ਲਗਾਤਾਰ ਤੀਜੀ ਵਾਰ ਮੱਕੀ ਦੀ ਫਸਲ ਖਰੀਦਣ ਤੋਂ ਨਾਂਹ ਕਰ ਕੇ ਕਿਸਾਨਾਂ ਨੂੰ ਬਰਬਾਦ ਕਰਨ ਲਈ CM ਮਾਨ ਅਸਤੀਫਾ ਦੇਣ: ਸੁਖਬੀਰ ਸਿੰਘ ਬਾਦਲ

ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਜਿਹੜੇ ਕਿਸਾਨਾਂ ਨੇ ਮੱਕੀ, ਮੂੰਗੀ ਤੇ ਸੂਰਜਮੁਖੀ ਦੀਆਂ ਫਸਲਾਂ ਐਮ ਐਸ ਪੀ ਨਾਲੋਂ ਘੱਟ ਰੇਟ ’ਤੇ ਵੇਚੀਆਂ ਨੂੰ ’ਭਵੰਤਰ’ ਸਕੀਮ ਰਾਹੀਂ ਮੁਆਵਜ਼ਾ ਦਿੱਤਾ ਜਾਵੇ।

By  KRISHAN KUMAR SHARMA July 11th 2024 04:20 PM

ਚੰਡੀਗੜ੍ਹ : ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਅੱਜ ਮੁੱਖ ਮੰਤਰੀ ਭਗਵੰਤ ਮਾਨ ਦੇ ਅਸਤੀਫੇ ਦੀ ਮੰਗ ਕੀਤੀ ਅਤੇ ਕਿਹਾ ਕਿ ਮੁੱਖ ਮੰਤਰੀ ਨੇ ਲਗਾਤਾਰ ਤੀਜੀ ਵਾਰ MSP ’ਤੇ ਮੱਕੀ ਦੀ ਫਸਲ ਖਰੀਣ ਤੋਂ ਇਨਕਾਰ ਕਰਕੇ ਕਿਸਾਨਾਂ ਦਾ ਵੱਡਾ ਨੁਕਸਾਨ ਕੀਤਾ ਹੈ। ਜਦਕਿ ਉਨ੍ਹਾਂ ਨੇ ਫਸਲ ਖਰੀਦਣ ਦਾ ਵਾਅਦਾ ਕੀਤਾ ਸੀ ਤੇ ਉਹ ਕਿਸਾਨਾਂ ਨੂੰ ਹੋਏ ਵੱਡੇ ਆਰਥਿਕ ਨੁਕਸਾਨ ਲਈ ਇਕੱਲੇ ਹੀ ਜ਼ਿੰਮੇਵਾਰ ਹਨ।

ਅਕਾਲੀ ਦਲ ਦੇ ਪ੍ਰਧਾਨ ਨੇ ਮੰਗ ਕੀਤੀ ਕਿ ਆਪ ਸਰਕਾਰ ਕਿਸਾਨਾਂ ਨੂੰ ’ਭਵੰਤਰ’ ਸਕੀਮ ਜੋ ਸੂਬੇ ਵਿਚ ਲਾਗੂ ਹੀ ਨਹੀਂ ਕੀਤੀ ਗਈ, ਰਾਹੀਂ ਹੋਏ ਨੁਕਸਾਨ ਦਾ ਮੁਆਵਜ਼ਾ ਦੇਵੇ। ਉਨ੍ਹਾਂ ਨੇ ਕਿਹਾ ਕਿ ਸਾਰੇ ਕਿਸਾਨ ਜਿਹਨਾਂ ਨੇ ਮੱਕੀ, ਮੂੰਗੀ ਤੇ ਸੂਰਜਮੁਖੀ ਦੀ ਫਸਲ ਐਮਪੀਐਸ ਨਾਲੋਂ ਘੱਟ ਰੇਟ ’ਤੇ ਵੇਚੀ ਹੈ, ਨੂੰ ਤੁਰੰਤ ਮੁਆਵਜ਼ਾ ਦਿੱਤਾ ਜਾਣਾ ਚਾਹੀਦਾ ਹੈ।

ਇਥੇ ਜਾਰੀ ਬਿਆਨ 'ਚ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਨੇ ਮੁੱਖ ਮੰਤਰੀ ’ਤੇ ਫਸਲੀ ਵਿਭਿੰਨਤਾ ਦੇ ਨਾਂ ’ਤੇ ਕਿਸਾਨਾਂ ਨਾਲ ਠੱਗੀ ਮਾਰਨ ਦੇ ਦੋਸ਼ ਲਗਾਏ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਨੇ ਪਹਿਲਾਂ ਕਿਸਾਨਾਂ ਨੂੰ ਮੂੰਗੀ, ਮੱਕੀ ਤੇ ਸੂਰਜਮੁਖੀ ਲਾਉਣ ਲਈ ਉਤਸ਼ਾਹਿਤ ਕੀਤਾ ਤੇ ਉਨ੍ਹਾਂ ਨੂੰ ਸਾਰੀਆਂ ਫਸਲਾਂ ਐਮਐਸਪੀ ’ਤੇ ਖਰੀਦਣ ਦੀ ਗਰੰਟੀ ਦਿੱਤੀ। ਉਨ੍ਹਾਂ ਕਿਹਾ ਕਿ ਜਦੋਂ ਫਸਲਾਂ ਦੀ ਖਰੀਦ ਦਾ ਸਮਾਂ ਆਇਆ ਤਾਂ ਕਿਸਾਨਾਂ ਨੂੰ ਪ੍ਰਾਈਵੇਟ ਖਿਡਾਰੀਆਂ ਦੇ ਰਹਿਮੋ-ਕਰਮ ’ਤੇ ਛੱਡ ਦਿੱਤਾ ਗਿਆ ਤੇ ਉਨ੍ਹਾਂ ਨੂੰ ਭਾਰੀ ਘਾਟੇ ਸਹਿਣੇ ਪਏ। ਉਨ੍ਹਾਂ ਕਿਹਾ ਕਿ ਆਪ ਸਰਕਾਰ ਦੀ ਫਸਲੀ ਵਿਭਿੰਨਤਾ ਯੋਜਨਾ ਖੇਰੂ ਖੇਰੂ ਹੋ ਗਈ ਹੈ, ਉਸੇ ਤਰੀਕੇ ਜਿਵੇਂ ਮੁੱਖ ਮੰਤਰੀ ਵੱਲੋਂ ਇਹ ਫਸਲਾਂ ਖਰੀਦਣ ਦਾ ਕੀਤਾ ਵਾਅਦਾ ਖਿੰਡ ਪੁੰਡ ਗਿਆ ਹੈ।

ਮੱਕੀ ਕਿਸਾਨਾਂ ਨੂੰ ਦਰਪੇਸ਼ ਮੁਸ਼ਕਿਲਾਂ ਦੀ ਗੱਲ ਕਰਦਿਆਂ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਇਸ ਸਾਲ ਕੁੱਲ 51 ਲੱਖ ਕੁਇੰਟਲ ਮੱਕੀ ਵੇਚੀ ਗਈ ਜਿਸ ਵਿਚੋਂ 114 ਕੁਇੰਟਲ ਯਾਨੀ ਸਿਰਫ 0.002 ਫੀਸਦੀ ਮੱਕੀ ਦੀ ਖਰੀਦ ਸਰਕਾਰੀ ਏਜੰਸੀਆਂ ਨੇ ਕੀਤੀ ਹੈ। ਉਨ੍ਹਾਂ ਕਿਹਾ ਕਿ ਆਪ ਸਰਕਾਰ ਨੇ ਕਿਸਾਨਾਂ ਨੂੰ ਉਨ੍ਹਾਂ ਦੇ ਹਾਲ ’ਤੇ ਛੱਡ ਦਿੱਤਾ, ਜਿਸ ਕਾਰਣ ਮੱਕੀ ਦਾ ਭਾਅ ਮੂਧੇ ਮੂੰਹ ਡਿੱਗਾ ਅਤੇ ਕਿਸਾਨਾਂ ਨੂੰ ਵੱਡੇ ਘਾਟੇ ਸਹਿਣੇ ਪਏ।

ਉਨ੍ਹਾਂ ਨੇ ਸਰਕਾਰ ਨੂੰ ਆਖਿਆ ਕਿ ਉਹ ਤੁਰੰਤ ਮਾਮਲੇ ਵਿਚ ਦਖਲ ਦੇਵੇ ਅਤੇ ਸਰਕਾਰੀ ਏਜੰਸੀਆਂ ਨੂੰ ਮੱਕੀ ਦੀ ਖਰੀਦ ਤੁਰੰਤ ਕਰਨ ਦੀ ਹਦਾਇਤ ਕਰੇ। ਉਨ੍ਹਾਂ ਨੇ ਮੁੱਖ ਮੰਤਰੀ ਨੂੰ ਆਖਿਆ ਕਿ ਉਹ ਕਿਸਾਨਾਂ ਤੋਂ ਉਹਨਾਂ ਨਾਲ ਠੱਗੀ ਮਾਰਨ ਦੀ ਮੁਆਫੀ ਮੰਗਣ।

Related Post