ਸੰਗਰੂਰ-ਪਟਿਆਲਾ ਰੋਡ 'ਤੇ ਪਿਕਅਪ ਤੇ ਬੱਸ ਵਿਚਾਲੇ ਟੱਕਰ; ਚਾਰ ਦੀ ਮੌਤ, 16 ਜ਼ਖਮੀ
ਸੰਗਰੂਰ : ਸੰਗਰੂਰ ਵਿਚ ਇਕ ਭਿਆਨਕ ਸੜਕ ਹਾਦਸੇ ਵਿਚ 4 ਲੋਕਾਂ ਦੀ ਮੌਤ ਹੋ ਗਈ ਜਦਕਿ 16 ਲੋਕ ਜ਼ਖ਼ਮੀ ਹੋ ਗਏ ਹਨ, ਜਿਨ੍ਹਾਂ ਵਿਚ ਕੁਝ ਦੀ ਹਾਲਤ ਗੰਭੀਰ ਬਣੀ ਹੋਈ ਹੈ। ਸੰਗਰੂਰ-ਪਟਿਆਲਾ ਕੌਮੀ ਮਾਰਗ ਉਪਰ ਪੈਂਦੇ ਪਿੰਡ ਕਲੌਦੀ ਬੱਸ ਅੱਡੇ ਉਪਰ ਐਤਵਾਰ ਸਵੇਰੇ ਪੀਆਰਟੀਸੀ ਦੀ ਬੱਸ ਤੇ ਪਿਕਅੱਪ ਵਿਚਾਲੇ ਜ਼ਬਰਦਸਤ ਟੱਕਰ ਹੋ ਗਈ।
ਪਿਕਅੱਪ ਗੱਡੀ ਵਿਚ ਸਵਾਰ 21 ਵਿਅਕਤੀ ਗੰਭੀਰ ਜ਼ਖ਼ਮੀ ਹੋ ਗਏ। ਹਾਦਸੇ 'ਚ 4 ਲੋਕਾਂ ਦੀ ਮੌਤ ਹੋ ਗਈ, ਜਦਕਿ 3 ਮਹੀਨੇ ਦੀ ਬੱਚੀ ਸਮੇਤ 16 ਲੋਕ ਗੰਭੀਰ ਜ਼ਖਮੀ ਹੋ ਗਏ। ਜ਼ਖਮੀਆਂ ਨੂੰ ਤੁਰੰਤ ਸਿਵਲ ਹਸਪਤਾਲ ਸੰਗਰੂਰ ਦਾਖ਼ਲ ਕਰਵਾਇਆ ਗਿਆ ਜਿੱਥੋਂ 4 ਮਰੀਜ਼ਾਂ ਨੂੰ ਰਾਜਿੰਦਰਾ ਹਸਪਤਾਲ ਪਟਿਆਲਾ ਰੈਫਰ ਕਰ ਦਿੱਤਾ ਗਿਆ। ਗੱਡੀ 'ਚ ਸਵਾਰ ਉਕਤ ਵਿਅਕਤੀ ਪਟਿਆਲਾ ਦੇ ਸ੍ਰੀ ਕਾਲੀ ਦੇਵੀ ਮੰਦਰ ਤੋਂ ਮੱਥਾ ਟੇਕ ਕੇ ਵਾਪਸ ਆ ਰਹੇ ਸਨ।
ਇਹ ਵੀ ਪੜ੍ਹੋ : ਡਾ. ਨਵਜੋਤ ਕੌਰ ਸਿੱਧੂ ਨੇ ਪਟਿਆਲਾ ਤੋਂ ਲੋਕ ਸਭਾ ਸੀਟ ਲਈ ਦਾਅਵੇਦਾਰੀ ਕੀਤੀ ਪੇਸ਼
ਜਦੋਂ ਪੀਆਰਟੀਸੀ ਦੀ ਬੱਸ ਸਵਾਰੀਆਂ ਨੂੰ ਚੁੱਕਣ ਲਈ ਬੱਸ ਅੱਡੇ 'ਤੇ ਰੁਕੀ ਤਾਂ ਤੇਜ਼ ਰਫ਼ਤਾਰ ਪਿਕਅੱਪ ਵਾਹਨ ਨੇ ਬੱਸ ਨੂੰ ਟੱਕਰ ਮਾਰ ਦਿੱਤੀ। ਸੰਗਰੂਰ ਦੀ ਐਸਡੀਐਮ ਨਵਰੀਤ ਕੌਰ ਨੇ ਸਿਵਲ ਹਸਪਤਾਲ ਸੰਗਰੂਰ ਪੁੱਜ ਕੇ ਜ਼ਖ਼ਮੀਆਂ ਦਾ ਹਾਲ-ਚਾਲ ਪੁੱਛਿਆ ਤੇ ਡਾਕਟਰੀ ਸਹੂਲਤਾਂ ਦਾ ਜਾਇਜ਼ਾ ਲਿਆ। ਸਾਰੇ ਮ੍ਰਿਤਕ ਪਿੰਡ ਬੱਧਨੀ ਕਲਾਂ ਜ਼ਿਲ੍ਹਾ ਮੋਗਾ ਦੇ ਦੱਸੇ ਜਾ ਰਹੇ ਹਨ।