ਲੋਕ ਸਭਾ ਚੋਣਾਂ ਤੋਂ ਪਹਿਲਾਂ ਕਾਂਗਰਸ ਨੂੰ ਵੱਡਾ ਝਟਕਾ, MP ਪ੍ਰਨੀਤ ਕੌਰ BJP ਚ ਹੋਏ ਸ਼ਾਮਲ
MP Preneet Kaur: ਲੋਕ ਸਭਾ ਚੋਣਾਂ 2024 (Lok Sabha Election 2024) ਤੋਂ ਪਹਿਲਾਂ ਕਾਂਗਰਸ ਪਾਰਟੀ (Congress) ਨੂੰ ਵੱਡਾ ਝਟਕਾ ਲੱਗਿਆ ਹੈ। ਪਾਰਟੀ ਦੇ ਪਟਿਆਲਾ ਤੋਂ ਸੰਸਦ ਮੈਂਬਰ ਪ੍ਰਨੀਤ ਕੌਰ ਨੇ ਵੀਰਵਾਰ ਪਾਰਟੀ ਨੂੰ ਅਲਵਿਦਾ ਕਹਿ ਦਿੱਤਾ ਹੈ ਅਤੇ ਭਾਰਤੀ ਜਨਤਾ ਪਾਰਟੀ (BJP) ਵਿੱਚ ਸ਼ਾਮਲ ਹੋ ਗਏ ਹਨ। ਇਸ ਮੌਕੇ ਮੈਂਬਰ ਪਾਰਲੀਮੈਂਟ ਨੇ ਕਿਹਾ ਕਿ ਉਹ ਅੱਜ ਭਾਜਪਾ 'ਚ ਸ਼ਾਮਲ ਹੋ ਕੇ ਬਹੁਤ ਖੁਸ਼ ਹਨ।
ਭਾਜਪਾ 'ਚ ਸ਼ਮੂਲੀਅਤ ਉਪਰੰਤ ਪ੍ਰਨੀਤ ਕੌਰ ਨੇ ਕਿਹਾ, ''ਮੈਂ ਅੱਜ ਭਾਜਪਾ ਵਿੱਚ ਸ਼ਾਮਲ ਹੋਈ ਹਾਂ, ਮੈਨੂੰ ਖੁਸ਼ੀ ਹੈ, ਮੈਂ ਪਿਛਲੇ 25 ਸਾਲਾਂ ਤੋਂ ਦੇਸ਼, ਪੰਜਾਬ ਅਤੇ ਸਮਾਜ ਲਈ ਕੰਮ ਕਰ ਰਹੀ ਹਾਂ, ਹੁਣ ਸਮਾਂ ਆ ਗਿਆ ਹੈ ਕਿ ਕੋਈ ਅਜਿਹਾ ਵਿਅਕਤੀ ਹੋਵੇ, ਜੋ ਸਾਡੇ ਦੇਸ਼ ਨੂੰ ਅੱਗੇ ਲੈ ਕੇ ਜਾ ਸਕੇ, ਮੋਦੀ ਜੀ, ਜੋ ਭਾਜਪਾ ਦੇ ਮੁਖੀ ਹਨ, ਉਨ੍ਹਾਂ ਦੇ ਕੰਮ ਨੂੰ ਦੇਖਦੇ ਹੋਏ, ਗਰੀਬਾਂ ਲਈ ਕੀਤੇ ਗਏ ਕੰਮ, ਉਨ੍ਹਾਂ ਨੇ ਦੇਸ਼ ਨੂੰ ਅੱਗੇ ਲਿਜਾਇਆ ਹੈ, ਮੈਨੂੰ ਭਰੋਸਾ ਹੈ ਕਿ ਉਨ੍ਹਾਂ ਦੀ ਅਗਵਾਈ 'ਚ ਦੇਸ਼ ਅੱਗੇ ਵਧੇਗਾ, ਉਨ੍ਹਾਂ ਨੇ ਬਹੁਤ ਕੰਮ ਕੀਤਾ ਹੈ।''
ਦੱਸ ਦਈਏ ਕਿ ਉਨ੍ਹਾਂ ਦੇ ਭਾਜਪਾ 'ਚ ਜਾਣ ਦੀ ਲੰਬੇ ਸਮੇਂ ਤੋਂ ਉਮੀਦ ਸੀ। ਉਨ੍ਹਾਂ ਦੇ ਪਤੀ ਕੈਪਟਨ ਅਮਰਿੰਦਰ ਸਿੰਘ ਨੇ ਸਤੰਬਰ 2022 ਵਿੱਚ ਆਪਣੀ ਪੰਜਾਬ ਲੋਕ ਕਾਂਗਰਸ ਨੂੰ ਭਾਜਪਾ ਵਿੱਚ ਮਿਲਾ ਲਿਆ ਸੀ ਅਤੇ ਆਪਣੇ ਬੱਚਿਆਂ, ਰਣਇੰਦਰ ਸਿੰਘ ਅਤੇ ਜੈ ਇੰਦਰ ਕੌਰ ਸਮੇਤ ਭਾਜਪਾ ਵਿੱਚ ਸ਼ਾਮਲ ਹੋ ਗਏ ਸਨ।
1999 (13ਵੀਂ ਲੋਕ ਸਭਾ ਚੋਣ) ਤੋਂ ਲੋਕ ਸਭਾ ਵਿੱਚ ਪਟਿਆਲਾ ਦੀ ਨੁਮਾਇੰਦਗੀ ਕਰ ਰਹੀ ਪੰਜਾਬ ਦੀ ਸੰਸਦ ਮੈਂਬਰ ਪ੍ਰਨੀਤ ਕੌਰ ਨੂੰ ਮੁੜ ਉਸੇ ਸੀਟ ਤੋਂ ਚੋਣ ਮੈਦਾਨ ਵਿੱਚ ਉਤਾਰਿਆ ਜਾ ਸਕਦਾ ਹੈ, ਹਾਲਾਂਕਿ ਲੰਬੇ ਸਮੇਂ ਤੋਂ ਜੈ ਇੰਦਰ ਕੌਰ ਵੀ ਹਲਕੇ ਵਿੱਚ ਲਗਾਤਾਰ ਸਰਗਰਮ ਹਨ।
ਪ੍ਰਨੀਤ ਕੌਰ ਦੇ ਪਟਿਆਲਾ ਤੋਂ ਚੋਣ ਲੜਨ ਦੀ ਉਮੀਦ ਇਸ ਲਈ ਵੀ ਘੱਟ ਹੈ ਕਿਉਂਕਿ ਉਨ੍ਹਾਂ ਦੀ ਉਮਰ 80 ਸਾਲ ਹੈ ਅਤੇ ਭਾਜਪਾ ਦੇ 75 ਉਮਰ ਤੱਕ ਚੋਣ ਲੜਨ ਦੀ ਸ਼ਰਤ ਨੂੰ ਪਾਰ ਕਰ ਚੁੱਕੇ ਹਨ। ਹਾਲਾਂਕਿ, ਉਹ ਪਟਿਆਲਾ ਲੋਕ ਸਭਾ ਹਲਕੇ ਲਈ ਭਾਜਪਾ ਦੀ ਪ੍ਰਮੁੱਖ ਦਾਅਵੇਦਾਰ ਵੀ ਹਨ।
ਦੱਸ ਦਈਏ ਕਿ ਪ੍ਰਨੀਤ ਕੌਰ ਪਹਿਲੀ ਵਾਰ 1999 ਵਿੱਚ ਲੋਕ ਸਭਾ ਲਈ ਚੁਣੇ ਗਏ ਸਨ ਅਤੇ 2004, 2009 ਅਤੇ 2019 ਦੀਆਂ ਲੋਕ ਸਭਾ ਚੋਣਾਂ ਵਿੱਚ ਮੁੜ ਜੇਤੂ ਰਹੇ। 2014 ਵਿੱਚ ਉਨ੍ਹਾਂ ਦੇ ਪਤੀ ਕੈਪਟਨ ਅਮਰਿੰਦਰ ਸਿੰਘ ਨੇ ਉਨ੍ਹਾਂ ਦੀ ਬਜਾਏ ਲੋਕ ਸਭਾ ਚੋਣ ਲੜੀ ਸੀ ਅਤੇ ਅੰਮ੍ਰਿਤਸਰ ਸੰਸਦੀ ਸੀਟ ਤੋਂ ਰਾਜ ਸਭਾ ਵਿੱਚ ਵਿਰੋਧੀ ਧਿਰ ਦੇ ਉਸ ਸਮੇਂ ਦੇ ਨੇਤਾ ਮਰਹੂਮ ਅਰੁਣ ਜੇਤਲੀ ਨੂੰ ਹਰਾਇਆ ਸੀ।
ਇਸ ਤੋਂ ਇਲਾਵਾ ਉਹ 2014 ਤੋਂ 2017 ਦਰਮਿਆਨ ਪੰਜਾਬ ਦੇ ਵਿਧਾਇਕ ਵੀ ਰਹੇ ਹਨ ਅਤੇ ਕਾਂਗਰਸ ਦੀ ਅਗਵਾਈ ਵਾਲੀ ਯੂਪੀਏ-2 ਵਿੱਚ 2009 ਤੋਂ ਅਕਤੂਬਰ 2012 ਤੱਕ ਵਿਦੇਸ਼ ਰਾਜ ਮੰਤਰੀ ਸਨ।