Sukhwinder Kotli News : ਜਲੰਧਰ 'ਚ ਕਾਂਗਰਸੀ ਵਿਧਾਇਕ ਦੇ ਭਾਣਜੇ ਦਾ ਕਤਲ, 2 ਦੋਸਤ ਜ਼ਖ਼ਮੀ
Jalanadhr Murder News : ਕਾਂਗਰਸੀ ਵਿਧਾਇਕ ਦੇ ਭਾਣਜੇ ਦਾ ਕੁੱਝ ਨੌਜਵਾਨਾਂ ਵੱਲੋਂ ਕਤਲ ਕਰ ਦਿੱਤਾ ਗਿਆ ਹੈ। ਨੌਜਵਾਨਾਂ ਦੇ ਹਮਲੇ ਵਿੱਚ ਮ੍ਰਿਤਕ ਦੇ ਦੋਸਤ ਵੀ ਬੁਰੀ ਤਰ੍ਹਾਂ ਜ਼ਖ਼ਮੀ ਹੋ ਗਏ ਹਨ, ਜਿਨ੍ਹਾਂ ਨੂੰ ਸਿਵਲ ਹਸਪਤਾਲ ਦਾਖਲ ਕਰਵਾਇਆ ਗਿਆ ਹੈ।
Sukhwinder Kotli News : ਪੰਜਾਬ 'ਚ ਕਾਨੂੰਨ ਵਿਵਸਥਾ ਦੀ ਸਥਿਤੀ ਦਿਨੋ-ਦਿਨ ਵਿਗੜਦੀ ਜਾ ਰਹੀ ਹੈ। ਨਿੱਤ-ਦਿਨ ਹੁੰਦੀਆਂ ਲੁੱਟਾਂ-ਖੋਹਾਂ ਅਤੇ ਕਤਲ ਦੀਆਂ ਵਾਰਦਾਤਾਂ 'ਚ ਹੁਣ ਲੋਕਾਂ ਦੇ ਚੁਣੇ ਹੋਏ ਨੁਮਾਇੰਦਿਆਂ ਦੇ ਰਿਸ਼ਤੇਦਾਰ ਵੀ ਸੇਫ਼ ਨਹੀਂ ਰਹੇ ਹਨ। ਜਲੰਧਰ ਤੋਂ ਅਜਿਹੀ ਹੀ ਖੌਫਨਾਕ ਘਟਨਾ ਦੀ ਇੱਕ ਤਸਵੀਰ ਸਾਹਮਣੇ ਆਈ ਹੈ, ਜਿਥੇ ਕਾਂਗਰਸੀ ਵਿਧਾਇਕ ਦੇ ਭਾਣਜੇ ਦਾ ਕੁੱਝ ਨੌਜਵਾਨਾਂ ਵੱਲੋਂ ਕਤਲ ਕਰ ਦਿੱਤਾ ਗਿਆ ਹੈ। ਨੌਜਵਾਨਾਂ ਦੇ ਹਮਲੇ ਵਿੱਚ ਮ੍ਰਿਤਕ ਦੇ ਦੋਸਤ ਵੀ ਬੁਰੀ ਤਰ੍ਹਾਂ ਜ਼ਖ਼ਮੀ ਹੋ ਗਏ ਹਨ, ਜਿਨ੍ਹਾਂ ਨੂੰ ਸਿਵਲ ਹਸਪਤਾਲ ਦਾਖਲ ਕਰਵਾਇਆ ਗਿਆ ਹੈ।
ਜਾਣਕਾਰੀ ਅਨੁਸਾਰ ਮ੍ਰਿਤਕ ਨੌਜਵਾਨ ਸੰਨੀ, ਬਿਆਸ ਪਿੰਡ ਦਾ ਰਹਿਣ ਵਾਲਾ ਸੀ ਅਤੇ ਆਦਮਪੁਰ ਤੋਂ ਕਾਂਗਰਸ ਵਿਧਾਇਕ ਸੁਖਵਿੰਦਰ ਸਿੰਘ ਕੋਟਲੀ ਦਾ ਭਾਣਜਾ ਸੀ। ਦੱਸਿਆ ਜਾ ਰਿਹਾ ਹੈ ਕਿ ਮ੍ਰਿਤਕ ਬੀਤੀ ਦੇਰ ਸ਼ਾਮ ਆਪਣੇ 2 ਦੋਸਤਾਂ ਨਾਲ ਜਲੰਧਰ 'ਚ ਬਾਸੀ ਢਾਬੇ 'ਤੇ ਰੋਟੀ ਖਾ ਰਿਹਾ ਸੀ, ਜਿਸ ਦੌਰਾਨ ਕੁੱਝ ਨੌਜਵਾਨਾਂ ਨਾਲ ਉਸ ਦੀ ਕਿਸੇ ਗੱਲੋਂ ਬਹਿਸ ਹੋ ਗਈ ਸੀ। ਇਸ ਦੌਰਾਨ ਨੌਜਵਾਨਾਂ ਨੇ ਉਨ੍ਹਾਂ 'ਤੇ ਅਚਾਨਕ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਦਿੱਤਾ ਸੀ, ਜਿਸ 'ਚ ਸੰਨੀ ਦੀ ਮੌਤ ਹੋ ਗਈ।
ਵਿਧਾਇਕ ਸੁਖਵਿੰਦਰ ਸਿੰਘ ਕੋਟਲੀ ਦੋਵਾਂ ਜ਼ਖ਼ਮੀ ਨੌਜਵਾਨਾਂ ਦਾ ਹਾਲ ਜਾਨਣ ਹਸਪਤਾਲ ਵੀ ਪਹੁੰਚੇ ਹੋਏ ਸਨ। ਉਨ੍ਹਾਂ ਇਸ ਮੌਕੇ ਐਸਐਸਪੀ ਜਲੰਧਰ ਨੂੰ ਅਪੀਲ ਕੀਤੀ ਕਿ ਹਮਲਾਵਰ ਨੌਜਵਾਨਾਂ ਨੂੰ ਤੁਰੰਤ ਗ੍ਰਿਫ਼ਤਾਰ ਕੀਤਾ ਜਾਵੇ ਅਤੇ ਬਣਦੀ ਕਾਰਵਾਈ ਕਰਕੇ ਇਨਸਾਫ਼ ਦਿੱਤਾ ਜਾਵੇ।
ਵਿਧਾਇਕ ਕੋਟਲੀ ਨੇ ਕਿਹਾ ਕਿ ਜਿਵੇਂ ਉਨ੍ਹਾਂ ਦੇ ਭਾਣਜੇ ਨੂੰ ਸ਼ਰੇਆਮ ਕਤਲ ਕੀਤਾ ਗਿਆ ਹੈ, ਉਸ ਤੋਂ ਪੰਜਾਬ 'ਚ ਕਾਨੂੰਨ ਵਿਵਸਥਾ ਦਾ ਪਤਾ ਲੱਗਦਾ ਹੈ। ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਪੰਜਾਬ ਦੀ ਰਾਜ 'ਚ ਅੱਜ ਹਾਲਾਤ ਅਜਿਹੇ ਬਣ ਗਏ ਹਨ ਕਿ 3 ਕਰੋੜ ਲੋਕਾਂ ਦੇ ਚੁਣੇ ਹੋਏ ਨੁਮਾਇੰਦੇ ਅਤੇ ਉਨ੍ਹਾਂ ਦੇ ਰਿਸ਼ਤੇਵਾਰ ਵੀ ਸੇਫ਼ ਨਹੀਂ ਹਨ।