ਚੰਡੀਗੜ੍ਹ:ਵਸਤਾਂ ਤੇ ਸੇਵਾਵਾਂ ਕਰ (ਜੀਐਸਟੀ) ਸਬੰਧੀ ਕਰਦਾਤਾਵਾਂ ਦੇ ਸਵਾਲਾਂ ਅਤੇ ਮੁੱਦਿਆਂ ਦੇ ਹੱਲ ਲਈ ਪੰਜਾਬ ਦੇ ਵਿੱਤ, ਆਬਕਾਰੀ ਅਤੇ ਕਰ ਮੰਤਰੀ ਹਰਪਾਲ ਸਿੰਘ ਚੀਮਾ ਵੱਲੋਂ ਅੱਜ ਇੱਕ ਦੋਭਾਸ਼ੀ ਵਟਸਐਪ ਚੈਟਬੋਟ-ਕਮ-ਹੈਲਪਲਾਈਨ ਨੰਬਰ 9160500033 ਜਾਰੀ ਕੀਤਾ ਗਿਆ।
ਕਰ ਵਿਭਾਗ ਦੀ ਮਹੀਨਾਵਾਰ ਜ਼ਿਲ੍ਹਾ-ਪੱਧਰੀ ਸਮੀਖਿਆ ਮੀਟਿੰਗ ਦੌਰਾਨ ਇਸ ਸੇਵਾ ਦੀ ਸ਼ੁਰੂਆਤ ਕਰਦਿਆਂ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਕੋਈ ਵੀ ਵਿਅਕਤੀ ਜੀ.ਐਸ.ਟੀ ਦੇ ਵੱਖ-ਵੱਖ ਪਹਿਲੂਆਂ ਬਾਰੇ ਜਾਣਕਾਰੀ ਲੈਣ ਲਈ ਪੰਜਾਬੀ ਜਾਂ ਅੰਗਰੇਜ਼ੀ ਵਿੱਚ ਇਸ ਚੈਟਬੋਟ ‘ਤੇ ਵਟਸਐਪ ਕਰ ਸਕਦਾ ਹੈ। ਉਨ੍ਹਾਂ ਕਿਹਾ ਕਿ ਇਹ ਪਹਿਲਕਦਮੀ ਫੀਡਬੈਕ ਵਿਧੀ ਨੂੰ ਮਜ਼ਬੂਤ ਕਰਨ ਦੇ ਨਾਲ-ਨਾਲ ਕਰਦਾਤਾਵਾਂ ਨੂੰ ਸੇਵਾਵਾਂ ਦੀ ਸਪਲਾਈ ਨੂੰ ਆਸਾਨ ਬਣਾਉਣ ਦੀ ਨੀਤੀ ਦੇ ਤਹਿਤ ਸ਼ੁਰੂ ਕੀਤੀ ਗਈ ਹੈ।
ਇਸ ਚੈਟਬੋਟ 'ਤੇ ਉਪਲਬਧ ਸੁਵਿਧਾਵਾਂ ਬਾਰੇ ਜਾਣਕਾਰੀ ਦਿੰਦਿਆਂ ਵਿੱਤ ਮੰਤਰੀ ਨੇ ਕਿਹਾ ਕਿ ਕੋਈ ਵੀ ਨਾਗਰਿਕ ਜਾਂ ਵਪਾਰੀ 9160500033 'ਤੇ ਵਟਸਐਪ ਦੁਆਰਾ ਰਜਿਸਟਰੇਸ਼ਨ, ਰਿਟਰਨ, ਕੰਪੋਜੀਸ਼ਨ, ਟੈਕਸ ਭੁਗਤਾਨ, ਈ-ਵੇਅ ਬਿੱਲ, ਈ-ਇਨਵੌਇਸ, ਇਨਪੁਟ ਟੈਕਸ ਕ੍ਰੈਡਿਟ, ਨਾਗਰਿਕ ਨਾਲ ਸਬੰਧਤ ਜਾਣਕਾਰੀ, ਦਫ਼ਤਰ ਜਾਂ ਅਧਿਕਾਰੀ ਬਾਰੇ ਜਾਣਕਾਰੀ, ਜੀਐਸਟੀ ਬਾਰੇ ਆਮ ਜਾਣਕਾਰੀ ਜਾਂ ਸੁਝਾਅ ਪ੍ਰਾਪਤ ਕਰ ਸਕਦਾ ਹੈ। ਉਨ੍ਹਾਂ ਕਿਹਾ ਕਿ ਇਸ ਸੇਵਾ ਰਾਹੀਂ ਜੀ.ਐਸ.ਟੀ ਪੋਰਟਲ ਨਾਲ ਸਬੰਧਤ ਤਕਨੀਕੀ ਸਮੱਸਿਆਵਾਂ ਜਾਂ ਸ਼ਿਕਾਇਤਾਂ ਬਾਰੇ ਵੀ ਜਾਣਕਾਰੀ ਪ੍ਰਾਪਤ ਕੀਤੀ ਜਾ ਸਕਦੀ ਹੈ।
ਇਸ ਦੌਰਾਨ ਵਿੱਤ ਮੰਤਰੀ ਨੇ ਕਰ ਵਿਭਾਗ ਦੀ ਜ਼ਿਲ੍ਹਾ ਪੱਧਰੀ ਕਾਰਗੁਜ਼ਾਰੀ ਦਾ ਜਾਇਜ਼ਾ ਵੀ ਲਿਆ। ਮੋਹਰੀ ਜ਼ਿਲ੍ਹਿਆਂ ਦੀ ਕਾਰਗੁਜ਼ਾਰੀ ਦੀ ਸ਼ਲਾਘਾ ਕਰਦਿਆਂ ਸ. ਚੀਮਾ ਨੇ ਜ਼ਿਲ੍ਹਾ ਪੱਧਰੀ ਅਧਿਕਾਰੀਆਂ ਨੂੰ ਸਲਾਹ ਦਿੱਤੀ ਕਿ ਉਹ ਵਿਅਕਤੀਗਤ ਤੌਰ 'ਤੇ ਇਕ ਦੂਜੇ ਦੀ ਕਾਰਗੁਜ਼ਾਰੀ ਤੋਂ ਸਿੱਖਣ ਤਾਂ ਕਿ ਉਹ ਆਪਣੀ ਪੇਸ਼ੇਵਰ ਤਾਕਤ ਨੂੰ ਹੋਰ ਨਿਖਾਰ ਸਕਣ। ਉਨ੍ਹਾਂ ਨੇ ਅਧਿਕਾਰੀਆਂ ਨੂੰ ਕਰਦਾਤਾਵਾਂ ਪ੍ਰਤੀ ਇੱਕ ਨਿਮਰਤਾ ਵਾਲੀ ਪਹੁੰਚ ਅਪਣਾਉਣ ਅਤੇ ਕਰਦਾਤਾਵਾਂ ਨੂੰ ਯਕੀਨ ਦਿਵਾਉਣ ਲਈ ਕਿ ਵਿਭਾਗ ਉਨ੍ਹਾਂ ਦੀ ਸਹੂਲਤ ਲਈ ਕੰਮ ਕਰ ਰਿਹਾ ਨਵੀਨਤਾਕਾਰੀ ਉਪਾਅ ਅਪਨਾਉਣ ਲਈ ਕਿਹਾ।
ਇਸ ਮੀਟਿੰਗ ਵਿੱਚ ਸਕੱਤਰ ਕਰ ਵਿਭਾਗ ਅਜੋਏ ਸ਼ਰਮਾ, ਕਰ ਕਮਿਸ਼ਨਰ ਕਮਲ ਕਿਸ਼ੋਰ ਯਾਦਵ, ਵਧੀਕ ਕਮਿਸ਼ਨਰ (ਆਡਿਟ) ਰਵਨੀਤ ਖੁਰਾਣਾ) ਅਤੇ ਵਧੀਕ ਕਮਿਸ਼ਨਰ (ਇਨਵੈਸਟੀਗੇਸ਼ਨ) ਵਿਰਾਜ ਐਸ. ਤਿਡਕੇ ਸਮੇਤ ਪ੍ਰਮੁੱਖ ਸ਼ਖ਼ਸੀਅਤਾਂ ਹਾਜ਼ਰ ਸਨ।