ਫੌਜ ਦੀ ਟਰੇਨ ਨੂੰ ਬੰਬ ਨਾਲ ਉਡਾਉਣ ਦੀ ਸਾਜ਼ਿਸ਼, ਰੇਲਵੇ ਟਰੈਕ 'ਤੇ ਲਗਾਏ ਗਏ ਸਨ 10 ਡੇਟੋਨੇਟਰ

ਮੱਧ ਪ੍ਰਦੇਸ਼ ਵਿੱਚ ਇੱਕ ਵਾਰ ਫਿਰ ਰੇਲ ਗੱਡੀ ਨੂੰ ਉਡਾਉਣ ਦੀ ਸਾਜ਼ਿਸ਼ ਦਾ ਪਰਦਾਫਾਸ਼ ਹੋਇਆ ਹੈ। ਇਸ ਵਾਰ ਸਮਾਜ ਵਿਰੋਧੀ ਅਨਸਰਾਂ ਨੇ ਆਰਮੀ ਟਰੇਨ ਨੂੰ ਨਿਸ਼ਾਨਾ ਬਣਾਇਆ। ਹਾਲਾਂਕਿ ਟਰੇਨ ਚਾਲਕ ਦੀ ਚੌਕਸੀ ਕਾਰਨ ਇਹ ਵੱਡਾ ਹਾਦਸਾ ਟਲ ਗਿਆ। ਜਾਂਚ ਦੌਰਾਨ ਰੇਲ ਪਟੜੀਆਂ ਤੋਂ 10 ਡੇਟੋਨੇਟਰ ਬਰਾਮਦ ਹੋਏ ਹਨ।

By  Dhalwinder Sandhu September 22nd 2024 01:40 PM

MP News : ਮੱਧ ਪ੍ਰਦੇਸ਼ ਵਿੱਚ ਇੱਕ ਵਾਰ ਫਿਰ ਤੋਂ ਰੇਲ ਗੱਡੀ ਨੂੰ ਬੰਬ ਨਾਲ ਉਡਾਉਣ ਦੀ ਸਾਜ਼ਿਸ਼ ਰਚੀ ਗਈ ਹੈ। ਇਸ ਵਾਰ ਫੌਜ ਦੀ ਰੇਲ ਗੱਡੀ ਨੂੰ ਬੰਬ ਨਾਲ ਉਡਾਉਣ ਦੀ ਸਾਜ਼ਿਸ਼ ਰਚੀ ਗਈ ਸੀ। ਇਹ ਘਟਨਾ ਬੁਰਹਾਨਪੁਰ ਦੇ ਨੇਪਾਨਗਰ ਵਿਧਾਨ ਸਭਾ ਹਲਕੇ ਦੇ ਸਾਗਫਾਟਾ ਵਿੱਚ ਵਾਪਰੀ। ਇੱਥੇ ਜਿਵੇਂ ਹੀ ਟਰੇਨ ਡੇਟੋਨੇਟਰ ਦੇ ਉਪਰੋਂ ਲੰਘੀ ਤਾਂ ਧਮਾਕੇ ਸ਼ੁਰੂ ਹੋ ਗਏ। ਇਸ ਤੋਂ ਟਰੇਨ ਡਰਾਈਵਰ ਸੁਚੇਤ ਹੋ ਗਿਆ ਅਤੇ ਉਸ ਨੇ ਤੁਰੰਤ ਸਟੇਸ਼ਨ ਮਾਸਟਰ ਨੂੰ ਸੂਚਿਤ ਕੀਤਾ। ਇਸ ਤਰ੍ਹਾਂ ਵੱਡਾ ਰੇਲ ਹਾਦਸਾ ਟਲ ਗਿਆ। ਸੂਤਰਾਂ ਅਨੁਸਾਰ ਇਸ ਘਟਨਾ ਨੂੰ ਅੰਜਾਮ ਦੇਣ ਲਈ 18 ਸਤੰਬਰ ਨੂੰ ਰੇਲਵੇ ਟ੍ਰੈਕ 'ਤੇ 10 ਡੇਟੋਨੇਟਰ ਲਗਾਏ ਗਏ ਸਨ।

ਘਟਨਾ ਦੇ ਸਾਹਮਣੇ ਆਉਣ ਤੋਂ ਬਾਅਦ ਰੇਲਵੇ ਅਤੇ ਸਥਾਨਕ ਪੁਲਿਸ ਨੇ ਏਟੀਐਸ ਅਤੇ ਐਨਆਈਏ ਸਮੇਤ ਹੋਰ ਏਜੰਸੀਆਂ ਨਾਲ ਮਿਲ ਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਇਸ ਤੋਂ ਪਹਿਲਾਂ ਵੀ ਮੱਧ ਪ੍ਰਦੇਸ਼, ਉੱਤਰ ਪ੍ਰਦੇਸ਼ ਅਤੇ ਬਿਹਾਰ ਵਿੱਚ ਟਰੇਨਾਂ ਨੂੰ ਪਲਟਾਉਣ ਦੀਆਂ ਸਾਜ਼ਿਸ਼ਾਂ ਦਾ ਪਰਦਾਫਾਸ਼ ਹੋ ਚੁੱਕਾ ਹੈ। ਇਨ੍ਹਾਂ ਸਾਰੇ ਮਾਮਲਿਆਂ ਵਿੱਚ ਅੱਤਵਾਦੀ ਸਬੰਧਾਂ ਦਾ ਵੀ ਖੁਲਾਸਾ ਹੋਇਆ ਹੈ। ਅਜਿਹੇ ਵਿੱਚ ਕੇਂਦਰੀ ਏਜੰਸੀਆਂ ਤੋਂ ਲੈ ਕੇ ਸਥਾਨਕ ਪੁਲਿਸ ਤੱਕ ਇਸ ਮਾਮਲੇ ਨੂੰ ਹਲਕੇ ਵਿੱਚ ਨਹੀਂ ਲੈ ਰਹੇ ਹਨ। ਇਸ ਵਾਰ ਖਦਸ਼ਾ ਜਤਾਇਆ ਜਾ ਰਿਹਾ ਹੈ ਕਿ ਇਸ ਸਾਜ਼ਿਸ਼ ਪਿੱਛੇ ਕਿਸੇ ਅੱਤਵਾਦੀ ਗਿਰੋਹ ਦੇ ਸਲੀਪਰ ਸੈੱਲ ਦਾ ਹੱਥ ਹੋ ਸਕਦਾ ਹੈ।

ਜਾਂਚ ਵਿੱਚ ਬਣਾਈ ਗੁਪਤਤਾ 

ਕਿਉਂਕਿ ਇਹ ਪੂਰਾ ਮਾਮਲਾ ਫੌਜ ਨਾਲ ਸਬੰਧਤ ਹੈ, ਇਸ ਲਈ ਮਾਮਲੇ ਦੀ ਜਾਂਚ ਵਿੱਚ ਪੂਰੀ ਗੁਪਤਤਾ ਰੱਖੀ ਜਾ ਰਹੀ ਹੈ। ਇੱਥੋਂ ਤੱਕ ਕਿ ਜਾਂਚ ਵਿੱਚ ਸ਼ਾਮਲ ਅਧਿਕਾਰੀ ਵੀ ਮੀਡੀਆ ਨਾਲ ਕਿਸੇ ਵੀ ਤਰ੍ਹਾਂ ਦੀ ਅਪਡੇਟ ਸਾਂਝੀ ਕਰਨ ਤੋਂ ਬਚ ਰਹੇ ਹਨ। ਹਾਲਾਂਕਿ ਰੇਲਵੇ ਅਧਿਕਾਰੀਆਂ ਨੇ ਦੱਸਿਆ ਕਿ 10 ਡੇਟੋਨੇਟਰ ਟਰੈਕ 'ਤੇ ਲਗਾਏ ਗਏ ਸਨ। ਰੇਲਵੇ ਅਧਿਕਾਰੀਆਂ ਮੁਤਾਬਕ ਇਹ ਹਾਦਸਾ 18 ਸਤੰਬਰ ਨੂੰ ਜੰਮੂ-ਕਸ਼ਮੀਰ ਤੋਂ ਕਰਨਾਟਕ ਜਾ ਰਹੀ ਸਪੈਸ਼ਲ ਆਰਮੀ ਟਰੇਨ ਨਾਲ ਵਾਪਰਿਆ ਸੀ। ਉਸ ਸਮੇਂ ਇਹ ਟਰੇਨ ਸਾਗਫਾਟਾ ਰੇਲਵੇ ਸਟੇਸ਼ਨ ਤੋਂ ਰਾਤ 1:48 ਵਜੇ ਰਵਾਨਾ ਹੋਈ ਸੀ ਕਿ ਧਮਾਕੇ ਸ਼ੁਰੂ ਹੋ ਗਏ।

ਕੇਂਦਰੀ ਏਜੰਸੀਆਂ ਨੇ ਜਾਂਚ ਸੰਭਾਲੀ 

ਲੋਕੋ ਪਾਇਲਟ ਨੇ ਤੁਰੰਤ ਐਮਰਜੈਂਸੀ ਬ੍ਰੇਕ ਲਗਾ ਕੇ ਟਰੇਨ ਨੂੰ ਰੋਕਿਆ ਅਤੇ ਸਟੇਸ਼ਨ ਮਾਸਟਰ ਨੂੰ ਮਾਮਲੇ ਦੀ ਜਾਣਕਾਰੀ ਦਿੱਤੀ। ਕਿਉਂਕਿ ਇਹ ਘਟਨਾ ਫੌਜ ਦੀ ਰੇਲ ਗੱਡੀ ਨਾਲ ਵਾਪਰੀ ਹੈ, ਰੇਲਵੇ ਅਧਿਕਾਰੀਆਂ ਨੇ ਤੁਰੰਤ ਕੇਂਦਰੀ ਜਾਂਚ ਏਜੰਸੀਆਂ ਨੂੰ ਸੂਚਿਤ ਕੀਤਾ। ਇਸ ਤੋਂ ਬਾਅਦ ਸ਼ਨੀਵਾਰ ਦੁਪਹਿਰ ਨੂੰ ਪੁਲਿਸ ਵਿਭਾਗ ਦੀ ਸਪੈਸ਼ਲ ਬ੍ਰਾਂਚ ਦੇ ਡੀਐਸਪੀ, ਨੇਪਾਨਗਰ ਐਸਡੀਓਪੀ ਥਾਣਾ ਇੰਚਾਰਜ ਸਮੇਤ ਰੇਲਵੇ ਅਧਿਕਾਰੀਆਂ ਨੇ ਘਟਨਾ ਸਥਾਨ ਦਾ ਮੁਆਇਨਾ ਕੀਤਾ। ਸ਼ਨੀਵਾਰ ਦੇਰ ਸ਼ਾਮ NIA, ATS ਅਤੇ ਹੋਰ ਖੁਫੀਆ ਏਜੰਸੀਆਂ ਵੀ ਮੌਕੇ 'ਤੇ ਪਹੁੰਚ ਗਈਆਂ ਅਤੇ ਜਾਂਚ ਨੂੰ ਸੰਭਾਲ ਲਿਆ।

ਇਹ ਵੀ ਪੜ੍ਹੋ : Sana Khan : ਪਤਨੀਆਂ ਨੂੰ ਛੋਟੇ ਕੱਪੜੇ ਪਵਾਉਣ ਵਾਲੇ ਪਤੀਆਂ ’ਤੇ ਭੜਕੀ ਸਨਾ ਖਾਨ, ਕਿਹਾ- 'ਥੋੜਾ ਆਤਮ ਸਨਮਾਨ ਹੋਣਾ ਚਾਹੀਦੈ'

Related Post