ਕਾਂਗਰਸੀਆਂ ਨੇ ਰਾਹੁਲ ਗਾਂਧੀ ਨੂੰ ਦੱਸਿਆ 'ਸਵਰਗਵਾਸੀ', ਵਰਕਰਾਂ ਨੇ ਲਾਏ ‘ਅਮਰ ਰਹੇ’ ਦੇ ਨਾਅਰੇ
Congress Rahul Gandhi: ਕਾਂਗਰਸ ਨੇਤਾ ਰਾਹੁਲ ਗਾਂਧੀ ਨੂੰ ਸੁਪਰੀਮ ਕੋਰਟ ਤੋਂ ਰਾਹਤ ਮਿਲਣ 'ਤੇ ਕਾਂਗਰਸੀ ਵਰਕਰਾਂ ਅਤੇ ਨੇਤਾਵਾਂ 'ਚ ਖੁਸ਼ੀ ਦੀ ਲਹਿਰ ਦੌੜ ਰਹੀ ਹੈ। ਰਾਹੁਲ ਗਾਂਧੀ ਦੇ ਹੱਕ ਵਿੱਚ ਜਿੱਥੇ ਨਾਅਰੇਬਾਜ਼ੀ ਵੀ ਕੀਤੀ ਜਾ ਰਹੀ ਹੈ ਉੱਥੇ ਹੀ ਮਠਿਆਈਆਂ ਵੀ ਵੰਡੀਆਂ ਜਾ ਰਹੀਆਂ ਹਨ। ਇਸ ਦੇ ਨਾਲ ਇੱਕ ਅਜਿਹਾ ਕਿੱਸਾ ਵੀ ਸਾਹਮਣੇ ਆਇਆ ਹੈ, ਜਿੱਥੇ ਕੁਝ ਜ਼ਿਆਦਾ ਉਤਸ਼ਾਹੀ ਵਰਕਰਾਂ ਅਤੇ ਨੇਤਾਵਾਂ ਦੀ ਜ਼ੁਬਾਨ ਹੀ ਫਿਸਲ ਗਈ। ਹੁਣ ਇਹ ਪਾਰਟੀ ਵਰਕਰ ਸੋਸ਼ਲ ਮੀਡੀਆ 'ਤੇ ਲੋਕਾਂ ਦੇ ਨਿਸ਼ਾਨੇ 'ਤੇ ਆ ਗਏ ਹਨ, ਜਿਨ੍ਹਾਂ ਨੁ ਲਗਾਤਾਰ ਟ੍ਰੋਲ ਕੀਤਾ ਜਾ ਰਿਹਾ ਹੈ।
ਰਾਹੁਲ ਗਾਂਧੀ ਨੂੰ ਲੈ ਕੇ ਕਾਂਗਰਸ ਵਿਧਾਇਕ ਦੀ ਫਿਸਲੀ ਜ਼ੁਬਾਨ
ਝਾਰਖੰਡ ਦੇ ਕਾਂਗਰਸ ਵਿਧਾਇਕ ਇਰਫਾਨ ਅੰਸਾਰੀ ਨੇ ਸੁਪਰੀਮ ਕੋਰਟ ਵੱਲੋਂ ਰਾਹੁਲ ਗਾਂਧੀ ਦੀ ਸਜ਼ਾ 'ਤੇ ਰੋਕ ਲਾਉਣ ਤੋਂ ਬਾਅਦ ਮੀਡੀਆ ਨਾਲ ਗੱਲਬਾਤ ਕਰਦਿਆਂ ਕਿਹਾ, 'ਡਿਜੀਟਲ ਇੰਡੀਆ ਮਰਹੂਮ ਰਾਹੁਲ ਗਾਂਧੀ ਦਾ ਤੋਹਫ਼ਾ ਸੀ।' ਹਾਲਾਂਕਿ ਉਥੇ ਮੌਜੂਦ ਲੋਕਾਂ ਨੇ ਉਨ੍ਹਾਂ ਨੂੰ ਟੋਕ ਦਿੱਤਾ ਅਤੇ ਯਾਦ ਕਰਵਾਇਆ ਕਿ ਉਹ ਰਾਹੁਲ ਗਾਂਧੀ ਨਹੀਂ ਬਲਕਿ ਰਾਜੀਵ ਗਾਂਧੀ ਦਾ ਸੁਪਨਾ ਸੀ। ਇਸ ਤੋਂ ਬਾਅਦ ਕਾਂਗਰਸੀ ਵਿਧਾਇਕ ਨੂੰ ਆਪਣੀ ਗਲਤੀ ਦਾ ਅਹਿਸਾਸ ਹੋਇਆ ਅਤੇ ਉਨ੍ਹਾਂ ਆਪਣੇ ਬਿਆਨ 'ਚ ਸੁਧਾਰ ਕੀਤਾ।
ਗਲਤੀ ਦਾ ਅਹਿਸਾਸ ਹੋਇਆ ਤਾਂ ਕੀਤਾ ਸੁਧਾਰ
ਕਾਂਗਰਸੀ ਵਿਧਾਇਕ ਉਮਾਸ਼ੰਕਰ ਅਕੇਲਾ ਨੇ ਇਰਫਾਨ ਅੰਸਾਰੀ ਨੂੰ ਗਲਤੀ ਦਾ ਅਹਿਸਾਸ ਕਰਵਾਇਆ, ਫਿਰ ਗਲਤੀ ਨੂੰ ਸੁਧਾਰਿਆ ਗਿਆ ਪਰ ਉਨ੍ਹਾਂ ਦੀ ਇਹ ਗਲਤੀ ਮੀਡੀਆ ਦੇ ਕੈਮਰੇ 'ਚ ਕੈਦ ਹੋ ਗਈ। ਜਿਸ ਨੂੰ ਕਾਫੀ ਸ਼ੇਅਰ ਕੀਤਾ ਜਾ ਰਿਹਾ ਹੈ। ਇੰਨਾ ਹੀ ਨਹੀਂ ਇਕ ਥਾਂ 'ਤੇ ਉਤਸ਼ਾਹਿਤ ਵਰਕਰਾਂ ਨੇ 'ਰਾਹੁਲ ਗਾਂਧੀ ਅਮਰ ਰਹੇ' ਦੇ ਨਾਅਰੇ ਵੀ ਲਾ ਦਿੱਤੇ।
ਇੱਕ ਹੋਰ ਵੀਡੀਓ ਸਾਹਮਣੇ ਆਇਆ ਹੈ ਜਿਸ ਵਿੱਚ ਕਈ ਕਾਂਗਰਸੀ ਵਰਕਰ ਇਕੱਠੇ ਹੋ ਕੇ ਜਸ਼ਨ ਮਨਾਉਂਦੇ ਨਜ਼ਰ ਆ ਰਹੇ ਹਨ। ਕੁਝ ਲੋਕ ਮਠਿਆਈਆਂ ਵੰਡ ਰਹੇ ਹਨ ਤਾਂ ਕੁਝ ਕਾਂਗਰਸ ਦੇ ਝੰਡੇ ਨਾਲ ਖੜ੍ਹੇ ਹਨ। ਇਸ ਦੌਰਾਨ ਇਕ ਵਿਅਕਤੀ ਨੇ 'ਰਾਹੁਲ ਗਾਂਧੀ ਅਮਰ ਰਹੇ' ਦਾ ਨਾਅਰਾ ਲਗਾਇਆ। ਹਾਲਾਂਕਿ ਉਸਨੂੰ ਤੁਰੰਤ ਰੋਕ ਦਿੱਤਾ ਗਿਆ।
ਫਿਰ ਤੋਂ ਸੰਸਦ 'ਚ ਆਉਣਗੇ ਰਾਹੁਲ, ਲੜ ਸਕਣਗੇ 2024 ਦੀਆਂ ਚੋਣਾਂ !
ਦੱਸ ਦੇਈਏ ਕਿ ਰਾਹੁਲ ਗਾਂਧੀ ਦੇ ਮੋਦੀ ਸਰਨੇਮ ਮਾਮਲੇ ਦੀ ਸੁਣਵਾਈ ਤੋਂ ਬਾਅਦ ਸੁਪਰੀਮ ਕੋਰਟ ਨੇ ਕਿਹਾ, ‘ਜਦੋਂ ਤੱਕ ਰਾਹੁਲ ਗਾਂਧੀ ਦੀ ਪਟੀਸ਼ਨ ‘ਤੇ ਸੁਣਵਾਈ ਪੂਰੀ ਨਹੀਂ ਹੋ ਜਾਂਦੀ, ਉਦੋਂ ਤੱਕ ਦੋਸ਼ੀ ਠਹਿਰਾਏ ਜਾਣ ‘ਤੇ ਰੋਕ ਰਹੇਗੀ।’ ਇਸ ਤੋਂ ਬਾਅਦ ਰਾਹੁਲ ਗਾਂਧੀ ਦੀ ਲੋਕ ਸਭਾ ਮੈਂਬਰਸ਼ਿਪ ਬਹਾਲ ਹੋਣ ਜਾ ਰਹੀ ਹੈ। ਮੰਨਿਆ ਜਾ ਰਿਹਾ ਹੈ ਕਿ ਸੋਮਵਾਰ ਨੂੰ ਰਾਹੁਲ ਗਾਂਧੀ ਲੋਕ ਸਭਾ ਦੀ ਕਾਰਵਾਈ 'ਚ ਹਿੱਸਾ ਲੈ ਸਕਦੇ ਹਨ।
ਹੋਰ ਖ਼ਬਰਾਂ ਪੜ੍ਹੋ:
- ਨਿਊਜ਼ੀਲੈਂਡ: ਕਤਲ ਸਾਬਤ ਹੋਣ ਮਗਰੋਂ ਬੋਲਿਆ ਪੰਜਾਬੀ ਨੌਜਵਾਨ 'ਜ਼ਿੰਦਗੀ ਜੇਲ੍ਹ 'ਚ ਬਿਤਾਉਣ ਲਾਇਕ ਨਹੀਂ'
- ਸਿੱਖ ਭਾਈਚਾਰੇ ਲਈ ਆਈ ਵੱਡੀ ਖਬਰ, ਆਸਟ੍ਰੇਲੀਆ ’ਚ ਸਿਰੀ ਸਾਹਿਬ ਨੂੰ ਲੈ ਕੇ ਸੁਣਾਇਆ ਇਹ ਫੈਸਲਾ
- 1984 ਸਿੱਖ ਨਸਲਕੁਸ਼ੀ ਮਾਮਲਾ: ਦਿੱਲੀ ਦੀ ਅਦਾਲਤ ਨੇ ਜਗਦੀਸ਼ ਟਾਈਟਲਰ ਨੂੰ ਦਿੱਤੀ ਅਗਾਊਂ ਜ਼ਮਾਨਤ
- ਨੂੰਹ ਹਿੰਸਾ ਦੇ ਗੁਨਾਹਗਾਰਾਂ ਖਿਲਾਫ ਹਰਿਆਣਾ ਸਰਕਾਰ ਸਖ਼ਤ