ਕਾਂਗਰਸ ਪ੍ਰਧਾਨ ਰਾਜਾ ਵੜਿੰਗ ਨੇ ਵੀ ਦਿੱਤਾ ਅਸਤੀਫ਼ਾ, ਸੁਖਜਿੰਦਰ ਰੰਧਾਵਾ ਤੇ ਚੱਬੇਵਾਲ ਦਾ ਹੋਇਆ ਮਨਜ਼ੂਰ

ਲੋਕ ਸਭਾ ਚੋਣ ਜਿੱਤਣ ਤੋਂ ਬਾਅਦ ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਵਿਧਾਨ ਸਭਾ ਸੀਟ ਗਿੱਦੜਬਾਹਾ ਦੀ ਵਿਧਾਇਕੀ ਤੋਂ ਅਸਤੀਫਾ ਦੇ ਦਿੱਤਾ ਹੈ। ਉਥੇ ਦੀ ਵਿਧਾਨ ਸਭਾ ਸਪੀਕਰ ਨੇ ਸੁਖਜਿੰਦਰ ਰੰਧਾਵਾ ਅਤੇ ਰਾਜ ਕੁਮਾਰ ਚੱਬੇਵਾਲ ਦਾ ਅਸਤੀਫਾ ਪ੍ਰਵਾਨ ਕਰ ਲਿਆ ਹੈ।

By  Dhalwinder Sandhu June 14th 2024 04:19 PM

Raja Warring resigned: ਕਾਂਗਰਸ ਦੇ ਸੂਬਾ ਪ੍ਰਧਾਨ ਤੇ ਗਿੱਦੜਬਾਹਾ ਤੋਂ ਵਿਧਾਇਕ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਵੀ ਵਿਧਾਨ ਸਭਾ ਸਪੀਕਰ ਕੁਲਤਾਰ ਸਿੰਘ ਸੰਧਵਾਂ ਨੂੰ ਆਪਣਾ ਅਸਤੀਫਾ ਸੌਂਪ ਦਿੱਤਾ ਹੈ। ਰਾਜਾ ਵੜਿੰਗ ਲੁਧਿਆਣਾ ਤੋਂ ਲੋਕ ਸਭਾ ਚੋਣ ਜਿੱਤੇ ਹਨ। ਇਸ ਦੇ ਨਾਲ ਹੀ ‘ਆਪ’ ਆਗੂ ਗੁਰਮੀਤ ਸਿੰਘ ਮੀਤ ਹੇਅਰ ਵੀ ਜਲਦੀ ਹੀ ਅਸਤੀਫਾ ਦੇਣਗੇ।

ਸੁਖਜਿੰਦਰ ਰੰਧਾਵਾ ਤੇ ਚੱਬੇਵਾਲ ਦਾ ਅਸਤੀਫ਼ਾ ਹੋਇਆ ਮਨਜ਼ੂਰ

ਸਾਬਕਾ ਉਪ ਮੁੱਖ ਮੰਤਰੀ ਤੇ ਡੇਰਾ ਬਾਬਾ ਨਾਨਕ ਵਿਧਾਨ ਸਭਾ ਸੀਟ ਤੋਂ ਵਿਧਾਇਕ ਸੁਖਜਿੰਦਰ ਸਿੰਘ ਰੰਧਾਵਾ ਅਤੇ ਚੱਬੇਵਾਲ ਵਿਧਾਨ ਸਭਾ ਸੀਟ ਤੋਂ ਰਾਜ ਕੁਮਾਰ ਚੱਬੇਵਾਲ ਦਾ ਅਸਤੀਫਾ ਵਿਧਾਨ ਸਭਾ ਸਪੀਕਰ ਨੇ ਪ੍ਰਵਾਨ ਕਰ ਲਿਆ ਹੈ। ਹੁਣ ਪੰਜਾਬ ਵਿੱਚ ਦੋ ਹੋਰ ਸੀਟਾਂ ਖਾਲੀ ਹੋ ਗਈਆਂ ਹਨ। 

ਚਾਰ ਵਿਧਾਇਕ ਜਿੱਤੇ ਸਨ ਚੋਣ 

ਇਸ ਵਾਰ ਪੰਜਾਬ ਤੋਂ ਕੁੱਲ ਚਾਰ ਵਿਧਾਇਕ ਲੋਕ ਸਭਾ ਚੋਣ ਜਿੱਤੇ ਹਨ। ਇਸ ਵਿੱਚ ਕਾਂਗਰਸ ਦੇ ਡੇਰਾ ਬਾਬਾ ਨਾਨਕ ਤੋਂ ਵਿਧਾਇਕ ਸੁਖਜਿੰਦਰ ਸਿੰਘ ਰੰਧਾਵਾ, ਕਾਂਗਰਸ ਦੇ ਸੂਬਾ ਪ੍ਰਧਾਨ ਅਤੇ ਗਿੱਦੜਬਾਹਾ ਤੋਂ ਵਿਧਾਇਕ ਅਮਰਿੰਦਰ ਸਿੰਘ ਰਾਜਾ ਵੜਿੰਗ, ਬਰਨਾਲਾ ਤੋਂ ‘ਆਪ’ ਦੇ ਵਿਧਾਇਕ ਤੇ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਅਤੇ ਕਾਂਗਰਸ ਛੱਡ ਕੇ ‘ਆਪ’ ਵਿੱਚ ਸ਼ਾਮਲ ਹੋਏ ਰਾਜ ਕੁਮਾਰ ਚੱਬੇਵਾਲ ਸ਼ਾਮਲ ਹਨ।

ਸਾਰਿਆਂ ਨੂੰ 20 ਜੂਨ ਤੱਕ ਦੇਣਾ ਹੋਵੇਗਾ ਅਸਤੀਫਾ 

ਕਾਨੂੰਨੀ ਮਾਹਿਰਾਂ ਮੁਤਾਬਕ ਸੰਸਦ ਮੈਂਬਰ ਚੁਣੇ ਗਏ ਸਾਰੇ ਆਗੂਆਂ ਨੂੰ 20 ਜੂਨ ਤੋਂ ਪਹਿਲਾਂ ਅਸਤੀਫ਼ਾ ਦੇਣਾ ਪਵੇਗਾ। ਕਿਉਂਕਿ ਦੋਵੇਂ ਅਹੁਦਿਆਂ ਨੂੰ ਇੱਕੋ ਸਮੇਂ 'ਤੇ ਨਹੀਂ ਰੱਖਿਆ ਜਾ ਸਕਦਾ। ਜੇਕਰ ਵਿਧਾਇਕ ਨਿਰਧਾਰਿਤ ਸਮੇਂ ਅੰਦਰ ਅਸਤੀਫਾ ਨਹੀਂ ਦਿੰਦਾ ਹੈ ਤਾਂ ਚੋਣ ਕਮਿਸ਼ਨ ਵੱਲੋਂ ਉਸ ਦੀ ਲੋਕ ਸਭਾ ਸੀਟ ਖਾਲੀ ਮੰਨੀ ਜਾਵੇਗੀ। ਕਿਉਂਕਿ ਇਹ ਲੋਕ 4 ਜੂਨ 2024 ਨੂੰ ਚੋਣ ਜਿੱਤ ਗਏ ਸਨ। ਇਸ ਤੋਂ ਬਾਅਦ, ਸਾਰੇ ਲੋਕ ਸਭਾ ਸੰਸਦ ਮੈਂਬਰਾਂ ਦੀ ਚੋਣ ਨਾਲ ਸਬੰਧਤ ਨੋਟੀਫਿਕੇਸ਼ਨ 6 ਜੂਨ 2024 ਨੂੰ ਭਾਰਤ ਦੇ ਗਜ਼ਟ ਵਿੱਚ ਪ੍ਰਕਾਸ਼ਿਤ ਕੀਤਾ ਗਿਆ ਹੈ। ਅਸਤੀਫ਼ੇ ਦੀ ਪ੍ਰਕਿਰਿਆ ਉਸ ਨੋਟੀਫਿਕੇਸ਼ਨ ਦੇ 14 ਦਿਨਾਂ ਦੇ ਅੰਦਰ ਪੂਰੀ ਹੋਣੀ ਚਾਹੀਦੀ ਹੈ।

ਇਹ ਵੀ ਪੜੋ: ਸੁਖਜਿੰਦਰ ਰੰਧਾਵਾ ਨੇ ਵਿਧਾਇਕ ਦੇ ਅਹੁਦੇ ਤੋਂ ਦਿੱਤਾ ਅਸਤੀਫਾ, ਦੋ ਵਿਧਾਇਕਾਂ ਦੇ ਅਸਤੀਫੇ ਬਾਕੀ

Related Post