ਸੰਗਰੂਰ 'ਚ ਭਾਈਚਾਰਕ ਸਾਂਝ ਦੀ ਅਨੋਖੀ ਮਿਸਾਲ, ਪਿੰਡ ਆਲਮਪੁਰ 'ਚ ਸਾਰੀਆਂ ਪਾਰਟੀਆਂ ਦਾ ਇੱਕੋ ਬੂਥ

Punjab Lok Sabha Polls 2024: ਪਿੰਡ 'ਚ ਸਾਰੀਆਂ ਪਾਰਟੀਆਂ ਭਾਵੇਂ ਉਹ ਮੁੱਖ ਵਿਰੋਧੀ ਹੀ ਹੋਣ, ਨੇ ਇੱਕ ਹੀ ਬੂਥ 'ਤੇ ਬੈਠਣਾ ਮੁਨਾਸਿਬ ਸਮਝਿਆ ਹੈ। ਜੀ ਹਾਂ, ਆਲਮਪੁਰ 'ਚ ਸਾਰੀਆਂ ਪਾਰਟੀਆਂ ਨੇ ਇੱਕ ਹੀ ਬੂਥ ਲਾਇਆ ਹੈ ਅਤੇ ਵੋਟਰਾਂ ਨੂੰ ਪਰਚੀਆਂ ਵੰਡੀਆਂ ਜਾ ਰਹੀਆਂ ਹਨ।

By  KRISHAN KUMAR SHARMA June 1st 2024 03:06 PM

Punjab Lok Sabha Polls 2024: ਲੋਕ ਸਭਾ ਚੋਣਾਂ 2024 ਦੇ ਵਿਚਾਲੇ ਪੰਜਾਬ ਦੇ ਸੰਗਰੂਰ (Sangrur Lok Sabha) 'ਚ ਭਾਈਚਾਰਕ ਸਾਂਝ ਵੇਖਣ ਨੂੰ ਸਾਹਮਣੇ ਆਈ ਹੈ। ਪਿੰਡ ਨੂੰ ਵੇਖਣ 'ਤੇ ਇਸ ਤਰ੍ਹਾਂ ਜਾਪਦਾ ਹੈ ਕਿ ਜਿਵੇਂ ਇਸ ਪਿੰਡ ਦੇ ਲੋਕਾਂ ਨੇ ਲੜਾਈ ਤੋਂ ਕਸਮ ਖਾ ਲਈ ਹੋਵੇ। ਪਿੰਡ 'ਚ ਸਾਰੀਆਂ ਪਾਰਟੀਆਂ ਭਾਵੇਂ ਉਹ ਮੁੱਖ ਵਿਰੋਧੀ ਹੀ ਹੋਣ, ਨੇ ਇੱਕ ਹੀ ਬੂਥ 'ਤੇ ਬੈਠਣਾ ਮੁਨਾਸਿਬ ਸਮਝਿਆ ਹੈ। ਜੀ ਹਾਂ, ਆਲਮਪੁਰ 'ਚ ਸਾਰੀਆਂ ਪਾਰਟੀਆਂ ਨੇ ਇੱਕ ਹੀ ਬੂਥ ਲਾਇਆ ਹੈ ਅਤੇ ਵੋਟਰਾਂ ਨੂੰ ਪਰਚੀਆਂ ਵੰਡੀਆਂ ਜਾ ਰਹੀਆਂ ਹਨ।

ਇਹ ਬੂਥ ਹਲਕਾ ਲਹਿਰਾ ਗਾਗਾ ਦੇ ਪਿੰਡ ਆਲਮਪੁਰ ਦਾ ਹੈ, ਜਿੱਥੇ ਸਾਰੀਆਂ ਪਾਰਟੀਆਂ ਨੇ ਇੱਕ ਹੀ ਬੂਥ ਲਾਇਆ ਹੈ। ਹਾਲਾਂਕਿ ਸਿਰਫ ਇੱਥੇ ਬੀਜੇਪੀ ਦਾ ਬੂਥ ਨਹੀਂ ਲੱਗਿਆ। ਇਹ ਸਾਂਝਾ ਬੂਥ ਆਮ ਆਦਮੀ ਪਾਰਟੀ, ਕਾਂਗਰਸ, ਸ਼੍ਰੋਮਣੀ ਅਕਾਲੀ ਦਲ ਬਾਦਲ ਅਤੇ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦਾ ਲੱਗਿਆ ਹੈ।

ਇਥੇ ਬੂਥ ਵਿੱਚ ਬੈਠੇ ਵੱਖ-ਵੱਖ ਪਾਰਟੀਆਂ ਦੇ ਵਰਕਰਾਂ ਨੇ ਕਿਹਾ ਕਿ ਸਾਡੇ ਪਿੰਡ ਵਿੱਚ ਭਾਈਚਾਰਕ ਦੀ ਸਾਂਝ ਦਾ ਸਬੂਤ ਪੇਸ਼ ਕੀਤਾ ਗਿਆ। ਉਨ੍ਹਾਂ ਨੇ ਕਿਹਾ ਕਿ ਸਾਡੇ ਪਿੰਡ ਦੇ ਵਿੱਚ ਇਕੱਠੇ ਹੋ ਕੇ ਇੱਕ ਹੀ ਬੂਥ ਲਾਏ ਆ ਇਕੱਠੇ ਹੀ ਟੇਬਲ ਲਗਾਏ ਹਨ ਅਤੇ ਸਾਰੀਆਂ ਪਾਰਟੀਆਂ ਦੇ ਵਰਕਰ ਇਕੱਠੇ ਬੈਠੇ ਹਨ।

ਵਰਕਰਾਂ ਨੇ ਇਹ ਵੀ ਕਿਹਾ ਪਹਿਲਾਂ ਜਦੋਂ ਬੂਥ ਲੱਗਦੇ ਸੀ ਤਾਂ ਉਦੋਂ ਲੜਾਈਆਂ ਝਗੜੇ-ਬਹੁਤ ਹੁੰਦੇ ਸੀ ਪਰ ਹੁਣ ਦੀ ਲੋਕ ਸਭਾ ਚੋਣਾਂ ਵਿੱਚ ਲੋਕ ਸਿਆਣੇ ਹੋ ਗਏ ਹਨ ਤੇ ਲੋਕ ਕਿਸੇ ਨੂੰ ਵੀ ਵੋਟ ਪਾ ਸਕਦੇ ਹਨ ਪਰ ਭਾਈਚਾਰਕ ਸਾਂਝ ਖਰਾਬ ਨਹੀਂ ਕਰਨੀ ਚਾਹੀਦੀ।

ਇਸ ਮੌਕੇ ਆਮ ਆਦਮੀ ਪਾਰਟੀ ਦੇ ਬੂਟਾ ਸਿੰਘ, ਕਾਂਗਰਸ ਦੇ ਦਲਵਿੰਦਰ ਸਿੰਘ ਅਤੇ ਸ਼੍ਰੋਅਦ (ਅੰਮ੍ਰਿਤਸਰ) ਦੇ ਅਜੈਬ ਸਿੰਘ ਨੇ ਕਿਹਾ ਕਿ ਸਾਨੂੰ ਸਾਰਿਆਂ ਨੂੰ ਨਿਰਪੱਖ ਹੋ ਕੇ ਵੋਟਿੰਗ ਵਿੱਚ ਹਿੱਸਾ ਲੈਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਅਸੀਂ ਇਹ ਬੂਥ ਇਕੱਠੇ ਇਸ ਲਈ ਲਾਇਆ ਹੈ ਤਾਂ ਜੋ ਹੋਰਨਾਂ ਲੋਕ ਵੀ ਇਸਤੋਂ ਸੇਧ ਲੈ ਕੇ ਆਪਸੀ ਭਾਈਚਾਰਕ ਸਾਂਝ ਨੂੰ ਮਜ਼ਬੂਤ ਕਰ ਸਕਣ।

Related Post