Punjab Rains: ਪਠਾਨਕੋਟ ਵਿੱਚ ਲਗਾਤਾਰ ਮੀਂਹ ਦਾ ਕਹਿਰ ਜਾਰੀ; ਹਸਪਤਾਲ ਵਿੱਚ ਭਰਿਆ ਪਾਣੀ

ਪਠਾਨਕੋਟ ਦੇ ਗਾਂਧੀ ਮੁਹੱਲੇ ਵਿੱਚ ਇੱਕ ਗਰੀਬ ਪਰਿਵਾਰ ਦੇ ਮਕਾਨ ਦੀ ਛੱਤ ਡਿੱਗ ਗਈ ਹੈ। ਹਾਲਾਂਕਿ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਹੈ।

By  Shameela Khan August 24th 2023 08:17 AM -- Updated: August 24th 2023 11:46 AM

ਪਠਾਨਕੋਟ:  ਪਹਾੜਾਂ ਵਿੱਚ ਭਾਰੀ ਮੀਂਹ ਕਾਰਨ ਪੰਜਾਬ ਭਰ ਵਿੱਚ ਪਾਣੀ ਭਰਨ ਦੀ ਸਥਿਤੀ ਬਣੀ ਹੋਈ ਹੈ।  ਕੱਲ ਦੁਪਹਿਰ 1:30 ਤੋਂ 4:30 ਵਜੇ ਤੱਕ ਪਏ ਭਾਰੀ ਮੀਂਹ ਕਾਰਨ ਪਠਾਨਕੋਟ ਦੀਆਂ ਸੜਕਾਂ ਅਤੇ ਸਿਵਲ ਹਸਪਤਾਲ ਵਿੱਚ ਪਾਣੀ ਭਰ ਗਿਆ। ਮੀਂਹ ਦਾ ਪਾਣੀ ਸਿਵਲ ਹਸਪਤਾਲ ਦੇ ਵਾਰਡਾਂ ਵਿੱਚ ਦਾਖਲ ਹੋ ਗਿਆ। ਇਸ ਕਾਰਨ ਹਸਪਤਾਲ ਪ੍ਰਸ਼ਾਸਨ ਨੂੰ ਮਰੀਜ਼ਾਂ ਨੂੰ ਪਹਿਲੀ ਮੰਜ਼ਿਲ ’ਤੇ ਸ਼ਿਫਟ ਕਰਨਾ ਪਿਆ।


ਹਸਪਤਾਲ ਵਿੱਚ ਮਰੀਜ਼ਾਂ ਲਈ ਰੱਖੀਆਂ ਦਵਾਈਆਂ ਵੀ ਪਾਣੀ ਵਿੱਚ ਤੈਰਦੀਆਂ ਦੇਖੀਆਂ ਗਈਆਂ। ਹਾਲਾਂਕਿ ਸਥਿਤੀ ਕਾਬੂ ਹੇਠ ਹੈ ਅਤੇ ਹਸਪਤਾਲ ਵਿੱਚ ਸੈਨੀਟਾਈਜ਼ੇਸ਼ਨ ਦਾ ਕੰਮ ਜ਼ੋਰਾਂ-ਸ਼ੋਰਾਂ ਨਾਲ ਚੱਲ ਰਿਹਾ ਹੈ। ਇਸ ਦੇ ਨਾਲ ਹੀ ਸੜਕਾਂ 'ਤੇ ਪਾਣੀ ਆ ਜਾਣ ਕਾਰਨ ਲੋਕਾਂ ਅਤੇ ਦੁਕਾਨਦਾਰਾਂ ਨੂੰ ਕਾਫੀ ਦਿੱਕਤਾਂ ਦਾ ਸਾਹਮਣਾ ਕਰਨਾ ਪਿਆ। ਦੁਕਾਨਾਂ ਵਿੱਚ ਪਾਣੀ ਭਰ ਜਾਣ ਕਾਰਨ ਲੋਕਾਂ ਦਾ ਸਾਮਾਨ ਖ਼ਰਾਬ ਹੋ ਗਿਆ। ਲੋਕਾਂ ਦਾ ਕਹਿਣਾ ਹੈ ਕਿ ਇਹ ਲਾਪ੍ਰਵਾਹੀ ਨਗਰ ਨਿਗਮ ਪ੍ਰਸ਼ਾਸਨ ਦੀ ਹੈ। ਜੇਕਰ ਸਮੇਂ ਸਿਰ ਪਾਣੀ ਦੀ ਨਿਕਾਸੀ ਦਾ ਹੱਲ ਕੱਢ ਲਿਆ ਜਾਂਦਾ ਤਾਂ ਅੱਜ ਸ਼ਹਿਰ ਵਿੱਚ ਹੜ੍ਹਾਂ ਵਰਗੀ ਸਥਿਤੀ ਪੈਦਾ ਨਾ ਹੁੰਦੀ।

ਦੂਜੇ ਪਾਸੇ ਫਿਰੋਜ਼ਪੁਰ ਜ਼ਿਲ੍ਹੇ ਦੇ ਸਰਹੱਦੀ ਪਿੰਡ ਕਿਲਚੇ ਦੇ ਖੇਤਾਂ ਵਿੱਚ ਹੜ੍ਹ ਦਾ ਪਾਣੀ ਭਰ ਗਿਆ। ਇੱਥੇ ਇੱਕ 28 ਸਾਲਾ ਨੌਜਵਾਨ ਦੀ ਤਿਲਕ ਕੇ 12 ਫੁੱਟ ਡੂੰਘੇ ਪਾਣੀ ਵਿੱਚ ਡਿੱਗ ਕੇ ਮੌਤ ਹੋ ਗਈ। ਹੜ੍ਹ ਦੇ ਪਾਣੀ ਨੇ ਕਾਫੀ ਤਬਾਹੀ ਮਚਾਈ ਹੈ। ਖੇਤਾਂ ਵਿੱਚ ਪਾਣੀ ਭਰ ਗਿਆ ਹੈ।

ਦੱਸ ਦਈਏ ਕਿ ਬੋਹੜ ਸਿੰਘ ਪੁੱਤਰ ਕਾਰਜ ਸਿੰਘ ਵਾਸੀ ਪਿੰਡ ਕਿਲਚੇ ਆਪਣੇ ਖੇਤ ਕੋਲ ਖੜ੍ਹਾ ਸੀ। ਅਚਾਨਕ ਪੈਰ ਫਿਸਲਣ ਕਾਰਨ 12 ਫੁੱਟ ਡੂੰਘੇ ਪਾਣੀ ਵਿੱਚ ਜਾ ਡਿੱਗਾ ਜਦੋਂ ਉਸ ਨੂੰ ਬਾਹਰ ਕੱਢਿਆ ਗਿਆ ਤਾਂ ਉਸ ਦਾ ਮੂੰਹ ਚਿੱਕੜ ਨਾਲ ਭਰਿਆ ਹੋਇਆ ਸੀ। ਦੱਸਿਆ ਜਾ ਰਿਹਾ ਕਿ ਦਮ ਘੁੱਟਣ ਕਾਰਨ ਉਸ ਦੀ ਮੌਤ ਹੋ ਗਈ।


Related Post