ਸਾਜਿਸ਼ ਜਾਂ ਕੁਝ ਹੋਰ? ਪੰਜਾਬ ਦੇ ਦੋ ਜ਼ਿਲ੍ਹਿਆਂ ਚ ਵਿਅਕਤੀਆਂ ਵੱਲੋਂ ਨਗਣ ਹੋ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੀ ਕੋਸ਼ਿਸ਼

ਪੀਟੀਸੀ ਨਿਊਜ਼ ਡੈਸਕ: ਪੰਜਾਬ 'ਚ ਗੁਰੂ ਗ੍ਰੰਥ ਸਾਹਿਬ ਅਤੇ ਸਿੱਖ ਪੰਥ ਖ਼ਿਲਾਫ਼ ਵੱਡੀ ਸਾਜਿਸ਼ ਰਚੀ ਜਾ ਰਹੀ ਹੈ। ਅਸੀਂ ਇਹ ਇਸ ਲਈ ਕਹਿ ਰਹੇ ਹਾਂ ਕਿਉਂਕਿ ਅੱਜ ਪੰਜਾਬ ਦੇ ਦੋ ਪ੍ਰਮੁੱਖ ਜ਼ਿਲ੍ਹਿਆਂ 'ਚ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੀ ਕੋਸ਼ਿਸ਼ ਕੀਤੀ ਗਈ ਅਤੇ ਦੋਵੇਂ ਮਾਮਲਿਆਂ 'ਚ ਆਰੋਪੀਆਂ ਨੇ ਦਰਬਾਰ ਸਾਹਿਬ 'ਚ ਆਪਣੇ ਕੱਪੜੇ ਲਾਹ ਦਿੱਤੇ ਸਨ।
ਨਗਣ ਹੋ ਬੇਅਦਬੀ ਕਰਨ ਦੀ ਕੋਸ਼ਿਸ਼ ਦਾ ਇਹ ਇੱਕੋ ਜਿਹਾ ਮਾਮਲਾ ਇਸ ਵੱਲ ਜ਼ਰੂਰ ਇਸ਼ਾਰਾ ਕਰਦਾ ਹੈ ਕਿ ਸਿੱਖ ਪੰਥ ਅਤੇ ਗੁਰੂ ਗ੍ਰੰਥ ਸਾਹਿਬ ਖ਼ਿਲਾਫ਼ ਕੀਤੇ ਕੋਈ ਬਹੁਤ ਵੱਡੀ ਸਾਜਿਸ਼ ਰਚੀ ਜਾ ਰਹੀ ਹੈ। ਹੁਣ ਇਨ੍ਹਾਂ ਮਾਮਲਿਆਂ 'ਚ ਮੁਲਜ਼ਮਾਂ ਨੂੰ ਦਮਾਗੀ ਤੌਰ 'ਤੇ ਅਸੁੰਤਲਿਤ ਵੀ ਕਿਹਾ ਜਾ ਰਿਹਾ ਹੈ। ਜੋ ਕਿ ਇਸ ਪੈਟਰਨ ਵੱਲ ਵੀ ਇਸ਼ਾਰਾ ਕਰਦਾ ਹੈ ਕਿ ਲੰਘੇ ਸਾਲਾਂ 'ਚ ਬੇਅਦਬੀ ਕਰਨ ਵਾਲੇ ਜ਼ਿਆਦਾਤਰ ਮੁਲਜ਼ਮ ਦਮਾਗੀ ਤੌਰ 'ਤੇ ਬਿਮਾਰ ਦੱਸੇ ਗਏ ਹਨ।
ਹੁਣ ਸਵਾਲ ਇਹ ਹੈ ਕਿ ਇਹ ਸਾਰੇ ਦਿਮਾਗੀ ਤੌਰ 'ਤੇ ਕਮਜ਼ੋਰ ਜਾਂ ਬਿਮਾਰ ਹੀ ਕਿਉਂ ਨਿਕਲਦੇ ਹਨ? ਅਤੇ ਇਨ੍ਹਾਂ ਨੂੰ ਕਿਉਂ ਸਿਰਫ਼ ਸਿੱਖਾਂ ਦੇ ਹੀ ਪਾਵਨ ਅਸਥਾਨ ਮਿਲਦੇ ਹਨ ਬੇਅਦਬੀ ਕਰਨ ਲਈ? ਇਹ ਕੁਝ ਗੰਭੀਰ ਅਤੇ ਧਿਆਨ ਦੇਣ ਯੋਗ ਸਵਾਲ ਹਨ। ਅੱਜ ਦੇ ਮਾਮਲੇ 'ਚ ਬੇਅਦਬੀ ਦਾ ਪੈਟਰਨ ਵੀ ਇੱਕੋ ਜਿਹਾ ਜਾਪਦਾ ਹੈ ਅਤੇ ਲੰਘੇ ਸਾਲਾਂ 'ਚ ਹੋਈਆਂ ਬੇਅਦਬੀਆਂ ਵੱਲ ਵੀ ਵੇਖੀਏ ਤਾਂ ਪੁਲਿਸ ਅਤੇ ਸਰਕਾਰ ਕੋਲ ਇਸਦਾ ਕੋਈ ਵਾਜਿਬ ਕਾਰਨ ਜਾ ਡਾਟਾ ਨਹੀਂ ਹੈ, ਜੋ ਸਿੱਧੇ ਤੌਰ 'ਤੇ ਇਸ ਵੱਲ ਇਸ਼ਾਰਾ ਕਰਦਾ ਹੈ ਕਿ ਪੰਜਾਬ ਦਾ ਮਾਹੌਲ ਖ਼ਰਾਬ ਕਰਨ ਲਈ ਗੁਰੂ ਗ੍ਰੰਥ ਸਾਹਿਬ ਨੂੰ ਵਾਰ ਵਾਰ ਨਿਸ਼ਾਨਾ ਬਣਾਇਆ ਜਾ ਰਿਹਾ ਹੈ।
ਅੰਮ੍ਰਿਤਸਰ 'ਚ ਬੇਅਦਬੀ ਦੀ ਕੋਸ਼ਿਸ਼
ਅੰਮ੍ਰਿਤਸਰ ਦੀ ਮੋਹਕਮਪੁਰਾ ਪੁਲਿਸ ਨੇ ਅੱਜ ਬੇਅਦਬੀ ਦੀ ਕੋਸ਼ਿਸ਼ 'ਚ ਇੱਕ ਨੌਜਵਾਨ ਨੂੰ ਹਿਰਾਸਤ ਵਿੱਚ ਲਿਆ ਹੈ। ਇਸ ਨੌਜਵਾਨ ਨੂੰ ਜੱਜ ਨਗਰ ਦੇ ਗੁਰਦੁਆਰਾ ਸਾਹਿਬ ਤੋਂ ਫੜਿਆ ਗਿਆ ਹੈ। ਮੁਲਜ਼ਮ ਨੇ ਆਪਣੀ ਅੱਧੀ ਪੈਂਟ ਲਾਹ ਦਿੱਤੀ ਸੀ ਅਤੇ ਬੇਅਦਬੀ ਕਰਨ ਦੀ ਕੋਸ਼ਿਸ਼ ਕਰ ਰਿਹਾ ਸੀ, ਜਦੋਂ ਸ਼ਰਧਾਲੂਆਂ ਨੇ ਉਸ ਨੂੰ ਫੜ ਲਿਆ ਅਤੇ ਮੋਹਕਮਪੁਰਾ ਨੂੰ ਪੁਲਿਸ ਦੇ ਹਵਾਲੇ ਕਰ ਦਿੱਤਾ ਗਿਆ।
ਹਾਸਿਲ ਜਾਣਕਾਰੀ ਮੁਤਾਬਕ ਇਲਾਕਾ ਨਿਵਾਸੀ ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਬੀਤੀ ਸ਼ਾਮ ਜਿਵੇਂ ਹੀ ਉਸ ਨੇ ਆਪਣਾ ਸਾਈਕਲ ਕੱਢਣ ਲਈ ਗੇਟ ਖੋਲ੍ਹਿਆ ਤਾਂ ਉਸ ਨੂੰ ਗੁਰਦੁਆਰਾ ਸਾਹਿਬ ਦੀਆਂ ਪੌੜੀਆਂ ਦੇ ਬਾਹਰ ਕਿਸੇ ਦੀਆਂ ਚੱਪਲਾਂ ਪਈਆਂ ਨਜ਼ਰ ਆਈਆਂ। ਚੱਪਲਾਂ ਨੂੰ ਦੇਖ ਕੇ ਜਿਵੇਂ ਹੀ ਉਹ ਉੱਪਰ ਪਹੁੰਚਿਆ ਤਾਂ ਦੇਖਿਆ ਕਿ ਮੁਲਜ਼ਮ ਉੱਥੇ ਖੜ੍ਹਾ ਸੀ ਜਿੱਥੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਹੋਇਆ ਸੀ।
ਚਸ਼ਮਦੀਦ ਨੇ ਦੱਸਿਆ, "ਮੈਂ ਮੁਲਜ਼ਮ ਨੂੰ ਆਵਾਜ਼ ਮਾਰੀ ਤਾਂ ਉਹ ਦਰਵਾਜ਼ੇ ਦੇ ਪਿੱਛੇ ਲੁਕ ਗਿਆ।"
ਗੁਰਪ੍ਰੀਤ ਸਿੰਘ ਨੇ ਕਿਹਾ ਕਿ ਮੁਲਜ਼ਮ ਨੇ ਆਪਣੀ ਪੈਂਟ ਲਾਹ ਦਿੱਤੀ ਸੀ ਅਤੇ ਬੇਅਦਬੀ ਕਰਨ ਦੀ ਕੋਸ਼ਿਸ਼ ਕਰ ਰਿਹਾ ਸੀ। ਗੁਰਪ੍ਰੀਤ ਸਿੰਘ ਅਤੇ ਸੰਗਤ ਨੇ ਉਸ ਨੂੰ ਫੜ ਕੇ ਹੇਠਾਂ ਲਿਆਂਦਾ ਅਤੇ ਮੋਹਕਮਪੁਰਾ ਪੁਲਿਸ ਦੇ ਹਵਾਲੇ ਕਰ ਦਿੱਤਾ। ਗੁਰਪ੍ਰੀਤ ਸਿੰਘ ਮੁਤਾਬਕ ਮੁਲਜ਼ਮ ਨੇ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਈ ਹੈ, ਇਸ ਲਈ ਉਸ ਖ਼ਿਲਾਫ਼ ਬਣਦੀ ਕਾਰਵਾਈ ਹੋਣੀ ਚਾਹੀਦੀ ਹੈ।
ਮਾਮਲੇ ਦੀ ਜਾਂਚ ਕਰ ਰਹੇ ਪੁਲਿਸ ਅਧਿਕਾਰੀ ਜਗਜੀਤ ਸਿੰਘ ਨੇ ਦੱਸਿਆ, "ਮੁਲਜ਼ਮ ਦਾ ਨਾਂ ਭਜਨ ਸਿੰਘ ਪੁੱਤਰ ਬਚਿੱਤਰ ਸਿੰਘ ਹੈ ਅਤੇ ਉਹ ਗੁਰਦੁਆਰਾ ਸਾਹਿਬ ਦੇ ਨਜ਼ਦੀਕ ਹੀ ਰਹਿੰਦਾ ਹੈ ਅਤੇ ਲੰਗਰ ਛੱਕ ਕੇ ਆਪਣਾ ਗੁਜ਼ਾਰਾ ਕਰਦਾ ਹੈ।"
ਉਨ੍ਹਾਂ ਅੱਗੇ ਕਿਹਾ, "ਉਸ ਨੇ ਬੇਅਦਬੀ ਕਰਨ ਦੀ ਕੋਸ਼ਿਸ਼ ਕਿਉਂ ਕੀਤੀ? ਇਸ ਸਬੰਧੀ ਉਸ ਨੇ ਕੋਈ ਜਾਣਕਾਰੀ ਨਹੀਂ ਦਿੱਤੀ। ਮੁਲਜ਼ਮ ਦੀ ਦਿਮਾਗੀ ਹਾਲਤ ਠੀਕ ਨਹੀਂ ਹੈ।"
ਪੁਲਿਸ ਨੇ ਮੁਲਜ਼ਮ ਨੂੰ ਹਿਰਾਸਤ 'ਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।
ਦੂਜਾ ਮਾਮਲਾ ਮੋਹਾਲੀ ਦੇ ਘੜੂਆਂ ਤੋਂ ਆਇਆ ਸਾਹਮਣੇ
ਘੜੂਆਂ ਦੇ ਪਿੰਡ ਸਿੱਲ ਦੇ ਗੁਰੂ ਘਰ ਵਿੱਚ ਅੱਜ ਸਵੇਰੇ ਕਰੀਬ ਪੰਜ ਵਜੇ ਇੱਕ ਨੌਜਵਾਨ ਗੁਰੂ ਘਰ 'ਚ ਦਾਖਿਲ ਹੋ ਗਿਆ। ਇਹ ਨੌਜਵਾਨ ਗੁਰੂ ਗ੍ਰੰਥ ਸਾਹਿਬ ਦੀ ਤਾਬਿਆ 'ਤੇ ਬੈਠੇ ਪਾਠੀ ਸਿੰਘ ਨਾਲ ਹਥੋਪਾਈ ਸ਼ੁਰੂ ਕਰ ਦਿੱਤੀ।
ਉਸ ਨੇ ਪਹਿਲਾਂ ਪਾਠੀ ਸਿੰਘ ਨੂੰ ਤਾਬਿਆ ਤੋਂ ਘਸੀਟ ਕੇ ਹੇਠਾਂ ਲਾ ਦਿੱਤਾ ਅਤੇ ਜਦੋਂ ਪਾਠੀ ਸਿੰਘ ਨੇ ਉਸ ਨੂੰ ਫੜ ਕੇ ਸਵੈ ਰੱਖਿਆ 'ਚ ਮਾਰਨ ਦੀ ਕੋਸ਼ਿਸ਼ ਕੀਤੀ ਤਾਂ ਮੁਲਜ਼ਮ ਨੇ ਤਾਬਿਆ ਕੋਲੇ ਆਪਣੇ ਸਾਰੇ ਕੱਪੜੇ ਲਾਹ ਦਿੱਤੇ।
ਇਹ ਨੌਜਵਾਨ ਪਿੰਡ ਦਾ ਹੀ ਵਸਨੀਕ ਦੱਸਿਆ ਜਾ ਰਿਹਾ, ਜੋ ਕਿ ਨੇੜਲੇ ਪੈਟਰੋਲ ਪੰਪ ਉੱਤੇ ਕੰਮ ਕਰਦਾ ਹੈ। ਮਾਮਲੇ ਦੀ ਪੁਲਿਸ ਜਾਂਚ ਕਰ ਰਹੇ ਇੱਕ ਅਧਿਕਾਰੀ ਨੇ ਦੱਸਿਆ ਕਿ ਮੁਲਜ਼ਮ ਵੱਲੋਂ ਇਹ ਕਦਮ ਕਿਉਂ ਚੁੱਕਿਆ ਗਿਆ ਇਸ ਗੱਲ ਦੀ ਤਫਤੀਸ਼ ਕੀਤੀ ਜਾ ਰਹੀ ਹੈ।
- ਮੋਹਾਲੀ ਤੋਂ ਪੱਤਰਕਾਰ ਦਲਜੀਤ ਸਿੰਘ ਅਤੇ ਅੰਮ੍ਰਿਤਸਰ ਤੋਂ ਪੱਤਰਕਾਰ ਮਨਿੰਦਰ ਸਿੰਘ ਮੋਂਗਾ ਦੇ ਸਹਿਯੋਗ ਨਾਲ