ਫ਼ਿਰੋਜ਼ਪੁਰ ਦੇ ਡੀ.ਸੀ ਨੇ ਲੋਕਾਂ ਤੋਂ ਸਹਿਯੋਗ ਦੀ ਕੀਤੀ ਅਪੀਲ; ਹੜ੍ਹ ਪ੍ਰਭਾਵਿਤ ਲੋਕਾਂ ਲਈ ਜਾਰੀ ਕੀਤਾ ਹੈਲਪਲਾਈਨ ਨੰਬਰ
ਫ਼ਿਰੋਜ਼ਪੁਰ: ਵੀਰਵਾਰ ਨੂੰ ਪੰਜਾਬ ਦੇ ਹਰੀਕੇ ਹੈੱਡ ਤੋਂ ਸਤਲੁਜ ਦਰਿਆ 'ਚ ਫ਼ਿਰੋਜ਼ਪੁਰ ਵੱਲ 235,748 ਕਿਊਸਿਕ ਪਾਣੀ ਛੱਡਿਆ ਗਿਆ, ਜੋ ਜੁਲਾਈ ਮਹੀਨੇ 'ਚ ਆਏ ਹੜ੍ਹਾਂ ਨਾਲੋਂ 35000 ਕਿਊਸਿਕ ਜ਼ਿਆਦਾ ਹੈ। ਹਾਲਾਂਕਿ ਪਿਛਲੇ 2 ਦਿਨਾਂ ਤੋਂ ਪੁਲਿਸ ਪ੍ਰਸ਼ਾਸਨ NDRF-BSF ਅਤੇ ਫ਼ੌਜ ਦੇ ਜਵਾਨ ਲਗਾਤਾਰ ਫ਼ਿਰੋਜ਼ਪੁਰ ਜ਼ਿਲ੍ਹੇ 'ਚ ਹੜ੍ਹ ਪ੍ਰਭਾਵਿਤ ਇਲਾਕਿਆਂ ਤੋਂ ਲੋਕਾਂ ਨੂੰ ਰਾਹਤ ਕੈਂਪਾਂ 'ਚ ਪਹੁੰਚਾ ਰਹੇ ਹਨ। ਇਸ ਦੇ ਨਾਲ ਹੀ ਜ਼ਿਲ੍ਹੇ ਦੇ ਡੀ.ਸੀ-ਐੱਸ.ਐੱਸ.ਪੀ ਸਬੰਧਿਤ ਅਧਿਕਾਰੀਆਂ ਦੇ ਨਾਲ ਲਗਾਤਾਰ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਨਿਰੀਖਣ ਕਰ ਰਹੇ ਹਨ। ਜਿੱਥੇ ਵੀ ਧੁੱਸੀ ਬੰਨ੍ਹ ਦੀ ਹਾਲਤ ਕਮਜ਼ੋਰ ਨਜ਼ਰ ਆਉਂਦੀ ਹੈ। ਉੱਥੇ ਤੁਰੰਤ ਇਨ੍ਹਾਂ ਦੀ ਮੁਰੰਮਤ ਕਰਵਾਉਣ ਦਾ ਕੰਮ ਕੀਤਾ ਜਾ ਰਿਹਾ ਹੈ।
ਡੀ.ਸੀ. ਨੇ ਪਹੁੰਚ ਕੇ ਸਥਿਤੀ ਦਾ ਲਿਆ ਜਾਇਜ਼ਾ:
ਡੀ.ਸੀ ਰਾਜੇਸ਼ ਧੀਮਾਨ ਅਤੇ ਐੱਸ.ਐੱਸ.ਪੀ ਦੀਪਕ ਹਿਲੋਰੀ ਨੇ ਹੜ੍ਹ ਪ੍ਰਭਾਵਿਤ ਸਰਹੱਦੀ ਪਿੰਡਾਂ ਰੁਕਨੇਵਾਲਾ, ਨਿਹਾਲਾ ਲਵੇਰਾ, ਗੱਟੀ ਰਾਜੋ ਕੇ, ਗੱਟੀ ਰਹੀਮ ਕੇ, ਟੇਂਡੀਵਾਲਾ ਆਦਿ ਦਾ ਦੌਰਾ ਕਰਦਿਆਂ ਦੱਸਿਆ ਕਿ ਹਿਮਾਚਲ ਵਿੱਚ ਪਿਛਲੇ ਕੁੱਝ ਦਿਨਾਂ ਤੋਂ ਹੋ ਰਹੀ ਭਾਰੀ ਬਰਸਾਤ ਕਾਰਨ ਭਾਖੜਾ ਡੈਮ ਅਤੇ ਪੌਂਗ ਡੈਮ ਦੇ ਗੇਟ ਖੁੱਲ੍ਹਣ ਨਾਲ ਸਤਜੁਗ ਨਦੀ ਵਿੱਚ ਪਾਣੀ ਦਾ ਪੱਧਰ ਮੁੜ ਉੱਚਾ ਹੋ ਗਿਆ ਹੈ ਜਿਸ ਕਾਰਨ ਦਰਿਆ ਦੇ ਨਾਲ ਲੱਗਦੇ ਹੜ੍ਹ ਪ੍ਰਭਾਵਿਤ ਇਲਾਕਿਆਂ ਵਿੱਚੋਂ ਲੋਕਾਂ ਨੂੰ ਕੱਢਣ ਦਾ ਕੰਮ ਤੇਜ਼ ਕਰ ਦਿੱਤਾ ਗਿਆ ਹੈ। ਪਿਛਲੇ 2 ਦਿਨਾਂ ਤੋਂ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਲੋਕਾਂ ਨੂੰ ਸੁਰੱਖਿਅਤ ਥਾਵਾਂ 'ਤੇ ਪਹੁੰਚਾਉਣ ਲਈ ਵੱਡੇ ਪੱਧਰ 'ਤੇ ਬਚਾਅ ਮੁਹਿੰਮ ਚਲਾਈ ਜਾ ਰਹੀ ਹੈ ਅਤੇ ਲੋੜਵੰਦ ਲੋਕਾਂ ਲਈ ਰਾਹਤ ਕੈਂਪ ਲਗਾਏ ਗਏ ਹਨ।
ਜ਼ਿਲ੍ਹੇ ਵਿੱਚ ਮੌਜੂਦਾ ਹੜ੍ਹਾਂ ਦੀ ਸਥਿਤੀ ਅਤੇ ਪ੍ਰਬੰਧਾਂ ਬਾਰੇ ਜਾਣਕਾਰੀ ਸਾਂਝੀ ਕਰਦਿਆਂ ਡੀ.ਸੀ ਨੇ ਦੱਸਿਆ ਕਿ ਹਰੀਕੇ ਹੈੱਡ ਤੋਂ ਹੁਣ ਤੱਕ 235748 ਕਿਊਸਿਕ ਪਾਣੀ ਛੱਡਿਆ ਜਾ ਚੁੱਕਾ ਹੈ। ਹਰੀਕੇ ਹੈੱਡ ਅਤੇ ਹੁਸੈਨੀਵਾਲਾ ਹੈੱਡ ਤੋਂ ਲਗਾਤਾਰ ਪਾਣੀ ਛੱਡਿਆ ਜਾ ਰਿਹਾ ਹੈ ਤਾਂ ਜੋ ਦਰਿਆ ਦੇ ਨਾਲ ਲੱਗਦੇ ਇਲਾਕੇ ਪਾਣੀ ਦੇ ਨੁਕਸਾਨ ਤੋਂ ਬਚ ਸਕਣ। ਉਨ੍ਹਾਂ ਦੱਸਿਆ ਕਿ ਜ਼ਿਲ੍ਹੇ ਦੇ ਹੜ੍ਹ ਪ੍ਰਭਾਵਿਤ ਇਲਾਕਿਆਂ 'ਚ ਜਿੱਥੇ ਲੋਕ ਪਾਣੀ 'ਚ ਘਿਰੇ ਹੋਏ ਹਨ। ਉਨ੍ਹਾਂ ਨੂੰ ਬਾਹਰ ਕੱਢਣ ਲਈ ਬਚਾਅ ਕਾਰਜ ਜਾਰੀ ਹੈ। ਜਿਸ 'ਚ ਸਬੰਧਿਤ ਤੋਂ ਇਲਾਵਾ ਐੱਨ.ਡੀ.ਆਰ.ਐੱਫ. ਅਤੇ ਬੀ.ਐੱਸ.ਐੱਫ. ਅਤੇ ਫੌਜ ਦੀ ਮਦਦ ਲਈ ਜਾ ਰਹੀ ਹੈ।
ਹੜ੍ਹ ਕੰਟਰੋਲ ਨੰਬਰ ਕੀਤਾ ਜਾਰੀ
ਡਿਪਟੀ ਕਮਿਸ਼ਨਰ ਦਫ਼ਤਰ ਵਿੱਚ ਜ਼ਿਲ੍ਹਾ ਪੱਧਰੀ ਹੜ੍ਹ ਕੰਟਰੋਲ ਰੂਮ ਨੰਬਰ 01632-244017
ਤਹਿਸੀਲ ਫ਼ਿਰੋਜ਼ਪੁਰ ਵਿੱਚ ਫਲੱਡ ਕੰਟਰੋਲ ਰੂਮ ਨੰਬਰ 01632-244019
ਤਹਿਸੀਲ ਜ਼ੀਰਾ ਵਿੱਚ ਫਲੱਡ ਕੰਟਰੋਲ ਰੂਮ ਨੰਬਰ 01682-250169
ਤਹਿਸੀਲ ਗੁਰੂਹਰਸਹਾਏ ਫਲੱਡ ਕੰਟਰੋਲ ਰੂਮ ਨੰਬਰ 01685-231010
ਐਕਸਈਐਨ ਡਰੇਨੇਜ ਫ਼ਿਰੋਜ਼ਪੁਰ ਕੰਟਰੋਲ ਰੂਮ ਨੰਬਰ 01632-245366