100 ਕਰੋੜ ਦੇ ਸਾਈਬਰ ਫਰਾਡ ਮਾਮਲੇ ਸਬੰਧੀ CBI ਜਾਂਚ ਦੇ ਹੁਕਮ ਦੇਣ ਮੁੱਖ ਮੰਤਰੀ ਮਾਨ : ਬਿਕਰਮ ਸਿੰਘ ਮਜੀਠੀਆ

ਸੀਨੀਅਰ ਆਗੂ ਬਿਕਰਮ ਸਿੰਘ ਮਜੀਠੀਆ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ 100 ਕਰੋੜ ਦੇ ਸਾਈਬਰ ਫਰਾਡ ਮਾਮਲੇ ਸਬੰਧੀ CBI ਜਾਂਚ ਦੇ ਹੁਕਮ ਦੇਣ।

By  Dhalwinder Sandhu September 6th 2024 06:30 PM

Bikram Singh Majithia Press conference : ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਬਿਕਰਮ ਸਿੰਘ ਮਜੀਠੀਆ ਨੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਅਪੀਲ ਕੀਤੀ ਕਿ ਉਹ ਪੰਜਾਬ ਪੁਲਿਸ ਦੀ ਮਹਿਲਾ ਇੰਸਪੈਕਟਰ ਵਜੋਂ 100 ਕਰੋੜ ਰੁਪਏ ਦੇ ਸਾਈਬਰ ਫਰਾਡ ਦੇ ਮਾਮਲੇ ਦੀ ਪੰਜਾਬ ਪੁਲਿਸ ਮੁਖੀ ਨੂੰ ਕੀਤੀ ਸ਼ਿਕਾਇਤ ਦੀ ਸੀਬੀਆਈ ਜਾਂਚ ਦੇ ਹੁਕਮ ਦੇਣ, ਜਿਸ ਵਿੱਚ ਮੰਤਰੀ ਹਰਜੋਤ ਬੈਂਸ ਮੁਲਜ਼ਮ ਵਜੋਂ ਸ਼ਾਮਲ ਹਨ ਤੇ ਇਹੋ ਚਾਹੁੰਦੇ ਹਨ।

ਬਿਕਰਮ ਸਿੰਘ ਮਜੀਠੀਆ ਨੇ ਕਿਹਾ ਕਿ ਇਸ ਮਾਮਲੇ ਦਾ ਖੁਲ੍ਹਾਸਾ ਇੰਸਪੈਕਟਰ ਅਮਨਜੋਤ ਕੌਰ ਨੇ ਕੀਤਾ ਹੈ ਜਿਹਨਾਂ ਨੇ ਮੰਤਰੀ ਤੇ ਉਹਨਾਂ ਦੀ ਪਤਨੀ ਜਯੋਤੀ ਯਾਦਵ ’ਤੇ ਮੁਹਾਲੀ ਵਿੱਚ ਇੱਕ ਬੇਸਮੈਂਟ ਤੋਂ ਚਲਾਏ ਜਾ ਰਹੇ ਕਾਲ ਸੈਂਟਰ ਦੇ ਮਾਮਲੇ ਦੀ ਜਾਂਚ ਵਿੱਚ ਰੁਕਾਵਟ ਪਾਉਣ ਤੇ ਮੁਲਜ਼ਮਾਂ ਨੂੰ ਬਚਾਉਣ ਦੇ ਇਲਜ਼ਾਮ ਲਾਏ ਹਨ। ਉਹਨਾਂ ਕਿਹਾ ਕਿ ਹਰਜੋਤ ਬੈਂਸ ਨੇ ਸਾਰੇ ਮਾਮਲੇ ਦੀ ਜਾਂਚ ਦਾ ਸਵਾਗਤ ਕਰਨ ਦਾ ਐਲਾਨ ਕੀਤਾ ਹੈ ਤਾਂ ਮੁੱਖ ਮੰਤਰੀ ਹੁਣ ਬੈਂਸ ਦੇ ਐਲਾਨ ਦਾ ਮਾਣ ਰੱਖਦਿਆਂ ਆਪਣੇ ਮੰਤਰੀ ਦੇ ਕਹੇ ਮੁਤਾਬਕ ਸਾਰੇ ਮਾਮਲੇ ਦੀ ਸੀਬੀਆਈ ਜਾਂਚ ਦੇ ਹੁਕਮ ਦੇਣੇ ਚਾਹੀਦੇ ਹਨ।


ਮਜੀਠੀਆ ਨੇ ਕਿਹਾ ਕਿ ਸੀਬੀਆਈ ਜਾਂ ਹਾਈ ਕੋਰਟ ਦੀ ਨਿਗਰਾਨੀ ਹੇਠ ਜਾਂਚ ਹੀ ਮਾਮਲੇ ਵਿੱਚ ਜ਼ਰੂਰੀ ਹੈ ਕਿਉਂਕਿ ਪੰਜਾਬ ਪੁਲਿਸ ਤੋਂ ਕੇਸ ਵਿੱਚ ਨਿਆਂ ਦੀ ਆਸ ਨਹੀਂ ਕੀਤੀ ਜਾ ਸਕਦੀ। ਉਹਨਾਂ ਕਿਹਾ ਕਿ ਪੰਜਾਬ ਪੁਲਿਸ ਨੇ ਅੱਠ ਮਹੀਨੇ ਪਹਿਲਾਂ ਮਹਿਲਾ ਪੁਲਿਸ ਇੰਸਪੈਕਟਰ ਵੱਲੋਂ ਮਾਮਲਾ ਉਸਦੇ ਧਿਆਨ ਵਿਚ ਲਿਆਉਣ ਦੇ ਬਾਵਜੂਦ ਵੀ ਮਾਮਲੇ ਦੀ ਸਹੀ ਜਾਂਚ ਨਹੀਂ ਕੀਤੀ।

ਉਹਨਾਂ ਨੇ ਕਿਹਾ ਕਿ ਪੰਜਾਬ ਵਿੱਚ ਵਿੱਤੀ ਐਮਰਜੰਸੀ ਲੱਗੀ ਹੈ ਤੇ ਕਾਨੂੰਨ ਵਿਵਸਥਾ ਦੇ ਮਾਮਲੇ ’ਤੇ ਵੀ ਐਮਰਜੈਂਸੀ ਲੱਗੀ ਹੈ। ਉਹਨਾਂ ਕਿਹਾ ਕਿ ਪਿਛਲੇ ਢਾਈ ਸਾਲਾਂ ਵਿੱਚ ਸੂਬੇ ਸਿਰ ਕਰਜ਼ਾ ਇੱਕ ਲੱਖ ਕਰੋੜ ਰੁਪਏ ਵੱਧ ਗਿਆ ਹੈ ਤੇ ਆਪ ਸਰਕਾਰ ਨੂੰ ਹੁਣ ਮੁਲਾਜ਼ਮਾਂ ਦੀਆਂ ਤਨਖਾਹਾਂ ਦੇਣੀਆਂ ਵੀ ਔਖੀਆਂ ਲੱਗ ਰਹੀਆਂ ਹਨ। ਸਰਕਾਰ ਨੇ ਹਾਲ ਹੀ ਵਿੱਚ ਪੈਟਰੋਲ ਅਤੇ ਡੀਜ਼ਲ ’ਤੇ ਵੈਟ ਵਧਾ ਦਿੱਤਾ ਹੈ ਤੇ ਪੈਸੇ ਇਕੱਠੇ ਕਰਨ ਵਾਸਤੇ 11 ਲੱਖ ਬਿਜਲੀ ਖਪਤਕਾਰਾਂ ਸਿਰ 2 ਹਜ਼ਾਰ ਕਰੋੜ ਰੁਪਏ ਦਾ ਵਿੱਤੀ ਬੋਝ ਪਾ ਦਿੱਤਾ ਹੈ। ਉਹਨਾਂ ਕਿਹਾ ਕਿ ਬਜਾਏ ਆਮ ਆਦਮੀ ਨੂੰ ਮਾਰ ਪਾਉਣ ਅਤੇ ਡੀਜ਼ਲ ’ਤੇ ਵੈਟ ਵਧਾ ਕੇ ਮਹਿੰਗਾਈ ਵਧਾਉਣ ਤੇ ਖੇਤੀਬਾੜੀ ਦੀ ਲਾਗਤ ਨੂੰ ਹੋਰ ਵਧਾਉਣ ਦੇ ਆਪ ਸਰਕਾਰ ਨੂੰ ਇਸ਼ਤਿਹਾਰਬਾਜ਼ੀ, ਜਨਤਕ ਪ੍ਰੋਗਰਾਮਾਂ ਤੇ ਹੋਰ ਰਾਜਾਂ ਵਿਚ ਪ੍ਰਚਾਰ ਮੁਹਿੰਮਾਂ ’ਤੇ ਫਾਲਤੂ ਖਰਚਾ ਕਰਨ ਤੋਂ ਬਚਣਾ ਚਾਹੀਦਾ ਹੈ।

ਮਜੀਠੀਆ ਨੇ ਦੱਸਿਆ ਕਿ ਕਿਵੇਂ ਸੂਬੇ ਵਿਚ ਕੋਈ ਵੀ ਸੁਰੱਖਿਅਤ ਨਹੀਂ ਹੈ। ਉਹਨਾਂ ਕਿਹਾ ਕਿ ਹਾਲ ਹੀ ਵਿਚ ਸ੍ਰੀ ਮੁਕਤਸਰ ਸਾਹਿਬ ਵਿੱਚ ਇੱਕ ਐਨ ਆਰ ਆਈ ਪਰਿਵਾਰ ਦਾ ਕਤਲ ਕਰ ਦਿੱਤਾ ਗਿਆ ਤੇ ਅੰਮ੍ਰਿਤਸਰ ਦੀ ਮੰਡੀ ਵਿੱਚ ਕਰੋੜਾਂ ਰੁਪਏ ਦਾ ਡ੍ਰਾਈ ਫਰੂਟ ਲੁੱਟ ਲਿਆ ਗਿਆ। ਉਹਨਾਂ ਕਿਹਾ ਕਿ ਰੋਜ਼ਾਨਾ ਹੀ ਗੁੰਡਾਗਰਦੀ ਦੀ ਕੋਈ ਨਾ ਕੋਈ ਘਟਨਾ ਸਾਹਮਣੇ ਆ ਰਹੀ ਹੈ। ਉਹਨਾਂ ਕਿਹਾ ਕਿ ਹਾਲਾਤ ਅਜਿਹੇ ਹਨ ਕਿ ਕੋਈ ਵੀ ਪੰਜਾਬ ਵਿਚ ਨਿਵੇਸ਼ ਕਰਨ ਵਾਸਤੇ ਰਾਜ਼ੀ ਨਹੀਂ ਹੈ ਤੇ ਵਾਰ-ਵਾਰ ਫਿਰੌਤੀਆਂ ਕਾਰਣ ਲੋਕਾਂ ਨੂੰ ਜਾਨ ਦਾ ਡਰ ਬਣਿਆ ਹੋਇਆ ਹੈ।

ਇਸ ਮੌਕੇ ਸੰਬੋਧਨ ਕਰਦਿਆਂ ਅਕਾਲੀ ਦਲ ਦੇ ਕਾਰਜਕਾਰੀ ਪ੍ਰਧਾਨ ਬਲਵਿੰਦਰ ਸਿੰਘ ਭੂੰਦੜ ਨੇ ਕਿਹਾ ਕਿ ਆਪ ਸਰਕਾਰ ਨਾ ਸਿਰਫ ਆਪਣੇ ਸਾਰੇ ਵਾਅਦੇ ਕਰਨ ਤੋਂ ਭੱਜ ਗਈ ਹੈ ਬਲਕਿ ਇਸਨੇ ਸੂਬੇ ਨੂੰ ਕੰਗਾਲ ਕਰ ਦਿੱਤਾ ਹੈ ਅਤੇ ਸੂਬੇ ਵਿੱਚ ਨਸ਼ਾ ਘਰ-ਘਰ ਫੈਲ ਗਿਆ ਹੈ। ਉਹਨਾਂਕਿਹਾ  ਕਿ ਸੂਬੇ ਵਿਚ ਕੋਈ ਵਿਕਾਸ ਕਾਰਜ ਨਹੀਂ ਹੋ ਰਿਹਾ ਤੇ ਨਾਗਰਿਕ ਸੇਵਾਵਾਂ ਠੱਪ ਹੋ ਗਈਆਂ ਹਨ। ਉਹਨਾਂ ਜ਼ੋਰ ਦੇ ਕੇ ਕਿਹਾ ਕਿ ਅਕਾਲੀ ਦਲ ਚੁੱਪ ਨਹੀਂ ਬੈਠੇਗਾ। ਉਹਨਾਂ ਕਿਹਾ ਕਿ ਪਾਰਟੀ ਜ਼ਿਲ੍ਹਾ ਪੱਧਰੀ ਧਰਨੇ ਲਗਾ ਕੇ ਆਪ ਸਰਕਾਰ ਨੂੰ ਲੋਕਾਂ ਨਾਲ ਕੀਤੇ ਵਾਅਦੇ ਪੂਰੇ ਕਰਨ ਵਾਸਤੇ ਮਜਬੂਰ ਕਰੇਗੀ।

ਇਹ ਵੀ ਪੜ੍ਹੋ : Faridkot News : ਗੁਟਕਾ ਸਾਹਿਬ ਦੀ ਬੇਅਦਬੀ, ਪੁਲਿਸ ਨੇ ਮੁਲਜ਼ਮ ਔਰਤ ਨੂੰ ਕੀਤਾ ਗ੍ਰਿਫਤਾਰ

Related Post