ਬੰਦੂਕ ਸੱਭਿਆਚਾਰ 'ਤੇ ਸ਼ਿਕੰਜਾ : ਹਥਿਆਰਾਂ ਦੀ ਨੁਮਾਇਸ਼ ਕਰਨ ਵਾਲੇ 5 ਗ੍ਰਿਫ਼ਤਾਰ
ਪਟਿਆਲਾ : ਸੋਸ਼ਲ ਮੀਡੀਆ ਉਤੇ ਹਥਿਆਰਾਂ ਦੀ ਨੁਮਾਇਸ਼ ਕਰਨ ਵਾਲਿਆਂ ਉਤੇ ਪੁਲਿਸ ਨੇ ਸ਼ਿਕੰਜਾ ਕੱਸਣਾ ਸ਼ੁਰੂ ਕਰ ਦਿੱਤਾ ਹੈ। ਪੁਲਿਸ ਨੇ ਬੰਦੂਕ ਸੱਭਿਆਚਾਰ ਨੂੰ ਠੱਲ ਪਾਉਣ ਲਈ ਹਥਿਆਰਾਂ ਦੀ ਨੁਮਾਇਸ਼ ਕਰਨ ਉਤੇ ਵੱਖ-ਵੱਖ ਥਾਣਿਆਂ ਵਿਚ 6 ਪਰਚੇ ਦਰਜ ਕੀਤੇ ਹਨ। ਇਸ ਸਬੰਧੀ 5 ਵਿਅਕਤੀਆਂ ਨੂੰ ਗ੍ਰਿਫ਼ਤਾਰ ਕਰਨ ਵਿਚ ਸਫਲਤਾ ਹਾਸਲ ਕੀਤੀ ਹੈ। ਜਾਣਕਾਰੀ ਦਿੰਦੇ ਹੋਏ ਐੱਸਐੱਸਪੀ ਵਰੁਣ ਸ਼ਰਮਾ ਨੇ ਦੱਸਿਆ ਕਿ ਥਾਣਾ ਅਰਬਨ ਅਸਟੇਟ ਪੁਲਿਸ ਨੇ ਅਮਰਿੰਦਰ ਸਿੰਘ ਵਾਸੀ ਜਗਤਾਰ ਨਗਰ, ਥਾਣਾ ਤ੍ਰਿਪੜੀ ਪੁਲਿਸ ਨੇ ਸੁਖਦੀਪ ਸਿੰਘ ਵਾਸੀ ਰਣਜੀਤ ਨਗਰ, ਸਿਟੀ ਸਮਾਣਾ ਵਿਖੇ ਵਿਪਣ ਵਾਸੀ ਦਾਰੂ ਕੁਟੀਆ, ਰਾਜੇਸ਼ ਕੁਮਾਰ ਵਾਸੀ ਪ੍ਰਤਾਪ ਕਲੋਨੀ, ਤੇ ਹਰਸ਼ ਗੋਇਲ ਖ਼ਿਲਾਫ਼ ਥਾਣਾ ਸਿਵਲ ਲਾਈਨ ਵਿਖੇ ਪਰਚਾ ਦਰਜ ਕੀਤਾ ਗਿਆ ਹੈ।
ਐੱਸਐੱਸਪੀ ਵਰੁਣ ਸ਼ਰਮਾ ਨੇ ਕਿਹਾ ਕਿ ਆਨਲਾਈਨ ਗੁੰਡਾਗਰਦੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ। ਪੁਲਿਸ ਦੀ ਵਿਸ਼ੇਸ਼ ਟੀਮ ਵੱਲੋਂ ਆਨਲਾਈਨ ਪੈਟਰੋਲਿੰਗ ਕੀਤੀ ਜਾ ਰਹੀ ਹੈ। ਇਸ ਲਈ ਸੋਸ਼ਲ ਮੀਡੀਆ ਦੀ ਦੁਰਵਰਤੋਂ ਕਰਨ ਵਾਲੇ ਸੁਧਰ ਜਾਣ। ਇਸ ਤੋਂ ਇਲਾਵਾ ਨਸ਼ਿਆਂ ਖ਼ਿਲਾਫ਼ ਵਿੱਢੀ ਮੁਹਿੰਮ ਤਹਿਤ 13 ਮੁਕੱਦਮੇ ਦਰਜ ਕੀਤੇ ਗਏ ਹਨ ਤੇ 16 ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਇਨ੍ਹਾਂ ਮਾਮਲਿਆਂ ਵਿਚ 20 ਕਿਲੋ 100 ਗ੍ਰਾਮ ਭੁੱਕੀ, 50 ਗ੍ਰਾਮ ਹੈਰੋਇਨ, 35348 ਗੋਲੀਆਂ, 2699 ਕੈਪਸੂਲ, ਨਸ਼ੀਲਾ ਪਾਊਡਰ, 43 ਗ੍ਰਾਮ ਗਾਂਜਾ, 12 ਕਿਲੋ 400 ਗ੍ਰਾਮ ਤੇ 25 ਹਜ਼ਾਰ ਰੁਪਏ ਦੀ ਡਰੱਗ ਮਨੀ ਬਰਾਮਦ ਕੀਤੀ ਗਈ ਹੈ।
ਰਿਪੋਰਟ-ਗਗਨਦੀਪ ਆਹੂਜਾ