CM ਮਾਨ ਨੇ ਸ਼ਰਾਬ ਘੁਟਾਲੇ 'ਚੋਂ ਬਚਣ ਲਈ ਦਿੱਤੀ ਸੀ ਕਿਸਾਨਾਂ ਉਪਰ ਹੰਝੂ ਗੈਸ ਤੇ ਰਬੜ ਦੀਆਂ ਗੋਲੀਆਂ ਮਾਰਨ ਦੀ ਆਗਿਆ: ਸੁਖਬੀਰ ਸਿੰਘ ਬਾਦਲ

ਸੁਖਬੀਰ ਸਿੰਘ ਬਾਦਲ ਨੇ ਇਹ ਵੀ ਦੱਸਿਆ ਕਿ ਕਿਵੇਂ ਪੰਜਾਬੀਆਂ ਨੂੰ ਮੁੱਖ ਮੰਤਰੀ ਭਗਵੰਤ ਮਾਨ ਤੋਂ ਵਿਕਾਸ ਦੀ ਕੋਈ ਆਸ ਨਹੀਂ ਹੈ। ਉਨ੍ਹਾਂ ਕਿਹਾ ਕਿ ਸੀਐਮ ਨੇ ਵਾਅਦਾ ਕੀਤਾ ਸੀ ਕਿ ਸਰਕਾਰ ਪਿੰਡਾਂ ਤੋਂ ਚੱਲੇਗੀ ਪਰ ਉਹ ਪਿਛਲੇ ਦੋ ਸਾਲਾਂ ਵਿਚ ਧੂਰੀ ਸਿਰਫ ਦੋ ਵਾਰ ਆਇਆ ਹੈ।

By  KRISHAN KUMAR SHARMA May 16th 2024 08:17 PM

ਬਠਿੰਡਾ: ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਅੱਜ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਨੇ ਬਹੁ ਕਰੋੜੀ ਸ਼ਰਾਬ ਘੁਟਾਲੇ ਵਿਚ ਗ੍ਰਿਫਤਾਰੀ ਤੋਂ ਬਚਣ ਲਈ ਕੇਂਦਰ ਤੇ ਹਰਿਆਣਾ ਸਰਕਾਰ ਨੂੰ ਪੰਜਾਬ ਦੇ ਕਿਸਾਨਾਂ ’ਤੇ ਉਨ੍ਹਾਂ ਦੀ ਧਰਤੀ ’ਤੇ ਹੀ ਹੰਝੂ ਗੈਸ ਛੱਡਣ ਤੇ ਰਬੜ ਦੀਆਂ ਗੋਲੀਆਂ ਮਾਰਨ ਦੀ ਆਗਿਆ ਦੇ ਦਿੱਤੀ।

ਬਠਿੰਡਾ ਦਿਹਾਤੀ ਤੇ ਭੁੱਚੋ ਮੰਡੀ ਵਿਧਾਨ ਸਭਾ ਹਲਕਿਆਂ ਵਿਚ ਵਿਸ਼ਾਲ ਜਨਤਕ ਇਕੱਠਾਂ ਨੂੰ ਸੰਬੋਧਨ ਕਰਦਿਆਂ ਅਕਾਲੀ ਦਲ ਦੇ ਪ੍ਰਧਾਨ ਨੇ ਮੁੱਖ ਮੰਤਰੀ ਜਾਣਦੇ ਹਨ ਕਿ ਉਹ ਵੀ ਆਪਣੇ ਆਕਾ ਅਰਵਿੰਦ ਕੇਜਰੀਵਾਲ ਵਾਂਗੂ ਜੇਲ੍ਹ ਜਾ ਸਕਦੇ ਹਨ ਜਿਵੇਂ ਕਿ ਦਿੱਲੀ ਦੇ ਮਾਮਲੇ ਵਿਚ ਹੋਇਆ। ਉਨ੍ਹਾਂ ਕਿਹਾ ਕਿ ਇਹੀ ਕਾਰਣ ਹੈ ਕਿ ਉਹ ਅਰਵਿੰਦ ਕੇਜਰੀਵਾਲ ਦੀ ਅਗਵਾਈ ਵਾਲੀ ਆਪ ਦੀ ਕੇਂਦਰੀ ਇਕਾਈ ਦੇ ਕੰਟਰੋਲ ਤੋਂ ਬਾਹਰ ਹੋ ਕੇ ਆਪ ਦੀ ਪੰਜਾਬ ਇਕਾਈ ਦੇ ਨਾਲ ਭਾਜਪਾ ਨਾਲ ਰਲ ਕੇ ਪੰਜਾਬ ਸਰਕਾਰ ਬਣਾਉਣ ਨੂੰ ਤਿਆਰ ਹਨ। ਉਨ੍ਹਾਂ ਕਿਹਾ ਕਿ ਇਹ ਉਸੇ ਤਰੀਕੇ ਹੋਵੇਗਾ ਜਿਵੇਂ ਮਹਾਰਾਸ਼ਟਰ ਵਿਚ ਸ਼ਿਵ ਸੈਨਾ ਤੇ ਐਨਸੀਪੀ ਨੂੰ ਤੋੜ ਕੇ ਭਾਜਪਾ ਨਾਲ ਰਲ ਕੇ ਸਰਕਾਰ ਬਣਾਈ ਗਈ।

ਅਕਾਲੀ ਦਲ ਦੇ ਪ੍ਰਧਾਨ ਨੇ ਜ਼ੋਰ ਦੇ ਕੇ ਕਿਹਾ ਕਿ ਭਗਵੰਤ ਮਾਨ ਤੇ ਆਪ ਨੂੰ ਹਰਿਆਣਾ ਸਰਕਾਰ ਦੇ ਨਾਲ ਰਲਣ ਤੇ ਪੰਜਾਬ ਦੀ ਧਰਤੀ ’ਤੇ ਪੰਜਾਬ ਦੇ ਕਿਸਾਨਾਂ ’ਤੇ ਹਮਲਾ ਕਰਨ ਦੀ ਇਜਾਜ਼ਤ ਕਿਉਂ ਦਿੱਤੀ ਗਈ। ਉਨ੍ਹਾਂ ਕਿਹਾ ਕਿ ਤੁਸੀਂ ਅਕਾਲੀ ਦਲ ਦੀ ਸਰਕਾਰ ਵੇਲੇ ਅਜਿਹਾ ਹੋਣ ਦੀ ਕਲਪਨਾ ਵੀ ਨਹੀਂ ਕਰ ਸਕਦੇ ਸੀ ? ਉਨ੍ਹਾਂ ਕਿਹਾ ਕਿ ਇਹੀ ਕਾਰਣ ਹੈ ਕਿ ਉਹ ਪੰਜਾਬੀਆਂ ਨੂੰ ਅਪੀਲ ਕਰ ਰਹੇ ਹਨ ਕਿ ਆਉਂਦੀਆਂ ਪਾਰਲੀਮਾਨੀ ਚੋਣਾਂ ਵਿਚ ਦਿੱਲੀ ਦੀਆਂ ਪਾਰਟੀਆਂ ਨੂੰ ਮੂੰਹ ਨਾ ਲਾਉਣ। ਉਨ੍ਹਾਂ ਕਿਹਾ ਕਿ ਸਿਰਫ ਇਕ ਖੇਤਰੀ ਪਾਰਟੀ ਹੀ ਤੁਹਾਡੇ ਹਿੱਤਾਂ ਦੀ ਰਾਖੀ ਕਰ ਸਕਦੀ ਹੈ। ਦਿੱਲੀ ਆਧਾਰਿਤ ਪਾਰਟੀਆਂ ਤਾਂ ਤਹਾਡੀ ਅਤੇ ਤੁਹਾਡੇ ਸਰੋਤਾਂ ਦੀ ਲੁੱਟ ਹੀ ਕਰ ਸਕਦੀਆਂ ਹਨ।

ਇਸ ਹਲਕੇ ਵਿਚ ਅਕਾਲੀ ਦਲ ਵੱਲੋਂ ਕਰਵਾਏ ਵਿਕਾਸ ਦੀ ਗੱਲ ਕਰਦਿਆਂ ਉਨ੍ਹਾਂ ਨੇ ਕਿਹਾ ਕਿ ਤੁਸੀਂ ਵੇਖਿਆ ਹੈ ਕਿ ਕਿਵੇਂ 2007 ਤੋਂ 2017 ਤੱਕ ਲਗਾਤਾਰ ਦੋ ਵਾਰ ਅਕਾਲੀ ਦਲ ਦੀਆਂ ਸਰਕਾਰਾਂ ਵੇਲੇ ਬਠਿੰਡਾ ਦਾ ਵਿਕਾਸ ਕਿਵੇਂ ਹੋਇਆ। ਉਨ੍ਹਾਂ ਕਿਹਾ ਕਿ ਇਸ ਅਰਸੇ ਦੌਰਾਨ ਬਠਿੰਡਾ ਨੂੰ ਆਧੁਨਿਕ ਸ਼ਹਿਰ ਵਿਚ ਤਬਦੀਲ ਕੀਤਾ ਗਿਆ ਤੇ ਇਥੇ ਬੁਨਿਆਦੀ ਢਾਂਚੇ ਦੇ ਨਾਲ-ਨਾਲ ਸੰਸਥਾਵਾਂ ਦਾ ਵੀ ਵਿਕਾਸ ਹੋਇਆ। ਉਨ੍ਹਾਂ ਕਿਹਾ ਕਿ ਅਕਾਲੀ ਦਲ ਦੀ ਸਰਕਾਰ ਵੇਲੇ ਸ਼ਹਿਰ ਵਿਚ ਏਮਜ਼ ਸੰਸਥਾ ਆਈ, ਥਰਮਲ ਪਲਾਂਟ ਲੱਗਾ, ਕੇਂਦਰੀ ਯੂਨੀਵਰਸਿਟੀ ਆਈ ਤੇ ਹਵਾਈ ਅੱਡਾ ਸਥਾਪਿਤ ਕੀਤਾ ਗਿਆ। ਉਨ੍ਹਾਂ ਕਿਹਾ ਕਿ ਤੁਸੀਂ ਵੇਖਿਆ ਹੈ ਕਿ ਹੁਣ ਕਿਵੇਂ ਸਾਰੀਆਂ ਸ਼ਹਿਰੀ ਸਹੂਲਤਾਂ ਦਾ ਬੁਰਾ ਹਾਲ ਹੈ ਤੇ ਪਿਛਲੇ ਸੱਤ ਸਾਲਾਂ ਵਿਚ ਕਾਂਗਰਸ ਤੇ ਆਪ ਦੇ ਰਾਜਕਾਲ ਵਿਚ ਬਠਿੰਡਾ ਵਿਚ ਕੋਈ ਨਵਾਂ ਪ੍ਰਾਜੈਕਟ ਨਹੀਂ ਆਇਆ। ਉਨ੍ਹਾਂ ਕਿਹਾ ਕਿ ਮੈਂ ਤੁਹਾਨੂੰ ਅਪੀਲ ਕਰਦਾ ਹਾਂ ਕਿ ਤੁਸੀਂ ਹਰਸਿਮਰਤ ਕੌਰ ਬਾਦਲ ਦੇ ਹੱਕ ਵਿਚ ਵੋਟਾਂ ਪਾ ਕੇ ਉਹਨਾਂ ਦੀ ਹਮਾਇਤ ਕਰੋ ਤਾਂ ਜੋ ਉਹ ਸੰਸਦ ਵਿਚ ਤੁਹਾਡੀ ਆਵਾਜ਼ ਬਣ ਸਕਣ।ਉਨ੍ਹਾਂ ਕਿਹਾ ਕਿ ਇਸ ਸਦਕਾ 2027 ਵਿਚ ਅਕਾਲੀ ਦਲ ਦੀ ਸਰਕਾਰ ਬਣਨ ਦਾ ਰਾਹ ਬਣੇਗਾ ਅਤੇ ਮੁੜ ਤੋਂ ਸ਼ਹਿਰ ਦਾ ਵਿਕਾਸ ਸ਼ੁਰੂ ਹੋਵੇਗਾ।

ਸੁਖਬੀਰ ਸਿੰਘ ਬਾਦਲ ਨੇ ਇਹ ਵੀ ਦੱਸਿਆ ਕਿ ਕਿਵੇਂ ਪੰਜਾਬੀਆਂ ਨੂੰ ਮੁੱਖ ਮੰਤਰੀ ਭਗਵੰਤ ਮਾਨ ਤੋਂ ਵਿਕਾਸ ਦੀ ਕੋਈ ਆਸ ਨਹੀਂ ਹੈ। ਉਨ੍ਹਾਂ ਕਿਹਾ ਕਿ ਸੀਐਮ ਨੇ ਵਾਅਦਾ ਕੀਤਾ ਸੀ ਕਿ ਸਰਕਾਰ ਪਿੰਡਾਂ ਤੋਂ ਚੱਲੇਗੀ ਪਰ ਉਹ ਪਿਛਲੇ ਦੋ ਸਾਲਾਂ ਵਿਚ ਧੂਰੀ ਸਿਰਫ ਦੋ ਵਾਰ ਆਇਆ ਹੈ। ਉਨ੍ਹਾਂ ਇਹ ਵੀ ਦੱਸਿਆ ਕਿ ਕਿਵੇਂ ਭਗਵੰਤ ਮਾਨ ਦੀ ਮਾਤਾ, ਪਤਨੀ ਤੇ ਭੈਣ ਸੈਂਕੜੇ ਸੁਰੱਖਿਆ ਮੁਲਾਜ਼ਮ ਲੈ ਕੇ ਸਫਰ ਕਰਦੇ ਹਨ, ਹਾਲਾਂਕਿ ਉਨ੍ਹਾਂ ਨੇ ਸਹੁੰ ਖਾਧੀ ਸੀ ਕਿ ਉਹ ਕੋਈ ਸੁਰੱਖਿਆ ਨਹੀਂ ਲੈਣਗੇ।

ਉਨ੍ਹਾਂ ਨੇ ਲੋਕਾਂ ਨੂੰ ਚੌਕਸ ਕੀਤਾ ਕਿ ਕਾਂਗਰਸ ਵੀ ਘੱਟ ਨਹੀਂ ਹੈ। ਉਨ੍ਹਾਂ ਨੇ ਲੋਕਾਂ ਨੂੰ ਕਿਹਾ ਕਿ ਉਹ ਚੇਤੇ ਰੱਖਣ ਕਿ ਉਨ੍ਹਾਂ ਨੇ 1 ਜੂਨ ਨੂੰ ਵੋਟਾਂ ਪਾਉਣੀਆਂ ਹਨ, ਜਿਸ ਦਿਨ 1984 ਵਿਚ ਇੰਦਰਾ ਗਾਂਧੀ ਨੇ ਸ੍ਰੀ ਦਰਬਾਰ ਸਾਹਿਬ ’ਤੇ ਟੈਂਕਾਂ ਤੇ ਤੋਪਾਂ ਨਾਲ ਹਮਲਾ ਕੀਤਾ ਸੀ। ਉਨ੍ਹਾਂ ਕਿਹਾ ਕਿ ਸਿੱਖ ਕਦੇ ਵੀ ਇਸ ਗੁਨਾਹ ਲਈ ਕਾਂਗਰਸ ਨੂੰ ਮੁਆਫ ਨਹੀਂ ਕਰ ਸਕਦੇ।

ਅਕਾਲੀ ਦਲ ਦੇ ਪ੍ਰਧਾਨ ਨੇ ਇਹ ਵੀ ਦੱਸਿਆ ਕਿ ਕਿਵੇਂ ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੇ ਬਠਿੰਡਾ ਹਲਕੇ ਦਾ ਵਿਕਾਸ ਕੀਤਾ। ਉਨ੍ਹਾਂ ਕਿਹਾ ਕਿ ਬਾਦਲ ਸਾਹਿਬ ਤੁਹਾਡੇ ਦਰਾਂ ’ਤੇ ’ਸੰਗਤ ਦਰਸ਼ਨ’ ਪ੍ਰੋਗਰਾਮ ਕਰਦੇ ਸਨ। ਉਹ ਜਲ ਸਪਲਾਈ ਪ੍ਰਾਜੈਕਟਾਂ, ਆਰ ਓ ਸਿਸਟਮ, ਸਿੰਜਾਈ ਚੈਨਲ ਤੇ ਜ਼ਮੀਨ ਹੇਠ ਪਾਈਪਾਂ ਦੱਬਣ ਦੇ ਪ੍ਰਾਜੈਕਟਾਂ ਦੀ ਮਨਜ਼ੂਰੀ ਮੌਕੇ ’ਤੇ ਹੀ ਦਿੰਦੇ ਸਨ। ਉਨ੍ਹਾਂ ਕਿਹਾ ਕਿ ਉਹ ਤੁਹਾਡੀਆਂ ਸ਼ਿਕਾਇਤਾਂ ਸੁਣ ਕੇ ਉਹਨਾਂ ਨੂੰ ਤੁਰੰਤ ਹੱਲ ਕਰਦੇ ਸਨ।

ਇਸ ਮੌਕੇ ਸੀਨੀਅਰ ਆਗੂ ਪ੍ਰਕਾਸ਼ ਸਿੰਘ ਭੱਟੀ, ਬਲਕਾਰ ਸਿੰਘ ਬਰਾੜ ਨੇ ਕ੍ਰਮਵਾਰ ਬਠਿੰਡਾ ਦਿਹਾਤੀ ਤੇ ਭੁੱਚੋ ਮੰਡੀ ਵਿਚ ਪ੍ਰੋਗਰਾਮ ਆਯੋਜਿਤ ਕੀਤੇ।ਇਸ ਮੌਕੇ ਜਗਸੀਰ ਸਿੰਘ ਕਲਿਆਣ ਤੇ ਮਾਨ ਸਿੰਘ ਗੁਰੂ ਵੀ ਹਾਜ਼ਰ ਸਨ।

Related Post