ਕਿਸਾਨਾਂ ਤੇ ਸਰਕਾਰ ਵਿਚਕਾਰ ਬਣੀ ਸਹਿਮਤੀ, ਜਗਜੀਤ ਡੱਲੇਵਾਲ ਅਤੇ ਸਾਥੀਆਂ ਨੇ ਮਰਨ ਵਰਤ ਕੀਤਾ ਖਤਮ
ਮੀਟਿੰਗ ਤੋਂ ਬਾਅਦ ਕਿਸਾਨ ਆਗੂਆਂ ਨੇ ਆਪਣਾ ਧਰਨਾ ਖਤਮ ਕਰਨ ਦਾ ਐਲਾਨ ਕੀਤਾ ਤੇ ਜਗਜੀਤ ਸਿੰਘ ਡੱਲੇਵਾਲ ਤੇ ਸਾਥੀਆਂ ਨੂੰ ਜੂਸ ਪਿਲਾ ਕੇ ਧਰਨੇ ਨੂੰ ਖਤਮ ਕੀਤਾ ਗਿਆ।
Farmer Protest: ਪਿਛਲੇ ਕਈ ਦਿਨਾਂ ਤੋਂ ਸਰਕਾਰ ਦੇ ਲਈ ਚਿੰਤਾ ਦਾ ਵਿਸ਼ਾ ਬਣੇ ਸੰਯੁਕਤ ਕਿਸਾਨ ਮੋਰਚੇ (ਗੈਰ ਰਾਜਨੀਤਕ) ਵਲੋਂ ਜਗਜੀਤ ਸਿੰਘ ਡੱਲੇਵਾਲ ਅਤੇ ਉਨ੍ਹਾਂ ਦੇ ਸਾਥੀਆਂ ਦਾ ਮਰਨ ਵਰਤ ਅੱਜ ਉਸ ਸਮੇਂ ਸਮਾਪਤ ਹੋ ਗਿਆ ਜਦੋਂ ਸੰਯੁਕਤ ਕਿਸਾਨ ਮੋਰਚਾ ਅਤੇ ਪੀ. ਐਸ. ਪੀ. ਸੀ. ਐਲ. ਤੇ ਸਥਾਨਕ ਪੁਲਸ ਪ੍ਰਸ਼ਾਸਨ ਦੀ ਇਕ ਮੀਟਿੰਗ ’ਚ ਦੋਹਾਂ ਪੱਖਾਂ ਦੀ ਸਹਿਮਤੀ ਬਣ ਗਈ।
ਮੀਟਿੰਗ ਤੋਂ ਬਾਅਦ ਕਿਸਾਨ ਆਗੂਆਂ ਨੇ ਆਪਣਾ ਧਰਨਾ ਖਤਮ ਕਰਨ ਦਾ ਐਲਾਨ ਕੀਤਾ ਤੇ ਜਗਜੀਤ ਸਿੰਘ ਡੱਲੇਵਾਲ ਤੇ ਸਾਥੀਆਂ ਨੂੰ ਜੂਸ ਪਿਲਾ ਕੇ ਧਰਨੇ ਨੂੰ ਖਤਮ ਕੀਤਾ ਗਿਆ। ਇਸ ਮੀਟਿੰਗ ਵਿਚ 7 ਮੁੱਦਿਆਂ ’ਤੇ ਸਹਿਮਤੀ ਬਣੀ, ਜਿਨ੍ਹਾਂ ਵਿਚ ਕਿਸਾਨਾਂਦੀ ਪਹਿਲੀ ਮੰਗ ਸੀ ਕਿ ਸਹਾਇਕ ਧੰਦਿਆਂ ਲਈ ਲਏ ਗਏ ਬਿਜਲੀ ਕੁਨੈਕਸ਼ਨਾਂ ’ਤੇ ਕਮਰਸ਼ੀਅਲ ਚਾਰਜ ਲੈਣੇ ਬੰਦ ਕੀਤੇ ਜਾਣ, ਦੂਜਾ ਵੱਖ-ਵੱਖ ਸਕੀਮਾਂ ਅਧੀਨ ਕਿਸਾਨਾਂ ਤੋਂ ਕੁਨੈਕਸ਼ਨਾਂ ਦੇ ਨਾਮ ’ਤੇ ਭਰਵਾਏ ਗਏ ਪੈਸੇ ਸਮੇਤ ਵਿਆਜ਼ ਵਾਪਸ ਕੀਤੇ ਜਾਣ ਅਤੇ ਕੁਨੈਕਸ਼ਨ ਲੈਣ ਵਾਲੇ ਕਿਸਾਨਾਂ ਨੂੰ ਤੁਰੰਤ ਕਨੈਕਸ਼ਨ ਦਿੱਤੇ ਜਾਣ, ਜਿਸ ’ਤੇ ਪੀ. ਐਸ.ਪੀ. ਸੀ. ਐਲ. ਨੇ ਕਿਹਾ ਕਿ ਨਵੇਂ ਕੁਨੈਕਸ਼ਨ ਦੇਣ ਦਾ ਮਾਮਲਾ ਪੰਜਾਬ ਸਰਕਾਰ ਨਾਲ ਸਬੰਧਤ ਹੈ, ਜੇਕਰ ਕੋਈ ਬਿਨੈਕਾਰ ਕੁਨੈਕਸ਼ਨ ਨਹੀਂ ਲੈਣਾ ਚਾਹੁੰਦਾ ਤਾਂ ਉਸਦੀ ਭਰੀ ਰਕਮ ਵਾਪਸ ਕੀਤੀ ਜਾਵੇਗੀ ਤੇ ਆਰ. ਬੀ. ਆਈ. ਬੈਂਕ ਰੇਟ ਅਨੁਸਾਰ ਵਿਆਜ਼ ਦੇਣ ਯੋਗ ਹੋਵੇਗਾ। ਪਹਿਲੀ ਮੰਗ ’ਤੇ ਪੀ. ਐਸ. ਪੀ. ਸੀ. ਐਲ. ਦਾ ਕਹਿਣਾ ਸੀ ਕਿ ਕਮਰਸ਼ੀਅਲ ਟੈਰਿਜ਼ ਜੋ ਕਿ 8. 44 ਰੁਪਏ ਪ੍ਰਤੀ ਯੂਨਿਟ ਹੈ ਉਹ ਸਹਾਇਕ ਧੰਦਿਆਂ ’ਤੇ ਨਹੀਂ ਲਗਾਇਆ ਜਾਂਦਾ। ਇਸ ਸਮੇਂ ਸਹਾਇਕ ਧੰਦਿਆਂ ’ਤੇ 5. 50 ਰੁਪਏ ਪ੍ਰਤੀ ਯੂਨਿਟ ਸਹਾਇਕ ਧੰਦਿਆਂ ਦੇ ਕੁਨੈਕਸ਼ਨ ’ਤੇ ਚਾਰਜ ਕੀਤਾ ਜਾ ਰਿਹਾ ਹੈ ਜਦੋਂ ਕਿ ਬਿਜਲੀ ਦੀ ਔਸਤ ਸਪਲਾਈ ਦੀ ਕੀਮਤ 7. 04 ਰੁਪਏ ਤੋਂ ਕਾਫੀ ਘੱਟ ਹੈ। ਜਿਹੜੇ ਖਪਤਕਾਰ ਘਰ ਵਿਚ ਦੁਧਾਰੂ ਪਸ਼ੂ ਪਾਲ ਰਹੇ ਹਨ ਨੂੰ ਘਰੇਲੂ ਟੈਰਿਫ਼ ਲਗਾਉਣ ਦੀ ਹਦਾਇਤਾਂ ’ਚ ਸੋਧ ਸਰਕੂਲਰ ਜਾਰੀ ਕਰ ਦਿੱਤਾ ਗਿਆ ਹੈ।
ਤੀਸਰੀ ਮੰਗ ’ਚ ਜ਼ਮੀਨ ਖਰੀਦਣ ਵਾਲੇ ਅਤੇ ਭਰਾਵਾਂ ਦੀ ਵੰਡ ਕਾਰਨ ਕੁਨੈਕਸ਼ਨ ਦੇ ਨਾਮ ਤਬਦੀਲ ਪ੍ਰਕਿਰਿਆ ਨੂੰ ਸੌਖਾ ਬਣਾਇਆ ਜਾਵੇ ਇਸ ’ਤੇ ਵੀ ਕਈ ਪੁਆਇੰਟਾਂ ’ਤੇ ਬਿਜਲੀ ਨਿਗਮ ਵਲੋਂ ਕਾਨੂੰਨੀ ਪ੍ਰਕਿਰਿਆ ਸਬੰਧੀ ਕਿਸਾਨਾਂ ਨੂੰ ਬਿਓਰਾ ਦਿੱਤਾ ਗਿਆ ਤੇ ਚੌਥੀ ਮੰਗ ਵਿਚ ਟਿਊਬਵੈਲ ਖਰਾਬ ਹੋਣ ਦੀ ਸੂਰਤ ਵਿਚ ਕਿਸਾਨਾਂ ਨੂੰ ਆਪਣੇ ਹੀ ਖੇਤ ਵਿਚ ਕੁਨੈਕਸ਼ਨ ਸ਼ਿਫਟ ਕਰਨ ’ਤੇ ਲਗਾਈਆਂ ਪਾਬੰਦੀਆਂ ਖਤਮ ਕੀਤੀਆਂ ਜਾਣ, ਪੰਜਵੀਂ ਮੰਗ ਪਿਛਲੇ ਸਮੇਂ ਦੌਰਾਨ ਮੋਟਰਾਂ ਦੇ ਲੋਡ ਵਧਾ ਚੁੱਕੇ ਕਿਸਾਨਾਂ ਦੇ ਟ੍ਰਾਂਸਫਾਰਮਰ ਵੱਡੇ ਕੀਤੇ ਜਾਣ ਅਤੇ ਲੰਮੀਆਂ ਤੇ ਪੁਰਾਣੀਆਂ ਐਲ. ਟੀ. ਲਾਈਨਾਂ ਨੂੰ ਛੋਟੀਆਂ ਕਰਕੇ ਇਨ੍ਹਾਂ ਉਪਰ ਮੋਟਰ ਵੋਲਟੇਜ਼ ਪੂਰੀ ਕੀਤੀ ਜਾਵੇ, ਛੇਵੀਂ ਮੰਗ ’ਚ ਬਾਦਲ ਸਰਕਾਰ ਸਮੇਂ ਕਿਸਾਨਾਂ ਵਲੋਂ ਆਪਣੇ ਖਰਚੇ ’ਤੇ ਲਏ ਗਏ ਕੁਨੈਕਸ਼ਨਾਂ ਦੇ ਬਕਾਏ ਵੀ ਪਾਵਰਕਾਮ ਆਪਣੇ ਅਧਿਕਾਰ ਖੇਤਰ ’ਚ ਲਵੇ, ਟ੍ਰਾਂਸਫਾਰਮਰ ਸੜ ਜਾਣ ਉਪਰੰਤ 24 ਘੰਟਿਆਂ ਅੰਦਰ ਟ੍ਰਾਂਸਫਾਰਮਰ ਤਬਦੀਲ ਕੀਤੇ ਜਾਣ ਅਤੇ ਟ੍ਰਾਂਸਫਾਰਮਰ ਤਬਦੀਲ ਕੀਤੇ ਜਾਣ ਦੇ ਨਾਮ ’ਤੇ ਕਿਸਾਨਾਂ ਦੀ ਲੁੱਟ ਬੰਦ ਕੀਤੀ ਜਾਵੇ। ਇਥੇ ਦੱਸਣਯੋਗ ਹੈ ਕਿ ਕਿਸਾਨੀ ਸੰਘਰਸ਼ ਕਾਰਨ ਪੁਲਸ ਪ੍ਰਸ਼ਾਸਨ ਪਿਛਲੇ ਕਈ ਦਿਨਾਂ ਤੋਂ ਪੱਬਾਂ ਭਾਰ ਹੋਇਆ ਹੈ ਤੇ ਪਾਵਰਕਾਮ ਦੇ ਬਾਹਰ ਵੱਡੀ ਗਿਣਤੀ ਵਿਚ ਪੁਲਸ ਮੁਲਾਜਮਾਂ ਨੂੰ ਤਾਇਨਾਤ ਕੀਤਾ ਗਿਆ ਹੈ ਤੇ ਮਰਨ ਵਰਤ ਕਾਰਨ ਜਗਜੀਤ ਸਿੰਘ ਡੱਲੇਵਾਲ ਨੂੰ ਮਾਤਾ ਕੌਸ਼ਲਿਆ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਸੀ ਤੇ ਹਸਪਤਾਲ ਦੇ ਬਾਹਰ ਵੀ ਭਾਰੀ ਗਿਣਤੀ ਵਿਚ ਪੁਲਸ ਫੋਰਸ ਤਾਇਨਾਤ ਕੀਤੀ ਗਈ ਸੀ। ਅੱਜ ਪੂਰਾ ਦਿਨ ਚੰਡੀਗੜ੍ਹ ਤੋਂ ਆਏ ਅਧਿਕਾਰੀ ਆਈ. ਜੀ. ਪਟਿਆਲਾ, ਐਸ. ਐਸ. ਪੀ. ਪਟਿਆਲਾ ਸਮੇਤ ਕਈ ਅਧਿਕਾਰੀ ਪੂਰਾ ਦਿਨ ਇਸ ਮੀਟਿੰਗ ਨੂੰ ਸਫਲ ਬਣਾਉਣ ਵਿਚ ਲੱਗੇ ਰਹੇ।