ਸੀਐਮ ਭਗਵੰਤ ਮਾਨ ਪਤਨੀ ਨਾਲ ਇਸ ਸੂਬੇ ਚ ਮਨਾਉਣਗੇ ਨਵੇਂ ਸਾਲ ਦੀਆਂ ਛੁੱਟੀਆਂ!

ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਪਤਨੀ ਸਮੇਤ ਨਵੇਂ ਸਾਲ ਦੀਆਂ ਰਾਜਸਥਾਨ ਵਿਚ ਛੁੱਟੀਆਂ ਮਨਾਉਣਗੇ। ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਪਤੀ-ਪਤਨੀ ਬੀਕਾਨੇਰ, ਜੋਧਪੁਰ ਤੇ ਜੈਸਲਮੇਰ ਵਿਚ ਰੁਕਣਗੇ।

By  Ravinder Singh December 28th 2022 06:30 PM

ਚੰਡੀਗੜ੍ਹ : ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨਵੇਂ ਸਾਲ ਦੀਆਂ ਛੁੱਟੀਆਂ ਮਨਾਉਣ ਲਈ ਪਤਨੀ ਸਮੇਤ ਰਾਜਸਥਾਨ ਜਾ ਰਹੇ ਹਨ। ਸੂਤਰਾਂ ਦੇ ਹਵਾਲੇ ਤੋਂ ਪਤਾ ਲੱਗਾ ਹੈ ਕਿ ਸੀਐਮ ਮਾਨ ਛੁੱਟੀਆਂ ਮਨਾਉਣ ਲਈ ਰਾਜਸਥਾਨ ਲਈ ਰਵਾਨਾ ਹੋ ਗਏ ਹਨ। ਸੂਤਰਾਂ ਨੇ ਦੱਸਿਆ ਕਿ ਮਾਨ ਤੇ ਉਨ੍ਹਾਂ ਦੀ ਪਤਨੀ ਡਾਕਟਰ ਗੁਰਪ੍ਰੀਤ ਕੌਰ ਅੱਜ ਸੜਕ ਰਾਹੀਂ ਬੀਕਾਨੇਰ ਵੱਲ ਜਾਣਗੇ। ਸੀਐਮ ਮਾਨ ਪਤਨੀ ਸਮੇਤ ਰਾਜਸਥਾਨ ਦੇ ਵੱਖ-ਵੱਖ ਖੂਬਸੂਰਤ ਸ਼ਹਿਰਾਂ ਵਿਚ ਸਰਦੀਆਂ ਦੀਆਂ ਛੁੱਟੀਆਂ ਮਨਾਉਣਗੇ।



ਸੂਤਰਾਂ ਮੁਤਾਬਕ ਬੁੱਧਵਾਰ ਨੂੰ ਮੁੱਖ ਮੰਤਰੀ ਤੇ ਉਨ੍ਹਾਂ ਦੀ ਪਤਨੀ ਬੀਕਾਨੇਰ 'ਚ ਰਾਤ ਰੁਕਣਗੇ। ਉਹ ਸ਼ਨਿੱਚਰਵਾਰ ਨੂੰ ਚਾਰਟਰਡ ਫਲਾਈਟ ਰਾਹੀਂ ਚੰਡੀਗੜ੍ਹ ਪਰਤਣ ਤੋਂ ਪਹਿਲਾਂ ਵੀਰਵਾਰ ਨੂੰ ਜੋਧਪੁਰ ਤੇ ਸ਼ੁੱਕਰਵਾਰ ਜੈਸਲਮੇਰ ਵਿੱਚ ਬਿਤਾਉਣਗੇ। 

ਸੂਤਰਾਂ ਨੇ ਦੱਸਿਆ ਕਿ 9 ਮਹੀਨੇ ਪਹਿਲਾਂ ਸੂਬੇ ਦੇ ਮੁੱਖ ਮੰਤਰੀ ਵਜੋਂ ਅਹੁਦਾ ਸੰਭਾਲਣ ਤੋਂ ਬਾਅਦ ਮਾਨ ਦੀ ਇਹ ਪਹਿਲੀ ਛੁੱਟੀ ਹੈ। ਡਾਕਟਰ ਗੁਰਪ੍ਰੀਤ ਕੌਰ ਨੇ ਹਾਲ ਹੀ ਵਿੱਚ ਅਮਰੀਕਾ ਦੀ ਯਾਤਰਾ ਕੀਤੀ ਸੀ। ਉਹ ਕੁਝ ਦਿਨ ਪਹਿਲਾਂ ਚੰਡੀਗੜ੍ਹ ਵਿਖੇ ਭਗਵੰਤ ਮਾਨ ਕੋਲ ਪੁੱਜੇ ਹਨ।

ਕਾਬਿਲੇਗੌਰ ਹੈ ਕਿ ਮੁੱਖ ਮੰਤਰੀ ਭਗਵੰਤ ਮਾਨ ਤੇ ਉਨ੍ਹਾਂ ਦੀ ਪਤਨੀ ਡਾ. ਗੁਰਪ੍ਰੀਤ ਕੌਰ ਮੰਗਲਵਾਰ ਨੂੰ ਫਤਿਹਗੜ੍ਹ ਸਾਹਿਬ ਵਿਖੇ ਛੋਟੇ ਸਾਹਿਬਾਜ਼ਾਦਿਆਂ ਤੇ ਮਾਤਾ ਗੁਜਰੀ ਦੀ ਸ਼ਹਾਦਤ ਨੂੰ ਨਤਮਸਤਕ ਕਰਨ ਲਈ ਪੁੱਜੇ ਸਨ।

ਇਹ ਵੀ ਪੜ੍ਹੋ : ਤਿੰਨ ਖੇਤੀ ਕਾਨੂੰਨਾਂ ਖ਼ਿਲਾਫ਼ ਜੇਤੂ ਇਤਿਹਾਸਕ ਕਿਸਾਨ ਘੋਲ ਨੂੰ ਸਿਲੇਬਸ 'ਚ ਸ਼ਾਮਿਲ ਕਰਨ ਦੀ ਮੰਗ

ਪਿਛਲੇ ਮਹੀਨੇ ਭਗਵੰਤ ਮਾਨ ਨੇ ਗੁਜਰਾਤ 'ਚ ਲਗਾਤਾਰ 15 ਦਿਨ ਬਿਤਾਏ ਸਨ। ਇਸ ਤੋਂ ਪਹਿਲਾਂ ਉਨ੍ਹਾਂ ਨੇ ਸ਼ਨਿੱਚਰਵਾਰ-ਐਤਵਾਰ ਚੋਣਾਂ ਵਾਲੇ ਸੂਬਿਆਂ ਵਿਚ ਬਿਤਾਏ ਸਨ। ਪੰਜਾਬ ਪਰਤਣ ਤੋਂ ਬਾਅਦ ਉਨ੍ਹਾਂ ਨੇ ਵੱਖ-ਵੱਖ ਮੁੱਦਿਆਂ 'ਤੇ ਕਈ ਮੀਟਿੰਗਾਂ ਕੀਤੀਆਂ ਸਨ। ਪਿਛਲੇ ਕੁਝ ਸਮੇਂ ਤੋਂ ਮਾਨ ਮੁੱਖ ਮੰਤਰੀ ਦਫ਼ਤਰ ਵਿੱਚ ਮੀਟਿੰਗਾਂ ਕਰ ਰਹੇ ਹਨ ਕਿਉਂਕਿ ਉਹ ਜ਼ਿਆਦਾਤਰ ਆਪਣੀ ਸਰਕਾਰੀ ਰਿਹਾਇਸ਼ ਤੋਂ ਕੰਮ ਕਰਦੇ ਹਨ।

Related Post