ਕੰਗਨਾ ਰਣੌਤ ਦੀਆਂ ਵਧਣ ਲੱਗੀਆਂ ਮੁਸ਼ਕਿਲਾਂ, ਵਕੀਲਾਂ ਨੇ ਐਸਐਸਪੀ ਮੋਹਾਲੀ ਨੂੰ ਦਿੱਤੀ ਲਿਖਤੀ ਸ਼ਿਕਾਇਤ
ਲਾਇਆਰਜ ਐਸੋਸੀਏਸ਼ਨ ਦੇ ਕਾਰਜਕਾਰੀ ਮੈਂਬਰ ਐਡਵੋਕੇਟ ਦਰਸ਼ਨ ਸਿੰਘ ਧਾਲੀਵਾਲ ਨੇ ਕਿਹਾ ਹੈ ਕਿ ਜੇਕਰ ਪੁਲਿਸ ਵੱਲੋਂ ਕੋਈ ਕਾਰਵਾਈ ਨਹੀਂ ਕੀਤੀ ਜਾਂਦੀ ਤਾਂ ਫਿਰ ਅਸੀਂ ਅਦਾਲਤ ਦਾ ਰੁੱਖ ਕਰਕੇ ਕੰਗਨਾ ਖਿਲਾਫ਼ ਮੁਕੱਦਮਾ ਦਰਜ ਕਰਵਾਵਾਂਗੇ।

ਕੰਗਣਾ ਰਨੌਤ ਦੀਆਂ ਮੁਸ਼ਕਲਾਂ ਲਗਾਤਾਰ ਵੱਧਦੀਆਂ ਜਾ ਰਹੀਆਂ ਹਨ। ਹਰ ਕੋਈ ਥੱਪੜ ਵਾਲੇ ਮਾਮਲੇ ਦੇ ਵਿੱਚ ਕੰਗਣਾ ਦੇ ਖਿਲਾਫ ਸ਼ਿਕਾਇਤ ਦਿੰਦਾ ਨਜ਼ਰ ਆ ਰਿਹਾ। ਮੰਗਲਵਾਰ ਇੰਡੀਅਨ ਐਸੋਸੀਏਸ਼ਨ ਆਫ ਲਾਇਆਰਜ਼ ਵੱਲੋਂ ਵੀ ਐਸਐਸਪੀ ਮੋਹਾਲੀ (Mohali Police) ਨੂੰ ਇੱਕ ਲਿਖਤੀ ਸ਼ਿਕਾਇਤ ਦਿੱਤੀ ਗਈ ਹੈ, ਜਿਸਦੇ ਵਿੱਚ ਵਕੀਲਾਂ ਨੇ ਕੰਗਨਾ ਰਣੌਤ ਖਿਲਾਫ ਮੁਕੱਦਮਾ ਦਰਜ ਕਰਨ ਦੀ ਮੰਗ ਕੀਤੀ ਹੈ।
ਵਕੀਲਾਂ ਨੇ ਐਸਐਸਪੀ ਮੋਹਾਲੀ ਨੂੰ ਲਿਖਿਆ ਹੈ ਕਿ ਕੰਗਨਾ ਰਣੌਤ ਲਗਾਤਾਰ ਆਪਣੇ ਭੜਕਾਊ ਭਾਸ਼ਣ ਦੇ ਰਹੀ ਹੈ ਅਤੇ ਪੰਜਾਬ ਤੇ ਪੰਜਾਬੀਆਂ ਦੇ ਖਿਲਾਫ ਅੱਤਵਾਦੀ ਵਰਗੀਆਂ ਨਸਲੀ ਟਿੱਪਣੀਆਂ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਕੰਗਨਾ ਰਣੌਤ ਖਿਲਾਫ਼ ਜਲਦ ਤੋਂ ਜਲਦ ਕਾਰਵਾਈ ਹੋਣੀ ਚਾਹੀਦੀ ਹੈ।
ਲਾਇਆਰਜ ਐਸੋਸੀਏਸ਼ਨ ਦੇ ਕਾਰਜਕਾਰੀ ਮੈਂਬਰ ਐਡਵੋਕੇਟ ਦਰਸ਼ਨ ਸਿੰਘ ਧਾਲੀਵਾਲ ਨੇ ਕਿਹਾ ਹੈ ਕਿ ਜੇਕਰ ਪੁਲਿਸ ਵੱਲੋਂ ਕੋਈ ਕਾਰਵਾਈ ਨਹੀਂ ਕੀਤੀ ਜਾਂਦੀ ਤਾਂ ਫਿਰ ਅਸੀਂ ਅਦਾਲਤ ਦਾ ਰੁੱਖ ਕਰਕੇ ਕੰਗਨਾ ਖਿਲਾਫ਼ ਮੁਕੱਦਮਾ ਦਰਜ ਕਰਵਾਵਾਂਗੇ।
ਦੱਸ ਦਈਏ ਕਿ ਬੀਤੇ ਦਿਨ ਕਿਸਾਨ ਜਥੇਬੰਦੀਆਂ ਵੱਲੋਂ ਵੀ ਇਕੱਠੇ ਹੋ ਕੇ ਕੰਗਨਾ ਰਣੌਤ ਦੇ ਥੱਪੜ ਮਾਰਨ ਵਾਲੀ ਕੁਲਵਿੰਦਰ ਕੌਰ ਨੂੰ ਮੁਅੱਤਲ ਕਰਨ ਅਤੇ ਕੇਸ ਦਰਜ ਕਰਨ ਖਿਲਾਫ਼ ਰੋਸ ਮਾਰਚ ਕੀਤਾ ਸੀ। ਇਸਤੋਂ ਬਾਅਦ ਮੋਹਾਲੀ ਪੁਲਿਸ ਵੱਲੋਂ ਮਾਮਲੇ ਵਿੱਚ ਇੱਕ ਵਿਸ਼ੇਸ਼ ਜਾਂਚ ਟੀਮ ਦਾ ਗਠਨ ਕੀਤਾ ਗਿਆ ਹੈ, ਜਿਸ ਤੋਂ ਬਾਅਦ ਹੁਣ ਤਿੰਨ ਮੈਂਬਰੀ ਟੀਮ ਪੂਰੇ ਮਾਮਲੇ ਦੀ ਜਾਂਚ ਕਰੇਗੀ।