ਯੁਵਰਾਜ, ਹਰਭਜਨ ਤੇ ਰੈਨਾ ਖਿਲਾਫ਼ ਦਿੱਲੀ ਪੁਲਿਸ ਕੋਲ ਪਹੁੰਚੀ ਸ਼ਿਕਾਇਤ, ਜਾਣੋ ਕੀ ਹੈ ਪੂਰਾ ਮਾਮਲਾ

ਯੁਵਰਾਜ, ਹਰਭਜਨ ਅਤੇ ਸੁਰੇਸ਼ ਰੈਨਾ ਨੇ ਅੰਗਹੀਣਾਂ ਵਾਂਗ ਤੁਰਦੇ ਹੋਏ ਇੱਕ ਵੀਡੀਓ ਸਾਂਝਾ ਕੀਤਾ, ਜਿਸ ਨੂੰ ਲੈ ਕੇ ਹੁਣ ਇਨ੍ਹਾਂ ਤਿੰਨਾਂ ਸਾਬਕਾ ਕ੍ਰਿਕਟਰਾਂ ਖ਼ਿਲਾਫ਼ ਦਿੱਲੀ ਪੁਲਿਸ ਕੋਲ ਸ਼ਿਕਾਇਤ ਪਹੁੰਚੀ ਹੈ।

By  KRISHAN KUMAR SHARMA July 15th 2024 09:25 PM -- Updated: July 15th 2024 09:30 PM

ਭਾਰਤੀ ਕ੍ਰਿਕਟ ਟੀਮ ਦੇ ਸਾਬਕਾ ਦਿੱਗਜ ਕ੍ਰਿਕਟਰ ਯੁਵਰਾਜ ਸਿੰਘ, ਹਰਭਜਨ ਸਿੰਘ ਅਤੇ ਸੁਰੇਸ਼ ਰੈਨਾ ਖਿਲਾਫ ਦਿੱਲੀ ਪੁਲਿਸ ਨੇ ਸ਼ਿਕਾਇਤ ਦਰਜ ਕੀਤੀ ਹੈ। ਦਰਅਸਲ, ਪਿਛਲੇ ਦਿਨੀ ਇੰਗਲੈਂਡ 'ਚ ਲੀਜੈਂਡ ਕ੍ਰਿਕਟ ਚੈਂਪੀਅਨ 2024 ਟੂਰਨਾਮੈਂਟ ਖੇਡਿਆ ਗਿਆ, ਜਿਸ ਦਾ ਖਿਤਾਬ ਟੀਮ ਇੰਡੀਆ ਚੈਂਪੀਅਨ ਨੇ ਜਿੱਤਿਆ ਹੈ। ਟੀਮ ਇੰਡੀਆ ਚੈਂਪੀਅਨ ਦੀ ਕਮਾਨ ਯੁਵਰਾਜ ਸਿੰਘ ਦੇ ਹੱਥਾਂ 'ਚ ਸੀ ਅਤੇ ਟੀਮ ਨੇ ਫਾਈਨਲ 'ਚ ਪਾਕਿਸਤਾਨ ਨੂੰ ਹਰਾ ਕੇ ਖਿਤਾਬ ਆਪਣੇ ਨਾਮ ਕਰ ਲਿਆ ਸੀ। ਟੂਰਨਾਮੈਂਟ ਜਿੱਤਣ ਤੋਂ ਬਾਅਦ, ਯੁਵਰਾਜ, ਹਰਭਜਨ ਅਤੇ ਸੁਰੇਸ਼ ਰੈਨਾ ਨੇ ਅੰਗਹੀਣਾਂ ਵਾਂਗ ਤੁਰਦੇ ਹੋਏ ਇੱਕ ਵੀਡੀਓ ਸਾਂਝਾ ਕੀਤਾ, ਜਿਸ ਨੂੰ ਲੈ ਕੇ ਹੁਣ ਇਨ੍ਹਾਂ ਤਿੰਨਾਂ ਸਾਬਕਾ ਕ੍ਰਿਕਟਰਾਂ ਖ਼ਿਲਾਫ਼ ਦਿੱਲੀ ਪੁਲਿਸ ਕੋਲ ਸ਼ਿਕਾਇਤ ਪਹੁੰਚੀ ਹੈ।

ਵੀਡੀਓ ਨੂੰ ਸਾਬਕਾ ਕ੍ਰਿਕਟਰ ਹਰਭਜਨ ਸਿੰਘ ਨੇ ਸਾਂਝਾ ਕੀਤਾ ਸੀ। ਤਿੰਨੇ ਕ੍ਰਿਕਟਰਾਂ ਦੀ ਇਸ ਵੀਡੀਓ 'ਤੇ ਦਿੱਲੀ ਵਿੱਚ ਅਪਾਹਜਾਂ ਲਈ ਕੰਮ ਕਰਨ ਵਾਲੀ ਇੱਕ ਐਨਜੀਓ ਨੇ ਅਮਰ ਕਲੋਨੀ ਥਾਣੇ ਵਿੱਚ ਤਿੰਨਾਂ ਕ੍ਰਿਕਟਰਾਂ ਖ਼ਿਲਾਫ਼ ਸ਼ਿਕਾਇਤ ਦਰਜ ਕਰਵਾਈ ਹੈ। ਐਨਜੀਓ ਨੇ ਸ਼ਿਕਾਇਤ ਵਿੱਚ ਦੋਸ਼ ਲਾਇਆ ਹੈ ਕਿ ਵੀਡੀਓ ਵਿੱਚ ਤਿੰਨੋਂ ਖਿਡਾਰੀ ਅੰਗਹੀਣ ਲੋਕਾਂ ਦਾ ਅਪਮਾਨ ਕਰਦੇ ਨਜ਼ਰ ਆ ਰਹੇ ਹਨ, ਇਸ ਲਈ ਤਿੰਨਾਂ ਖ਼ਿਲਾਫ਼ ਕੇਸ ਦਰਜ ਕੀਤਾ ਜਾਣਾ ਚਾਹੀਦਾ ਹੈ। ਪੁਲਿਸ ਨੇ ਸ਼ਿਕਾਇਤ ਦੇ ਆਧਾਰ 'ਤੇ ਜਾਂਚ ਸ਼ੁਰੂ ਕਰ ਦਿੱਤੀ ਹੈ।

ਲੀਜੈਂਡ ਕ੍ਰਿਕਟ ਚੈਂਪੀਅਨ ਜਿੱਤਣ ਤੋਂ ਬਾਅਦ ਯੁਵਰਾਜ, ਰੈਨਾ ਅਤੇ ਭੱਜੀ ਨੇ ਤੌਬਾ-ਤੌਬਾ ਗੀਤ 'ਤੇ ਵੀਡੀਓ ਬਣਾਈ ਸੀ। ਭੱਜੀ ਨੇ ਇੰਟਰਨੈੱਟ ਮੀਡੀਆ 'ਤੇ ਵੀਡੀਓ ਪੋਸਟ ਕਰਕੇ ਲਿਖਿਆ ਸੀ ਕਿ 15 ਦਿਨ ਲਗਾਤਾਰ ਖੇਡਣ ਤੋਂ ਬਾਅਦ ਉਨ੍ਹਾਂ ਦਾ ਪੂਰਾ ਸਰੀਰ ਸੁੰਨ ਹੋ ਗਿਆ ਹੈ, ਜਿਸ ਤੋਂ ਕੁਝ ਹੀ ਸਮੇਂ ਵਿੱਚ ਇਹ ਵੀਡੀਓ ਤੇਜ਼ੀ ਨਾਲ ਵਾਇਰਲ ਹੋ ਗਈ।

ਵਿਰੋਧ ਤੋਂ ਬਾਅਦ ਵੀਡੀਓ ਹਟਾ ਦਿੱਤੀ ਗਈ

ਵੀਡੀਓ ਸਾਹਮਣੇ ਆਉਣ ਤੋਂ ਬਾਅਦ ਇੰਟਰਨੈੱਟ ਮੀਡੀਆ 'ਤੇ ਤਿੰਨਾਂ ਖਿਡਾਰੀਆਂ ਦਾ ਤਿੱਖਾ ਵਿਰੋਧ ਹੋ ਰਿਹਾ ਹੈ। ਇਸ ਵਿਰੋਧ ਦੇ ਮੱਦੇਨਜ਼ਰ ਹਰਭਜਨ ਸਿੰਘ ਨੇ ਆਪਣੇ ਇੰਟਰਨੈੱਟ ਮੀਡੀਆ ਅਕਾਊਂਟ ਤੋਂ ਵੀਡੀਓ ਨੂੰ ਹਟਾ ਦਿੱਤਾ ਹੈ। ਇਸ ਤੋਂ ਇਲਾਵਾ ਉਸ ਨੇ ਵੀਡੀਓ ਨੂੰ ਲੈ ਕੇ ਮੁਆਫੀ ਵੀ ਮੰਗੀ ਹੈ। ਉਸ ਨੇ ਇਕ ਪੋਸਟ ਰਾਹੀਂ ਮੁਆਫੀ ਮੰਗਦਿਆਂ ਲਿਖਿਆ ਕਿ ਨਾ ਤਾਂ ਉਸ ਦਾ ਅਤੇ ਨਾ ਹੀ ਉਸ ਦੇ ਸਾਥੀਆਂ ਦਾ ਕਿਸੇ ਵਿਅਕਤੀ ਜਾਂ ਸਮਾਜ ਨੂੰ ਠੇਸ ਪਹੁੰਚਾਉਣ ਦਾ ਕੋਈ ਇਰਾਦਾ ਸੀ। ਇਹ ਵੀਡੀਓ ਸਿਰਫ਼ ਮਨੋਰੰਜਨ ਲਈ ਬਣਾਈ ਗਈ ਸੀ।

Related Post