ਓਡੀਸ਼ਾ 'ਚ ਐਕਸਪ੍ਰੈੱਸ ਰੇਲਗੱਡੀ ਦੀ ਮਾਲਗੱਡੀ ਨਾਲ ਟੱਕਰ ਮਗਰੋਂ 900 ਤੋਂ ਵਧ ਲੋਕ ਜ਼ਖਮੀ, 230 ਤੋਂ ਵਧ ਦੀ ਮੌਤ
ਓਡੀਸ਼ਾ ਸਰਕਾਰ ਨੇ ਇੱਕ ਐਮਰਜੈਂਸੀ ਸੰਪਰਕ ਨੰਬਰ ਜਾਰੀ ਕੀਤਾ ਹੈ - 06782-262286। ਨੇੜਲੇ ਜ਼ਿਲ੍ਹਿਆਂ ਤੋਂ ਫਾਇਰ ਸਰਵਿਸ ਦੀਆਂ ਵਾਧੂ ਟੀਮਾਂ, ਡਾਕਟਰਾਂ ਅਤੇ ਐਂਬੂਲੈਂਸਾਂ ਨੂੰ ਵੀ ਭੇਜਿਆ ਜਾ ਰਿਹਾ ਹੈ।
ਓਡੀਸ਼ਾ: ਪੱਛਮ ਬੰਗਾਲ ਦੇ ਕੋਲਕਾਤਾ ਦੇ ਹਾਵੜਾ ਸਟੇਸ਼ਨ ਤੋਂ ਤਾਮਿਲਨਾਡੂ ਦੇ ਚੇਨਈ ਜਾਣ ਵਾਲੀ ਕੋਰੋਮੰਡਲ ਐਕਸਪ੍ਰੈਸ ਸ਼ੁੱਕਰਵਾਰ ਨੂੰ ਓਡੀਸ਼ਾ ਦੇ ਬਾਲਾਸੋਰ ਜ਼ਿਲ੍ਹੇ ਵਿੱਚ ਇੱਕ ਮਾਲਗੱਡੀ ਨਾਲ ਟਕਰਾ ਗਈ। ਇਹ ਟੱਕਰ ਬਾਲਾਸੋਰ ਜ਼ਿਲ੍ਹੇ ਦੇ ਬਹਾਨਾਗਾ ਰੇਲਵੇ ਸਟੇਸ਼ਨ ਨੇੜੇ ਹੋਈ ਅਤੇ ਸੁਪਰਫਾਸਟ ਟਰੇਨ ਦੇ ਪਲਟ ਜਾਣ ਨਾਲ ਡੱਬਿਆਂ 'ਚ ਕਈ ਯਾਤਰੀਆਂ ਦੇ ਮਾਰੇ ਜਾਣ ਦਾ ਖਦਸ਼ਾ ਹੈ।
ਇਹ ਹਾਦਸਾ ਸ਼ਾਮ ਕਰੀਬ 7.20 ਵਜੇ ਵਾਪਰਿਆ ਜਦੋਂ ਟਰੇਨ ਕੋਲਕਾਤਾ ਨੇੜੇ ਸ਼ਾਲੀਮਾਰ ਸਟੇਸ਼ਨ ਤੋਂ ਚੇਨਈ ਸੈਂਟਰਲ ਸਟੇਸ਼ਨ ਵੱਲ ਜਾ ਰਹੀ ਸੀ। ਫਿਲਹਾਲ 900 ਤੋਂ ਵਧ ਲੋਕਾਂ ਦੇ ਗੰਭੀਰ ਰੂਪ ਨਾਲ ਜ਼ਖ਼ਮੀ ਹੋਣ ਅਤੇ 230 ਤੋਂ ਵਧ ਲੋਕਾਂ ਦੀ ਮੌਤ ਦੀ ਜਾਣਕਾਰੀ ਸਾਮਣੇ ਆ ਰਹੀ ਹੈ। ਬਚਾਅ ਕਾਰਜ ਅਜੇ ਜਾਰੀ ਹੈ, ਜ਼ਖਮੀ ਤੇ ਮਰਨ ਵਾਲਿਆਂ ਦੀ ਗਿਣਤੀ ਵੱਧ ਸਕਦੀ ਹੈ।
ਵਿਸ਼ੇਸ਼ ਰਾਹਤ ਕਮਿਸ਼ਨਰ ਦੇ ਦਫ਼ਤਰ ਦਾ ਕਹਿਣਾ ਕਿ ਖੋਜ ਅਤੇ ਬਚਾਅ ਕਾਰਜ ਲਈ ਟੀਮਾਂ ਨੂੰ ਹਾਦਸੇ ਵਾਲੀ ਥਾਂ 'ਤੇ ਭੇਜਿਆ ਗਿਆ ਹੈ। ਓਡੀਸ਼ਾ ਰਾਜ ਆਫ਼ਤ ਪ੍ਰਬੰਧਨ ਅਥਾਰਟੀ ਨੇ ਕਿਹਾ ਕਿ ਬਚਾਅ ਕਾਰਜਾਂ ਅਤੇ ਸਹਾਇਤਾ ਲਈ ਪੰਜ ਐਂਬੂਲੈਂਸਾਂ ਭੇਜੀਆਂ ਗਈਆਂ ਹਨ। ਓਡੀਸ਼ਾ ਮੈਡੀਕਲ ਸਿੱਖਿਆ ਅਤੇ ਸਿਖਲਾਈ ਦੇ ਵਧੀਕ ਡਾਇਰੈਕਟੋਰੇਟ ਨੇ ਇਹ ਵੀ ਕਿਹਾ ਕਿ ਉਨ੍ਹਾਂ ਨੇ 15 ਐਂਬੂਲੈਂਸਾਂ ਭੇਜੀਆਂ ਹਨ ਅਤੇ ਮਰੀਜ਼ਾਂ ਨੂੰ ਸੋਰੋ ਸ਼ਹਿਰ ਵਿੱਚ ਇੱਕ ਕਮਿਊਨਿਟੀ ਹੈਲਥ ਸੈਂਟਰ ਵਿੱਚ ਭੇਜਿਆ ਜਾ ਰਿਹਾ ਹੈ।
ਬਾਲਾਸੋਰ ਦੇ ਜ਼ਿਲ੍ਹਾ ਮੈਜਿਸਟ੍ਰੇਟ ਨੂੰ ਵੀ ਸਾਰੇ ਜ਼ਰੂਰੀ ਪ੍ਰਬੰਧ ਕਰਨ ਲਈ ਹਾਦਸੇ ਵਾਲੀ ਥਾਂ 'ਤੇ ਪਹੁੰਚਣ ਅਤੇ ਜੇਕਰ ਰਾਜ ਪੱਧਰ ਤੋਂ ਕੋਈ ਵਾਧੂ ਮਦਦ ਦੀ ਲੋੜ ਹੈ ਤਾਂ SRC ਨੂੰ ਸੂਚਿਤ ਕਰਨ ਦੇ ਨਿਰਦੇਸ਼ ਦਿੱਤੇ ਗਏ ਹਨ। ਸਾਈਟ ਤੋਂ ਵਿਜ਼ੂਅਲ ਦਿਖਾਉਂਦੇ ਹਨ ਕਿ ਕੋਰੋਮੰਡਲ ਐਕਸਪ੍ਰੈਸ ਦਾ ਇੰਜਣ ਟੱਕਰ ਤੋਂ ਬਾਅਦ ਮਾਲ ਗੱਡੀ ਦੇ ਉੱਪਰ ਚੜ੍ਹ ਗਿਆ। ਸ਼ੁਰੂਆਤੀ ਜਾਣਕਾਰੀ ਮੁਤਾਬਕ ਦੋਵੇਂ ਟਰੇਨਾਂ ਇੱਕੋ ਰੇਲਵੇ ਟਰੈਕ 'ਤੇ ਸਨ। ਹਾਦਸਾ ਕਿਵੇਂ ਵਾਪਰਿਆ, ਇਸ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।
ਓਡੀਸ਼ਾ ਸਰਕਾਰ ਨੇ ਇੱਕ ਐਮਰਜੈਂਸੀ ਸੰਪਰਕ ਨੰਬਰ ਜਾਰੀ ਕੀਤਾ ਹੈ - 06782-262286। ਨੇੜਲੇ ਜ਼ਿਲ੍ਹਿਆਂ ਤੋਂ ਫਾਇਰ ਸਰਵਿਸ ਦੀਆਂ ਵਾਧੂ ਟੀਮਾਂ, ਡਾਕਟਰਾਂ ਅਤੇ ਐਂਬੂਲੈਂਸਾਂ ਨੂੰ ਵੀ ਭੇਜਿਆ ਜਾ ਰਿਹਾ ਹੈ।
ਮ੍ਰਿਤਕਾਂ ਦੇ ਵਾਰਸਾਂ ਲਈ 10 ਲੱਖ ਰੁਪਏ ਅਤੇ ਗੰਭੀਰ ਜ਼ਖ਼ਮੀਆਂ ਲਈ 2 ਲੱਖ ਰੁਪਏ
ਰੇਲ ਮੰਤਰੀ ਅਸ਼ਵਨੀ ਵੈਸ਼ਨਵ ਨੇ ਮ੍ਰਿਤਕਾਂ ਲਈ 10 ਲੱਖ, ਗੰਭੀਰ ਜ਼ਖਮੀਆਂ ਨੂੰ 2 ਲੱਖ ਅਤੇ ਮਾਮੂਲੀ ਸੱਟਾਂ ਵਾਲਿਆਂ ਨੂੰ 50 ਹਜ਼ਾਰ ਰੁਪਏ ਦੀ ਸਹਾਇਤਾ ਰਾਸ਼ੀ ਦੇਣ ਦਾ ਐਲਾਨ ਕੀਤਾ ਹੈ। ਵੈਸ਼ਨਵ ਨੇ ਟਵੀਟ ਕਰ ਕਿਹਾ, "ਉੜੀਸਾ ਵਿੱਚ ਇਸ ਮੰਦਭਾਗੇ ਰੇਲ ਹਾਦਸੇ ਦੇ ਪੀੜਤਾਂ ਵਿਚੋਂ ਮਰਨ ਵਾਲਿਆਂ ਦੇ ਵਾਰਸਾਂ ਨੂੰ 10 ਲੱਖ, ਗੰਭੀਰ ਜ਼ਖ਼ਮੀਆਂ ਨੂੰ 2 ਲੱਖ ਅਤੇ ਮਾਮੂਲੀ ਸੱਟਾਂ ਵਾਲਿਆਂ ਨੂੰ 50,000 ਰੁਪਏ ਦੀ ਸਹਾਇਤਾ ਰਾਸ਼ੀ ਦਿੱਤੀ ਜਾਵੇਗੀ।"
ਇੱਕ ਹੋਰ ਰੇਲ ਗੱਡੀ ਪਟੜੀ ਤੋਂ ਉੱਤਰੀ
ਉੜੀਸਾ ਰੇਲ ਹਾਦਸੇ ਦੇ ਵੇਰਵੇ ਸਾਂਝੇ ਕਰਦੇ ਹੋਏ, ਰੇਲਵੇ ਦੇ ਬੁਲਾਰੇ ਅਮਿਤਾਭ ਸ਼ਰਮਾ ਨੇ ਦੱਸਿਆ ਕਿ ਸ਼ਾਲੀਮਾਰ-ਚੇਨਈ ਕੋਰੋਮੰਡਲ ਐਕਸਪ੍ਰੈਸ ਦੇ 10-12 ਡੱਬੇ ਸ਼ਾਮ ਕਰੀਬ 7 ਵਜੇ ਬਾਲਾਸੋਰ ਨੇੜੇ ਪਟੜੀ ਤੋਂ ਉਤਰ ਗਏ ਅਤੇ ਉਲਟ ਪਟੜੀ 'ਤੇ ਜਾ ਡਿੱਗੇ । ਕੁਝ ਸਮੇਂ ਬਾਅਦ ਯਸ਼ਵੰਤਪੁਰ ਤੋਂ ਹਾਵੜਾ ਜਾਣ ਵਾਲੀ ਇੱਕ ਹੋਰ ਰੇਲਗੱਡੀ ਪਟੜੀ ਤੋਂ ਉਤਰੇ ਡੱਬਿਆਂ ਨਾਲ ਟਕਰਾ ਗਈ, ਨਤੀਜੇ ਵਜੋਂ ਉਸਦੇ ਵੀ 3-4 ਡੱਬੇ ਪਟੜੀ ਤੋਂ ਉਤਰ ਗਏ।"
ਪੱਛਮ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਵਲੋਂ ਕੀਤੀ ਜਾ ਰਹੀ ਸਥਿਤੀ ਦੀ ਨਿਗਰਾਨੀ
ਓਡੀਸ਼ਾ ਦੇ ਬਾਲਾਸੋਰ ਜ਼ਿਲ੍ਹੇ ਦੇ ਬਹਾਨਾਗਾ ਸਟੇਸ਼ਨ 'ਤੇ ਸ਼ਾਲੀਮਾਰ-ਚੇਨਈ ਕੋਰੋਮੰਡਲ ਐਕਸਪ੍ਰੈਸ (12841) ਦੇ ਕਈ ਡੱਬੇ ਪਟੜੀ ਤੋਂ ਉਤਰਨ ਤੋਂ ਤੁਰੰਤ ਬਾਅਦ ਪੱਛਮ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਹਾਦਸੇ 'ਤੇ ਦੁੱਖ ਪ੍ਰਗਟ ਕੀਤਾ। ਉਨ੍ਹਾਂ ਕਿਹਾ ਕਿ ਪੱਛਮੀ ਬੰਗਾਲ ਤੋਂ ਰੇਲਗੱਡੀ 'ਤੇ ਯਾਤਰਾ ਕਰਨ ਵਾਲੇ ਯਾਤਰੀਆਂ ਦੀ ਮਦਦ ਲਈ ਉਨ੍ਹਾਂ ਦੀ ਸਰਕਾਰ ਓਡੀਸ਼ਾ ਸਰਕਾਰ ਅਤੇ ਦੱਖਣ ਪੂਰਬੀ ਸਰਕਾਰ ਨਾਲ ਤਾਲਮੇਲ ਕਰ ਰਹੀ ਹੈ।
ਇਸ ਗੱਲ ਨੂੰ ਉਜਾਗਰ ਕਰਦੇ ਹੋਏ ਕਿ ਰੇਲਗੱਡੀ ਪੱਛਮੀ ਬੰਗਾਲ ਤੋਂ ਯਾਤਰੀਆਂ ਨੂੰ ਲੈ ਕੇ ਜਾ ਰਹੀ ਸੀ, ਉਨ੍ਹਾਂ ਕਿਹਾ ਕਿ "ਸਾਡੇ ਬਾਹਰ ਜਾਣ ਵਾਲੇ ਕੁਝ ਲੋਕ ਗੰਭੀਰ ਰੂਪ ਨਾਲ ਜ਼ਖਮੀ ਹੋਏ ਹਨ। ਅਸੀਂ ਆਪਣੇ ਲੋਕਾਂ ਦੇ ਹਿੱਤ ਲਈ ਓਡੀਸ਼ਾ ਸਰਕਾਰ ਅਤੇ ਦੱਖਣ ਪੂਰਬੀ ਰੇਲਵੇ ਨਾਲ ਤਾਲਮੇਲ ਕਰ ਰਹੇ ਹਾਂ। ਸਾਡੇ ਐਮਰਜੈਂਸੀ ਕੰਟਰੋਲ ਰੂਮ ਨੂੰ 033- 22143526/ 22535185 ਨੰਬਰਾਂ ਨਾਲ ਸਰਗਰਮ ਕਰ ਦਿੱਤਾ ਗਿਆ ਹੈ।
ਉਨ੍ਹਾਂ ਟਵੀਟ ਕਰ ਕਿਹਾ, "ਬਚਾਅ ਅਤੇ ਸਹਾਇਤਾ ਲਈ ਹਰ ਸੰਭਵ ਕੋਸ਼ਿਸ਼ਾਂ ਸ਼ੁਰੂ ਕਰ ਦਿੱਤੀਆਂ ਗਈਆਂ ਹਨ। ਅਸੀਂ ਓਡੀਸ਼ਾ ਸਰਕਾਰ ਅਤੇ ਰੇਲਵੇ ਅਧਿਕਾਰੀਆਂ ਨਾਲ ਸਹਿਯੋਗ ਕਰਨ ਅਤੇ ਬਚਾਅ ਕਾਰਜਾਂ ਵਿੱਚ ਸਹਾਇਤਾ ਲਈ 5-6 ਮੈਂਬਰਾਂ ਦੀ ਟੀਮ ਨੂੰ ਮੌਕੇ 'ਤੇ ਭੇਜ ਰਹੇ ਹਾਂ। ਮੈਂ ਚੀਫ਼ ਸਕੱਤਰ ਅਤੇ ਹੋਰ ਸੀਨੀਅਰ ਅਧਿਕਾਰੀਆਂ ਨਾਲ ਲਗਾਤਾਰ ਸਥਿਤੀ ਦੀ ਨਿਗਰਾਨੀ ਕਰ ਰਹੀ ਹਾਂ।"
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਦੁੱਖ ਦਾ ਪ੍ਰਗਟਾਵਾ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਓਡੀਸ਼ਾ 'ਚ ਰੇਲ ਹਾਦਸੇ 'ਚ ਜਾਨੀ ਨੁਕਸਾਨ 'ਤੇ ਦੁੱਖ ਪ੍ਰਗਟ ਕੀਤਾ ਹੈ। ਉਨ੍ਹਾਂ ਟਵੀਟ ਕੀਤਾ, “ਓਡੀਸ਼ਾ ਵਿੱਚ ਰੇਲ ਹਾਦਸੇ ਤੋਂ ਦੁਖੀ ਹਾਂ। ਇਸ ਦੁੱਖ ਦੀ ਘੜੀ ਵਿੱਚ ਮੇਰੇ ਵਿਚਾਰ ਦੁਖੀ ਪਰਿਵਾਰਾਂ ਦੇ ਨਾਲ ਹਨ। ਜਖਮੀ ਜਲਦੀ ਠੀਕ ਹੋਣ। ਰੇਲ ਮੰਤਰੀ ਨਾਲ ਗੱਲ ਕੀਤੀ ਅਤੇ ਸਥਿਤੀ ਦਾ ਜਾਇਜ਼ਾ ਲਿਆ। ਹਾਦਸੇ ਵਾਲੀ ਥਾਂ 'ਤੇ ਬਚਾਅ ਕਾਰਜ ਚੱਲ ਰਹੇ ਹਨ ਅਤੇ ਪ੍ਰਭਾਵਿਤ ਲੋਕਾਂ ਨੂੰ ਹਰ ਸੰਭਵ ਸਹਾਇਤਾ ਦਿੱਤੀ ਜਾ ਰਹੀ ਹੈ।"
ਅਮਿਤ ਸ਼ਾਹ ਨੇ ਓਡੀਸ਼ਾ ਰੇਲ ਹਾਦਸੇ 'ਤੇ ਪ੍ਰਗਟਾਇਆ ਦੁੱਖ
ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਵੀ ਓਡੀਸ਼ਾ ਰੇਲ ਹਾਦਸੇ ਵਿੱਚ ਮਾਰੇ ਗਏ ਲੋਕਾਂ ਦੇ ਪਰਿਵਾਰਾਂ ਨਾਲ ਹਮਦਰਦੀ ਪ੍ਰਗਟ ਕੀਤੀ ਅਤੇ ਕਿਹਾ “ਓਡੀਸ਼ਾ ਦੇ ਬਾਲਾਸੋਰ ਵਿੱਚ ਰੇਲ ਹਾਦਸਾ ਬਹੁਤ ਦੁਖਦਾਈ ਹੈ। NDRF ਦੀ ਟੀਮ ਪਹਿਲਾਂ ਹੀ ਹਾਦਸੇ ਵਾਲੀ ਥਾਂ 'ਤੇ ਪਹੁੰਚ ਚੁੱਕੀ ਹੈ ਅਤੇ ਹੋਰ ਟੀਮਾਂ ਵੀ ਬਚਾਅ ਕਾਰਜ 'ਚ ਸ਼ਾਮਲ ਹੋਣ ਲਈ ਤਿਆਰ ਹਨ। ਦੁਖੀ ਪਰਿਵਾਰਾਂ ਪ੍ਰਤੀ ਮੇਰੀ ਸੰਵੇਦਨਾ ਹੈ ਅਤੇ ਜ਼ਖਮੀਆਂ ਦੇ ਜਲਦੀ ਠੀਕ ਹੋਣ ਦੀ ਪ੍ਰਾਰਥਨਾ ਕਰਦਾ ਹਾਂ।”