ਅਮਰੀਕਾ ਜਾਂਦੇ ਵਾਪਰੇ ਹਾਦਸੇ ਦੌਰਾਨ ਮੌਤ ਦੇ 25 ਦਿਨਾਂ ਬਾਅਦ ਪਿੰਡ ਪਹੁੰਚੀ ਨੌਜਵਾਨ ਗੁਰਪਾਲ ਦੀ ਮ੍ਰਿਤਕ ਦੇਹ

By  Jasmeet Singh August 29th 2023 04:16 PM -- Updated: August 30th 2023 02:24 PM

ਗੁਰਦਾਸਪੁਰ: ਬੀਤੀ 5 ਅਗਸਤ ਦੇ ਕਰੀਬ ਪਿੰਡ ਬਾਗੜੀਆਂ ਦੇ ਨੌਜਵਾਨ ਗੁਰਪਾਲ ਸਿੰਘ ਪੁੱਤਰ ਬਲਵਿੰਦਰ ਸਿੰਘ ਦੀ ਡੋਂਕੀ ਰਸਤੇ ਅਮਰੀਕਾ ਜਾਂਦੇ ਸਮੇਂ ਮੈਕਸਿਕੋ ਦੇ ਇੱਕ ਹਾਈਵੇਅ ਉੱਤੇ ਵਾਪਰੇ ਬੱਸ ਹਾਦਸੇ ਦੌਰਾਨ ਮੌਤ ਹੋ ਗਈ ਸੀ। 

ਗੁਰਪਾਲ ਸਿੰਘ ਦੀ ਮ੍ਰਿਤਕ ਦੇਹ ਲਗਭਗ 25 ਦਿਨਾਂ ਬਾਅਦ ਉਸ ਦੇ ਜੱਦੀ ਪਿੰਡ ਬਾਗੜੀਆਂ ਵਿਖੇ ਪਹੁੰਚ ਗਈ ਹੈ। ਗੁਰਪਾਲ ਆਪਣੇ ਮਾਪਿਆਂ ਦਾ ਇਕਲੌਤਾ ਪੁੱਤਰ ਸੀ ਅਤੇ ਪੋਸਟ ਗ੍ਰੈਜੂਏਸ਼ਨ ਤੱਕ ਦੀ ਪੜ੍ਹਾਈ ਹਾਸਲ ਕਰ ਕੇ ਬੇਰੋਜ਼ਗਾਰ ਸੀ।

ਪਿੰਡ ਬਾਗੜੀਆਂ ਪਹੁੰਚੀ ਨੌਜਵਾਨ ਗੁਰਪਾਲ ਸਿੰਘ ਦੀ ਮ੍ਰਿਤਕ ਦੇਹ
ਇੱਕ ਏਜੰਟ ਰਾਹੀਂ ਉਹ ਅਮਰੀਕਾ ਲਈ ਰਵਾਨਾ ਹੋਇਆ ਸੀ ਪਰ ਬਦਕਿਸਮਤੀ ਨਾਲ ਜਿਹੜੀ ਬੱਸ ਵਿੱਚ ਉਹ ਅਮਰੀਕਾ ਜਾ ਰਿਹਾ ਸੀ ਉਹ ਬੱਸ ਮੈਕਸੀਕੋ ਦੇ ਇੱਕ ਹਾਈਵੇਅ 'ਤੇ ਹਾਦਸਾਗ੍ਰਸਤ ਹੋ ਗਈ। ਜਿਸ ਵਿੱਚ ਗੁਰਪਾਲ ਸਿੰਘ ਤੋਂ ਇਲਾਵਾ ਹੋਰ 6 ਭਾਰਤੀ ਵੀ ਮਾਰੇ ਗਏ ਸਨ। ਉੱਥੇ ਹੀ ਕਿਰਪਾਲ ਸਿੰਘ ਦੀ ਲਾਸ਼ ਪਿੰਡ ਪਹੁੰਚਣ 'ਤੇ ਪਰਿਵਾਰ ਅਤੇ ਪਿੰਡ ਦੇ ਲੋਕ ਬਹੁਤ ਗਮਗੀਨ ਨਜ਼ਰ ਆਏ।



ਇਸ ਮੌਕੇ ਗੱਲਬਾਤ ਕਰਦੇ ਹੋਏ ਕਿਸਾਨ ਆਗੂ ਗੁਰਪ੍ਰਤਾਪ ਸਿੰਘ ਨੇ ਕਿਹਾ ਕਿ ਪੰਜਾਬ ਸਰਕਾਰ ਪੜ੍ਹੇ-ਲਿਖੇ ਨੌਜਵਾਨਾਂ ਨੂੰ ਰੁਜ਼ਗਾਰ ਦੇਣ ਵਿੱਚ ਅਸਫ਼ਲ ਰਹੀ ਹੈ, ਇਸ ਲਈ ਨੌਜਵਾਨ ਮੈਕਸੀਕੋ ਅਤੇ ਪਨਾਮਾ ਦੇ ਜੰਗਲਾਂ ਵਿੱਚ ਆਪਣੀਆਂ ਕੀਮਤੀ ਜਾਨਾਂ ਗਵਾ ਰਹੇ ਹਨ। ਉਨ੍ਹਾਂ ਦਾ ਕਿਹਾ, "ਪੰਜਾਬੀ ਨੌਜਵਾਨਾਂ ਨੂੰ ਬਾਹਰਲੇ ਮੁਲਕਾਂ 'ਚ ਜਾਨਾਂ ਗੁਆਉਣ ਨੂੰ ਮਜਬੂਰ ਹੋਣਾ ਪੈ ਰਿਹਾ ਹੈ। ਉਨ੍ਹਾਂ ਦਾ ਕਹਿਣਾ ਸੀ ਕਿ ਪੰਜਾਬ ਸਰਕਾਰ ਨੂੰ ਇਸ ਵਿਸ਼ੇ ਉੱਤੇ ਲੋੜੀਂਦਾ ਕਰਮ ਚੁੱਕਣੇ ਚਾਹੀਦੇ ਹਨ।" 

ਕਿਸਾਨ ਆਗੂ ਗੁਰਪ੍ਰਤਾਪ ਸਿੰਘ

ਭਾਜਪਾ ਆਗੂ ਅਜੇ ਚੰਦੇਲ ਨੇ ਦੱਸਿਆ ਕਿ ਕੇਂਦਰ ਸਰਕਾਰ ਦੇ ਦਖਲ ਤੋਂ ਬਾਅਦ ਗੁਰਪਾਲ ਸਿੰਘ ਦੀ ਲਾਸ਼ ਮਾਪਿਆਂ ਦੇ ਕੋਲ ਪਹੁੰਚੀ ਹੈ। ਉਨ੍ਹਾਂ ਕਿਹਾ, "ਪਰਿਵਾਰ ਤੋਂ 15-18 ਲੱਖ ਰੁਪਏ ਦਾ ਖਰਚਾ ਮੰਗਿਆ ਜਾ ਰਿਹਾ ਸੀ ਪਰ ਈਲਾਕਾ ਐੱਮ.ਪੀ. ਅਤੇ ਵਿਦੇਸ਼ ਮੰਤਰੀ ਸੁਬ੍ਰਾਹਮਣੀਅਮ ਜੈਸ਼ੰਕਰ ਦੇ ਉਦਮਾਂ ਸਦਕਾ ਹੀ ਮ੍ਰਿਤਕ ਦੇਹ ਗੁਰਦਸਪੁਰ ਪਹੁੰਚ ਸਕੀ ਹੈ।"

ਭਾਜਪਾ ਆਗੂ ਅਜੇ ਚੰਦੇਲ
ਇਸ ਮੌਕੇ ਗੁਰਪਾਲ ਸਿੰਘ ਦਾ ਦੁਪਹਿਰ ਦੇ ਸਮੇਂ ਅੰਤਿਮ ਸਸਕਾਰ ਕਰ ਦਿੱਤਾ ਗਿਆ, ਜਿਸ ਵਿੱਚ ਵੱਡੀ ਗਿਣਤੀ 'ਚ ਇਲਾਕੇ ਦੇ ਲੋਕ ਹਾਜ਼ਰ ਹੋਏ।

Related Post