Complaint Against Punjab CM : ਪੰਜਾਬ ਦੇ CM ਮਾਨ ਤੇ ਪੰਜਾਬ ਵਿਧਾਨ ਸਭਾ ਦੇ ਸਿੱਖ ਮੈਂਬਰਾਂ ਖਿਲਾਫ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਸ਼ਿਕਾਇਤ, ਜਾਣੋ ਮਾਮਲਾ

ਮਿਲੀ ਜਾਣਕਾਰੀ ਮੁਤਾਬਿਕ ਇਸ ਸਬੰਧੀ ਸ਼ਿਕਾਇਤਕਰਤਾ ਗੁਰਨਾਮ ਸਿੰਘ ਨੇ ਸ੍ਰੀ ਅਕਾਲ ਤਖਤ ਸਾਹਿਬ ਵਿਖੇ ਮੰਗ ਪੱਤਰ ਦਿੱਤਾ ਹੈ ਜਿਨ੍ਹਾਂ ਨੇ ਮੰਗ ਕੀਤੀ ਹੈ ਕਿ ਮੁੱਖ ਮੰਤਰੀ ਭਗਵੰਤ ਮਾਨ ਅਤੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਅਤੇ ਵਿਧਾਨਸਭਾ ਦੇ ਸਮੂਹ ਸਿੱਖ ਮੈਂਬਰਾਂ ਨੂੰ ਤਲਬ ਕਰਕੇ ਕਾਰਵਾਈ ਕਰਨ ਦੀ ਮੰਗ ਕੀਤੀ ਗਈ ਹੈ।

By  Aarti September 7th 2024 02:29 PM -- Updated: September 7th 2024 02:31 PM

Complaint Against Punjab CM :  ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਖਿਲਾਫ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਸ਼ਿਕਾਇਤ ਕੀਤੀ ਗਈ ਹੈ। ਇਨ੍ਹਾਂ ਹੀ ਨਹੀਂ ਮੁੱਖ ਮੰਤਰੀ ਭਗਵੰਤ ਮਾਨ ਦੇ ਨਾਲ ਨਾਲ ਪੰਜਾਬ ਵਿਧਾਨਸਭਾ ਦੇ ਸਮੂਹ ਸਿੱਖ ਮੈਂਬਰਾਂ ਦੇ ਖਿਲਾਫ ਵੀ ਸ਼ਿਕਾਇਤ ਕੀਤੀ ਗਈ ਹੈ। ਇਹ ਸ਼ਿਕਾਇਤ ਪੰਥ ’ਚੋਂ ਛੇਕੇ ਜੋਗਿੰਦਰ ਸਿੰਘ ( ਸਪੋਕਸਮੈਨ ਅਖ਼ਬਾਰ ਦੇ ਸਾਬਕਾ ਸਰਪ੍ਰਸਤ ) ਨੂੰ ਵਿਧਾਨਸਭਾ ’ਚ ਦਿੱਤੀ ਗਈ ਸ਼ਰਧਾਂਜਲੀ ਦੇ ਕਾਰਨ ਦਿੱਤੀ ਗਈ ਹੈ। 

ਮਿਲੀ ਜਾਣਕਾਰੀ ਮੁਤਾਬਿਕ ਇਸ ਸਬੰਧੀ ਸ਼ਿਕਾਇਤਕਰਤਾ ਗੁਰਨਾਮ ਸਿੰਘ ਨੇ ਸ੍ਰੀ ਅਕਾਲ ਤਖਤ ਸਾਹਿਬ ਵਿਖੇ ਮੰਗ ਪੱਤਰ ਦਿੱਤਾ ਹੈ ਜਿਨ੍ਹਾਂ ਨੇ ਮੰਗ ਕੀਤੀ ਹੈ ਕਿ ਮੁੱਖ ਮੰਤਰੀ ਭਗਵੰਤ ਮਾਨ ਅਤੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਅਤੇ ਵਿਧਾਨਸਭਾ ਦੇ ਸਮੂਹ ਸਿੱਖ ਮੈਂਬਰਾਂ ਨੂੰ ਤਲਬ ਕਰਕੇ ਕਾਰਵਾਈ ਕਰਨ ਦੀ ਮੰਗ ਕੀਤੀ ਗਈ ਹੈ। 

ਜਾਣੋ ਕੀ ਹੈ ਮਾਮਲਾ 

ਦੱਸ ਦਈਏ ਕਿ ਵਿਧਾਨਸਭਾ ਦੇ ਮਾਨਸੂਨ ਸੈਸ਼ਨ ਦੌਰਾਨ ਕਈ ਉੱਘੀ ਸ਼ਖਸੀਅਤਾਂ ਸਣੇ ਸਪੋਕਸਮੈਨ ਦੇ ਮਾਲਕ ਰਹੇ ਜੋਗਿੰਦਰ ਸਿੰਘ ਨੂੰ ਵੀ ਸ਼ਰਧਾਂਜਲੀ ਭੇਂਟ ਕੀਤੀ ਗਈ ਸੀ ਜਿਸ ਨੂੰ ਸ੍ਰੀ ਅਕਾਲ ਤਖਤ ਸਾਹਿਬ ਦੇ ਵੱਲੋਂ ਪੰਥ ਚੋਂ ਛੇਕ ਦਿੱਤਾ ਗਿਆ ਹੈ। ਕਿਉਂਕਿ ਉਸ ਨੇ ਆਪਣੇ ਅਖ਼ਬਾਰ ਰਾਹੀਂ ਛੇਵੇਂ ਪਾਤਸ਼ਾਹ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦੇ ਸਥਾਪਿਤ ਮੀਰੀ ਪੀਰੀ ਦੇ ਸੰਕਲਪ ਨੂੰ ਸਮਰਪਿਤ ਸਰਵਉੱਚ ਸ਼ਕਤੀ ਸ੍ਰੀ ਅਕਾਲ ਤਖ਼ਤ ਸਾਹਿਬ ਵਿਰੁੱਧ ਬਹੁਤ ਜ਼ਹਿਰ ਉਗਲਦਾ ਰਿਹਾ ਅਤੇ ਗੁਰੂ ਸਾਹਿਬਾਨ ਜੀ ਵੱਲੋਂ ਬਖਸ਼ੀ ਪਾਵਨ ਧੁਰ ਕੀ ਬਾਣੀ ਦੇ ਅਰਥਾਂ ਨੂੰ ਤੋੜ ਮਰੋੜ ਕੇ ਪੇਸ਼ ਕਰਨ ਲਈ ਇੱਕ ਬਹੁਤ ਵੱਡੀ ਮੁਹਿੰਮ ਚਲਾਈ ਹੋਈ ਸੀ, ਜਿਸ ਨੂੰ ਆਪਣੇ ਕੀਤੇ‌ ਇਨ੍ਹਾਂ ਗੁਨਾਹਾਂ ਨੂੰ ਬਖਸ਼ਾਉਣ ਲਈ ਸ੍ਰੀ ਅਕਾਲ ਤਖ਼ਤ ਸਾਹਿਬ ਤਲਬ ਕੀਤਾ ਗਿਆ ਪਰ ਇਹ ਨਹੀਂ ਆਇਆ ਜਿਸ ਲਈ ਇਸ ਨੂੰ ਪੰਥ ’ਚੋਂ ਛੇਕ ਦਿੱਤਾ ਗਿਆ ਸੀ। 

ਜਿਸ ਨੇ ਆਪਣੀ ਰਹਿੰਦੀ ਉਮਰ ਵਿੱਚ ਵੀ ਇਹ ਭੁੱਲਾ ਬਖਸ਼ਾਉਣ ਦਾ ਯਤਨ ਨਹੀਂ ਕੀਤਾ ਸਗੋਂ ਸਮੇਂ ਸਿਰ ਪੰਥ ਵਿਰੋਧੀ ਤਾਕਤਾਂ ਨੂੰ ਹੱਲਾਸ਼ੇਰੀ ਦਿੱਤੀ ਹੈ ਅਜੀਹੇ ਵਿਅਕਤੀ ਨੂੰ ਖਾਲਸਾ ਪੰਥ ਦੀ ਧਰਤੀ ’ਤੇ ਸਿੱਖ ਸਿਧਾਂਤ ਦੇ ਉਲਟ ਸਨਮਾਨ ਦੇਣਾ ਵਿਧਾਨ ਸਭਾ ’ਚ ਬੈਠੇ ਗੁਰਸਿੱਖਾਂ ਵੱਲੋਂ ਵੀ ਇੱਕ ਬੱਜਰ ਕੁਰਹਿਤ ਕੀਤੀ ਗਈ ਹੈ। ਜੋ ਕਿ ਸਹਿਣਯੋਗ ਨਹੀਂ ਹੈ। 

ਸ਼ਿਕਾਇਤ ’ਚ ਕੀ ਕਿਹਾ ਗਿਆ ? 

ਇਸ ਸਬੰਧੀ ਸ੍ਰੀ ਅਕਾਲ ਤਖ਼ਤ ਸਾਹਿਬ ਜੀ ਦੇ ਸਕੱਤਰੇਤ ਵਿਖੇ ਸ਼ਿਕਾਇਤ ਲੈ ਕੇ ਪਹੁੰਚੇ ਭਾਈ ਗੁਰਨਾਮ ਸਿੰਘ ਸੈਦਾਂ ਰੁਹੇਲਾ ਨੇ ਕਿਹਾ ਕਿ ਉਹ ਇਕ ਸਿੱਖ ਵਜੋਂ ਇਹ ਸਮਝਦੇ ਹਨ ਕਿ ਸਾਡੀ ਵਿਧਾਨ ਸਭਾ ’ਚ ਚੁਣੇ ਹੋਏ ਨੁਮਾਇੰਦੇ ਬਹੁਤੇ ਗਿਣਤੀ ’ਚ ਸਿੱਖ ਹਨ ਜਿਨ੍ਹਾਂ ’ਚੋਂ ਪੰਜਾਬ ਦਾ ਮੁੱਖ ਮੰਤਰੀ ਦਾ ਅਸਲੀ ਨਾਮ ਭਗਵੰਤ ਸਿੰਘ ਮਾਨ ਹੈ ਭਾਵੇਂ ਕਿ ਉਹ ਸਿੰਘ ਸ਼ਬਦ ਵਰਤਣ ’ਚ ਸ਼ਰਮ ਮਹਿਸੂਸ ਕਰਦੇ ਹਨ ਪਰ ਹਨ ਉਹ ਸਿੱਖ ਪਰਿਵਾਰ ਦਾ ਹਿੱਸਾ, ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਇੱਕ ਅੰਮ੍ਰਿਤ ਧਾਰੀ ਗੁਰਸਿੱਖ ਹਨ ਜਦਕਿ ਵਿਰੋਧੀ ਧਿਰ ਦੇ ਆਗੂ ਪ੍ਰਤਾਪ ਸਿੰਘ ਬਾਜਵਾ ਵੀ ਸਿੱਖ ਹਨ ਅਤੇ ਹੋਰ ਵੀ ਮੈਂਬਰ ਸਾਹਿਬਾਨ ਬਹੁਤੇ ਸਿੱਖ ਪਰਿਵਾਰਾਂ ’ਚੋਂ ਹਨ, ਜਿਨ੍ਹਾਂ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਜੀ ਦੇ ਹੁਕਮਾਂ ਦੀ ਖਿਲਾਫਤ ਕੀਤੀ ਹੈ। 


ਇਸ ਲਈ ਇਹਨਾਂ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਜੀ ਦੀ ਮਰਿਆਦਾ ਅਨੁਸਾਰ ਸਖ਼ਤ ਕਾਰਵਾਈ ਕੀਤੀ ਜਾਵੇ। ਤਾਂ ਜੋ ਅੱਗੇ ਤੋਂ ਕੋਈ ਵੀ ਸਿੱਖ ਆਗੂ ਅਜੀਹੀ ਗਲਤੀ ਨਾ ਕਰੇ, ਇੱਥੇ ਇਹ ਜ਼ਿਕਰਯੋਗ ਹੈ ਕਿ ਸ਼ਿਕਾਇਤ ਕਰਤਾ ਭਾਈ ਗੁਰਨਾਮ ਸਿੰਘ ਸੈਦਾਂ ਰੁਹੇਲਾ ਸ਼ੂਰੁ ਤੋਂ ਹੀ ਪੰਥਕ ਸੇਵਾਵਾਂ ਵਿੱਚ ਲੱਗੇ ਹੋਏ ਹਨ ਜਿੰਨਾ ਨੇ ਪੰਦਰਾਂ ਸਾਲ ਦੀ ਉਮਰ ਤੋਂ ਪੰਥਕ ਮੋਰਚਿਆਂ ਵਿੱਚ ਜੇਲ੍ਹ ਕੱਟਣ ਅਤੇ ਉਸ ਤੋਂ ਬਾਅਦ ਲਗਾਤਾਰ ਪੰਥ ਲਈ ਸੰਘਰਸ਼ ਕਰਦਿਆਂ ਵੱਖ-ਵੱਖ ਠਿਕਾਣਿਆਂ ’ਚ ਤਸ਼ੱਦਦ ਸਹਿੰਦੇ ਰਹੇ ਅਤੇ ਬਰਗਾੜੀ ਵਰਗੇ ਮੋਰਚਿਆਂ ਵਿੱਚੋਂ ਗੁਜ਼ਰਦੇ ਹੋਏ ਅੱਜ ਵੀ ਨਾਮਵਾਰ ਪੰਥਕ ਪਰਿਵਾਰਾਂ ਨਾਲ ਰਲ ਕੇ ਸੇਵਾ ਨਿਭਾ ਰਹੇ ਹਨ। 

ਇਹ ਵੀ ਪੜ੍ਹੋ : Punjab Nursing Paper Leak : ਬਠਿੰਡਾ ’ਚ ਨਰਸਿੰਗ ਦਾ ਪੇਪਰ ਲੀਕ ਹੋਣ ਦਾ ਇਲਜ਼ਾਮ; ਵਿਦਿਆਰਥੀਆਂ ਨੇ ਕੀਤਾ ਹੰਗਾਮਾ, BFUHS ਨੇ ਦਿੱਤਾ ਸਪੱਸ਼ਟੀਕਰਨ

Related Post