚੱਲਿਆ ਹੋਇਆ ਕਾਰਤੂਸ ਬਰਾਮਦ ਹੋਇਆ ਹੈ। ਮੁਲਜ਼ਮਾਂ 'ਚ ਪਟਿਆਲਾ ਦੇ ਸ਼ਿਕਾਰੀ ਬਲਰਾਜ ਘੁੰਮਣ, ਚੰਡੀਗੜ੍ਹ ਸੈਕਟਰ 9 ਦੇ ਰਹਿਣ ਵਾਲੇ ਅੰਗਦ ਸਿੰਘ ਤੇ ਨੈਣਾ ਦੇਵੀ ਦੇ ਪਿੰਡ ਬਹਿਲ ਦੇ ਬਲਬੀਰ ਸਿੰਘ ਤੇ ਬਲਜੀਤ ਸਿੰਘ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਇਨ੍ਹਾਂ ਸਾਰੇ ਮੁਲਜ਼ਮਾਂ ਨੂੰ ਸ੍ਰੀ ਅਨੰਦਪੁਰ ਸਾਹਿਬ ਦੀ ਅਦਾਲਤ ਵਿਚ ਪੇਸ਼ ਕੀਤਾ ਗਿਆ ਜਿੱਥੇ ਅਦਾਲਤ ਵੱਲੋਂ ਇਨ੍ਹਾਂ ਨੂੰ 27 ਜਨਵਰੀ ਤੱਕ ਜੁਡੀਸ਼ਲ ਰਿਮਾਂਡ ਉਤੇ ਭੇਜ ਦਿੱਤਾ ਗਿਆ। 

ਜੰਗਲੀ ਜੀਵ ਸੁਰੱਖਿਆਂ ਵਿਭਾਗ ਰੂਪਨਗਰ ਦੇ ਡੀਐੱਫਓ ਕੁਲਰਾਜ ਸਿੰਘ ਨੇ ਦੱਸਿਆ ਕਿ ਜੰਗਲੀ ਜਾਨਵਰਾਂ ਦਾ ਸ਼ਿਕਾਰ ਕਰਨ ਲਈ ਸ਼ਿਕਾਰੀਆਂ ਨੂੰ ਪਰਮਿਟ ਦਿੱਤੇ ਜਾਂਦੇ ਹਨ, ਜੋ ਕਿ ਕੋਈ ਜੁਰਮ ਨਹੀਂ ਹੈ। ਤਾਂ ਜੋ ਕਿਸਾਨਾਂ ਦੀਆਂ ਫ਼ਸਲਾਂ ਦਾ ਕੋਈ ਨੁਕਸਾਨ ਨਾ ਹੋਵੇ। ਇਨ੍ਹਾਂ ਪਰਮਿਟਾਂ ਦੀ ਆੜ 'ਚ ਜੇਕਰ ਸ਼ਿਕਾਰੀ ਜੰਗਲੀ ਐਕਟ ਤਹਿਤ ਸ਼ਕਿਾਰ ਲਈ ਮਨਾਹੀ ਵਾਲੇ ਜਾਨਵਰਾਂ ਦਾ ਸ਼ਿਕਾਰ ਕਰਦੇ ਹਨ ਤਾਂ ਉਨ੍ਹਾਂ ਖ਼ਿਲਾਫ਼ ਨਾ ਸਿਰਫ਼ ਐੱਫਆਈਆਰ ਦਰਜ ਕੀਤੀ ਜਾਵੇਗੀ, ਸਗੋਂ ਉਨ੍ਹਾਂ ਦੇ ਪਰਮਿਟ ਵੀ ਰੱਦ ਕਰ ਦਿੱਤੇ ਜਾਣਗੇ। 

ਇਹ ਵੀ ਪੜ੍ਹੋ : ਪੁਖ਼ਤਾ ਸੁਰੱਖਿਆ ਪ੍ਰਬੰਧ ਹੇਠ ਲਾਡੋਵਾਲ ਤੋਂ ਅਗਲੇ ਪੜਾਅ ਲਈ ਸ਼ੁਰੂ ਹੋਈ ਭਾਰਤ ਜੋੜੋ ਯਾਤਰਾ

ਕਾਬਿਲੇਗੌਰ ਹੈ ਕਿ ਪਿਛਲੇ ਮਹੀਨੇ ਪਿੰਡ ਨਿੱਕੂ ਨੰਗਲ ਦੇ ਜੰਗਲਾਂ 'ਚੋਂ ਤੇਂਦੂਏ ਦੇ ਬੱਚੇ ਦੀ ਲਾਸ਼ ਮਿਲਣ ਮਗਰੋਂ ਸਨਸਨੀ ਫੈਲ ਗਈ ਸੀ। ਬੱਚੇ ਦੇ ਸਿਰ 'ਤੇ ਤੇਜ਼ਧਾਰ ਹਥਿਆਰਾਂ ਨਾਲ ਵਾਰ ਕਰਨ ਦੇ ਨਿਸ਼ਾਨ ਵੀ ਮਿਲੇ ਸਨ। ਨਿੱਕੂ ਨੰਗਲ ਇਲਾਕਾ ਵਾਸੀਆਂ ਅਨੁਸਾਰ ਇਕ ਮਾਦਾ ਤੇਂਦੂਆ ਆਪਣੇ ਦੋ ਬੱਚਿਆਂ ਸਮੇਤ ਜੰਗਲ ਵਿੱਚ ਘੁੰਮਦਾ ਅਕਸਰ ਦੇਖਿਆ ਗਿਆ ਸੀ।

Related Post