ਕਿਸਾਨਾਂ ਤੇ ਪੁਲਿਸ ਪ੍ਰਸ਼ਾਸਨ ਵਿਚਾਲੇ ਟਕਰਾਅ, NHAI ਲਈ ਜ਼ਮੀਨ ਐਕੁਆਇਰ ਕਰਨ ਆਈ ਸੀ ਟੀਮ, ਕਿਸਾਨਾਂ ਨੇ ਭੇਜੀ ਵਾਪਿਸ

ਅੰਮ੍ਰਿਤਸਰ 'ਚ ਜ਼ਮੀਨ ਐਕੁਆਇਰ ਨੂੰ ਲੈ ਕੇ ਕਿਸਾਨਾਂ ਅਤੇ ਜ਼ਿਲ੍ਹਾ ਪ੍ਰਸ਼ਾਸਨ ਦੀਆਂ ਟੀਮਾਂ ਵਿਚਾਲੇ ਇੱਕ ਵਾਰ ਫਿਰ ਟਕਰਾਅ ਦੀ ਸਥਿਤੀ ਪੈਦਾ ਹੋ ਗਈ।

By  Dhalwinder Sandhu September 3rd 2024 05:44 PM

NHAI Project Land Acquire : ਪੰਜਾਬ ਵਿੱਚ ਨੈਸ਼ਨਲ ਹਾਈਵੇਅ ਪ੍ਰਾਜੈਕਟਾਂ ਲਈ ਜ਼ਮੀਨ ਐਕੁਆਇਰ ਕਰਨ ਨੂੰ ਲੈ ਕੇ ਕਿਸਾਨਾਂ ਅਤੇ ਸੂਬਾ ਸਰਕਾਰ ਵਿਚਾਲੇ ਅਜੇ ਵੀ ਕੋਈ ਸਹਿਮਤੀ ਨਹੀਂ ਬਣ ਸਕੀ ਹੈ। ਅੰਮ੍ਰਿਤਸਰ 'ਚ ਜ਼ਮੀਨ ਐਕੁਆਇਰ ਨੂੰ ਲੈ ਕੇ ਕਿਸਾਨਾਂ ਅਤੇ ਜ਼ਿਲ੍ਹਾ ਪ੍ਰਸ਼ਾਸਨ ਦੀਆਂ ਟੀਮਾਂ ਵਿਚਾਲੇ ਇੱਕ ਵਾਰ ਫਿਰ ਟਕਰਾਅ ਦੀ ਸਥਿਤੀ ਪੈਦਾ ਹੋ ਗਈ। ਧਰਨੇ ਤੋਂ ਬਾਅਦ ਜ਼ਮੀਨ ਐਕੁਆਇਰ ਕਰਨ ਲਈ ਆਈਆਂ ਟੀਮਾਂ ਨੂੰ ਖਾਲੀ ਹੱਥ ਪਰਤਣਾ ਪਿਆ।

ਦਰਅਸਲ, ਅੰਮ੍ਰਿਤਸਰ ਦੇ ਪਿੰਡ ਕੋਟਲੀ ਵਿੱਚ ਕਟੜਾ-ਅੰਮ੍ਰਿਤਸਰ-ਨਵੀਂ ਦਿੱਲੀ ਨੈਸ਼ਨਲ ਹਾਈਵੇਅ ਲਈ ਜ਼ਮੀਨ ਐਕੁਆਇਰ ਕੀਤੀ ਜਾਣੀ ਸੀ। ਜਿਸ ਲਈ ਜ਼ਿਲ੍ਹਾ ਪ੍ਰਸ਼ਾਸਨ ਦੀਆਂ ਟੀਮਾਂ ਪਿੰਡ ਕੋਟਲੀ ਵਿਖੇ ਪੁੱਜੀਆਂ। ਜਿਵੇਂ ਹੀ ਕਿਸਾਨਾਂ ਨੂੰ ਇਸ ਗੱਲ ਦੀ ਹਵਾ ਮਿਲੀ ਤਾਂ ਉਹ ਉੱਥੇ ਪਹੁੰਚ ਗਏ ਅਤੇ ਵਿਰੋਧ ਕਰਨਾ ਸ਼ੁਰੂ ਕਰ ਦਿੱਤਾ। ਕਿਸਾਨਾਂ ਨੇ ਜ਼ਿਲ੍ਹਾ ਪ੍ਰਸ਼ਾਸਨ ’ਤੇ ਇਲਜ਼ਾਮ ਲਾਇਆ ਕਿ ਜ਼ਮੀਨਾਂ ਦੇ ਦਿੱਤੇ ਜਾ ਰਹੇ ਮੁਆਵਜ਼ੇ ਵਿੱਚ ਖਾਮੀਆਂ ਹਨ। ਜਦੋਂ ਤੱਕ ਇਨ੍ਹਾਂ ਕਮੀਆਂ ਨੂੰ ਦੂਰ ਨਹੀਂ ਕੀਤਾ ਜਾਂਦਾ, ਉਦੋਂ ਤੱਕ ਇਹ ਜ਼ਮੀਨ ਨੈਸ਼ਨਲ ਹਾਈਵੇਅ ਅਥਾਰਟੀ ਆਫ਼ ਇੰਡੀਆ (ਐਨ.ਐਚ.ਏ.ਆਈ.) ਨੂੰ ਨਹੀਂ ਦਿੱਤੀ ਜਾਵੇਗੀ।

ਸ਼ਿਕਾਇਤਾਂ ਦੇ ਬਾਵਜੂਦ ਕੋਈ ਹੱਲ ਨਹੀਂ ਹੋਇਆ

ਕਿਸਾਨਾਂ ਦਾ ਇਲਜ਼ਾਮ ਹੈ ਕਿ ਕਈ ਥਾਵਾਂ ’ਤੇ ਕਈ ਸਾਲ ਪਹਿਲਾਂ ਜ਼ਮੀਨਾਂ ਦੀ ਵੰਡ ਹੋ ਚੁੱਕੀ ਹੈ। ਪਰ ਮੁਆਵਜ਼ਾ ਉਨ੍ਹਾਂ ਲੋਕਾਂ ਨੂੰ ਦਿੱਤਾ ਗਿਆ ਜਿਨ੍ਹਾਂ ਕੋਲ ਮਾਲਕੀ ਦੇ ਅਧਿਕਾਰ ਨਹੀਂ ਸਨ। ਕਿਸਾਨਾਂ ਦੇ ਪੈਸੇ ਕਿਸੇ ਹੋਰ ਨੂੰ ਦੇ ਦਿੱਤੇ ਗਏ। ਇਹ ਮਸਲੇ ਪਹਿਲਾਂ ਵੀ ਜ਼ਿਲ੍ਹਾ ਪ੍ਰਸ਼ਾਸਨ ਕੋਲ ਉਠਾਏ ਗਏ ਹਨ ਪਰ ਹੱਲ ਨਹੀਂ ਹੋਏ। ਕਿਸਾਨਾਂ ਦੀਆਂ ਸਮੱਸਿਆਵਾਂ ਹੱਲ ਹੋਣ ਤੱਕ ਜ਼ਮੀਨਾਂ ਨਹੀਂ ਸੌਂਪੀਆਂ ਜਾਣਗੀਆਂ।

ਪ੍ਰਦਰਸ਼ਨ ਤੋਂ ਬਾਅਦ ਮਾਹੌਲ ਵਿਗੜ ਗਿਆ

ਜ਼ਮੀਨ ਖਾਲੀ ਕਰਵਾਉਣ ਲਈ ਜ਼ਿਲ੍ਹਾ ਪ੍ਰਸ਼ਾਸਨ ਮਸ਼ੀਨਾਂ ਲੈ ਕੇ ਉੱਥੇ ਪਹੁੰਚ ਗਿਆ। ਪਰ ਕਿਸਾਨਾਂ ਨੇ ਉਨ੍ਹਾਂ ਨੂੰ ਘੇਰ ਲਿਆ। ਟਕਰਾਅ ਵਾਲੀ ਸਥਿਤੀ ਨੂੰ ਸ਼ਾਂਤ ਕਰਦੇ ਹੋਏ ਮੌਜੂਦ ਅਧਿਕਾਰੀਆਂ ਨੇ ਪਹਿਲਾਂ ਉਨ੍ਹਾਂ ਨੂੰ ਮਨਾਉਣ ਦੀ ਕੋਸ਼ਿਸ਼ ਕੀਤੀ। ਜਦੋਂ ਅੰਤ ਵਿੱਚ ਕੁਝ ਨਾ ਨਿਕਲਿਆ ਤਾਂ ਉਨ੍ਹਾਂ ਨੂੰ ਵਾਪਸ ਪਰਤਣਾ ਪਿਆ।

ਇਹ ਵੀ ਪੜ੍ਹੋ : Jalandhar Encounter : ਗੈਂਗਸਟਰ ਤੇ ਪੁਲਿਸ ਵਿਚਾਲੇ ਮੁਠਭੇੜ, ਗੈਂਗਸਟਰ ਕਨੂੰ ਗੁੱਜਰ ਗ੍ਰਿਫ਼ਤਾਰ

Related Post