ਸੁਲਤਾਨਪੁਰ ਲੋਧੀ 'ਚ ਨਿਹੰਗਾਂ ਤੇ ਪੁਲਿਸ ਵਿਚਾਲੇ ਹਿੰਸਕ ਖੂਨੀ ਝੜਪ, ਗੋਲੀਬਾਰੀ 'ਚ ਇੱਕ ਪੁਲਿਸ ਮੁਲਾਜ਼ਮ ਦੀ ਮੌਤ, 3 ਜ਼ਖ਼ਮੀ

By  Jasmeet Singh November 23rd 2023 08:23 AM -- Updated: November 23rd 2023 02:24 PM

ਕਪੂਰਥਲਾ : ਸੁਲਤਾਨਪੁਰ ਲੋਧੀ 'ਚ ਪੁਲਿਸ ਅਤੇ ਨਿਹੰਗਾਂ ਵਿਚਾਲੇ ਜ਼ਬਰਦਸਤ ਖੂਨੀ ਝੜਪ ਦਾ ਹੋ ਗਈ। ਦੱਸਿਆ ਜਾ ਰਿਹਾ ਹੈ ਕਿ ਇਹ ਮਾਮਲਾ ਇਸ ਹੱਦ ਤੱਕ ਵਿਗੜ ਗਿਆ ਕਿ ਦੋਵੇਂ ਪਾਸੇ ਤੋਂ ਗੋਲੀਬਾਰੀ ਸ਼ੁਰੂ ਹੋ ਗਈ। ਜਿਸ 'ਚ ਗੋਲੀ ਲੱਗਣ ਨਾਲ ਇਕ ਪੁਲਿਸ ਮੁਲਾਜ਼ਮ ਦੀ ਮੌਤ ਹੋ ਗਈ, ਜਦਕਿ ਡੀ.ਐੱਸ.ਪੀ ਸਮੇਤ 10 ਪੁਲਿਸ ਮੁਲਾਜ਼ਮ ਜ਼ਖਮੀ ਹੋ ਗਏ। ਇਸ ਘਟਨਾ ਤੋਂ ਬਾਅਦ ਕਪੂਰਥਲਾ 'ਚ ਮਾਹੌਲ ਤਣਾਅਪੂਰਨ ਹੈ।



ਜ਼ਖਮੀਆਂ ਦੀ ਹੋਈ ਪਛਾਣ
ਸਾਰੇ ਜ਼ਖਮੀਆਂ ਨੂੰ ਸਿਵਲ ਹਸਪਤਾਲ 'ਚ ਦਾਖਲ ਕਰਵਾਇਆ ਗਿਆ ਹੈ। ਸਿਵਲ ਹਸਪਤਾਲ ਸੁਲਤਾਨਪੁਰ ਲੋਧੀ ਵਿੱਚ ਦਾਖ਼ਲ ਜ਼ਖ਼ਮੀਆਂ ਦੀ ਪਛਾਣ ਡੀ.ਐਸ.ਪੀ ਭੁਲੱਥ ਭਾਰਤ ਭੂਸ਼ਨ ਸੈਣੀ, ਏ.ਐਸ.ਆਈ ਸੁਖਦੇਵ ਸਿੰਘ, ਕਾਂਸਟੇਬਲ ਬੱਬਲਪ੍ਰੀਤ ਸਿੰਘ, ਏ.ਐਸ.ਆਈ ਅਸ਼ੋਕ ਕੁਮਾਰ, ਏ.ਐਸ.ਆਈ ਗੁਰਮੀਤ ਸਿੰਘ, ਸੁਰਿੰਦਰ ਸਿੰਘ, ਅਮਨਦੀਪ ਸਿੰਘ, ਹਰਭਜਨ ਸਿੰਘ, ਰਮਨਦੀਪ ਸਿੰਘ ਅਤੇ ਹਰਜਿੰਦਰ ਸਿੰਘ ਵਜੋਂ ਹੋਈ ਹੈ। ਜ਼ਖ਼ਮੀ ਪੁਲਿਸ ਮੁਲਾਜ਼ਮਾਂ ਗੁਰਮੀਤ ਸਿੰਘ, ਸੁਖਦੇਵ ਸਿੰਘ ਅਤੇ ਅਸ਼ੋਕ ਕੁਮਾਰ ਨੂੰ ਸੁਲਤਾਨਪੁਰ ਲੋਧੀ ਦੇ ਸਿਵਲ ਹਸਪਤਾਲ ਤੋਂ ਕਪੂਰਥਲਾ ਦੇ ਸਿਵਲ ਹਸਪਤਾਲ ਵਿਖੇ ਭੇਜ ਦਿੱਤਾ ਗਿਆ। ਮ੍ਰਿਤਕ ਦੀ ਪਛਾਣ ਜਸਪਾਲ ਸਿੰਘ ਵਾਸੀ ਪਿੰਡ ਮਨਿਆਲਾ ਵਜੋਂ ਹੋਈ ਹੈ। ਫਿਲਹਾਲ ਗੋਲੀਬਾਰੀ ਰੁਕ ਗਈ ਹੈ।

ਸ਼ਹੀਦ ਹੋਏ ਹੋਮ ਕਾਰਡ ਜਵਾਨ ਜਸਪਾਲ ਸਿੰਘ ਦੇ ਪਰਿਵਾਰ ਦਾ ਰੋ-ਰੋ ਬੁਰਾ ਹਾਲ

ਗੁਰਦੁਆਰੇ ਦੀ ਸਾਂਭ ਸੰਭਾਲ ਨੂੰ ਲੈਕੇ ਛਿੜਿਆ ਵਿਵਾਦ
ਪੁਲਿਸ ਮੁਤਾਬਕ ਇਹ ਝੜਪ ਗੁਰਦੁਆਰੇ ਦੀ ਸਾਂਭ ਸੰਭਾਲ 'ਤੇ ਆਪਣਾ ਅਧਿਕਾਰ ਜਤਾਉਣ ਨੂੰ ਲੈ ਕੇ ਸ਼ੁਰੂ ਹੋਈ ਸੀ। ਦੱਸਿਆ ਜਾ ਰਿਹਾ ਕਿ ਬਾਬਾ ਬੁੱਢਾ ਦੱਲ ਤੋਂ ਵਰਸਾਏ ਬਾਬਾ ਮਾਨ ਸਿੰਘ ਦੀ ਜਥੇਬੰਦੀ ਅਤੇ ਬਾਬਾ ਬਲਬੀਰ ਸਿੰਘ ਦੀ ਜਥੇਬੰਦੀ ਵਿਚਾਲੇ ਪਹਿਲਾਂ ਸਾਂਭ ਸੰਭਾਲ ਨੂੰ ਲੈ ਕੇ ਇਹ ਝਗੜਾ ਸ਼ੁਰੂ ਹੋਇਆ।



ਪੁਲਿਸ ਦੇ ਉੱਚ ਅਧਿਕਾਰੀਆਂ ਨੇ ਦੱਸਿਆ ਕਿ ਗੁਰਦੁਆਰਾ ਅਕਾਲ ਬੁੰਗਾ ਦੀ ਪਿਛਲੇ ਲੰਬੇ ਸਮੇਂ ਤੋਂ ਸੇਵਾ ਬਾਬਾ ਬਲਬੀਰ ਸਿੰਘ ਨੇ ਸਾਂਭੀ ਹੋਈ ਸੀ। ਬਾਬਾ ਬਲਬੀਰ ਸਿੰਘ ਜਥੇਬੰਦੀ ਨੇ ਪੁਲਿਸ ਨੂੰ ਦੱਸਿਆ ਕਿ ਬਾਬਾ ਮਾਨ ਸਿੰਘ ਜਥੇਬੰਦੀ ਦੇ ਕੁਝ ਸਿੰਘ  ਪਹਿਲਾਂ 21 ਨਵੰਬਰ ਨੂੰ ਗੁਰੂ ਘਰ ਦਾਖਲ ਹੋਏ ਅਤੇ ਬਾਅਦ ਵਿੱਚ ਉਥੇ ਦੇ ਹੀ ਕੁਝ ਸੇਵਾਦਾਰਾਂ ਨੂੰ ਬੰਧਕ ਬਣਾ ਲਿਆ। ਜਿਸ ਮਗਰੋਂ ਪੁਲਿਸ ਨੂੰ ਸ਼ਿਕਾਇਤ ਦਰਜ ਕਰਵਾ ਮਾਮਲਾ ਦਰਜ ਕਰ ਲਿਆ ਗਿਆ। 

ਇਸ ਦੇ ਨਾਲ ਹੀ ਬਾਬਾ ਮਾਨ ਸਿੰਘ ਉੱਤੇ ਬਾਬਾ ਬਲਬੀਰ ਸਿੰਘ ਦੀਆਂ ਕੁਝ ਹੋਰ ਥਾਵਾਂ 'ਤੇ ਵੀ ਜ਼ਬਰਦਸਤੀ ਦਾਖ਼ਲ ਹੋਣ ਦੇ ਇਲਜ਼ਾਮ ਲਾਏ ਗਏ, ਜਿਸ ਅਧੀਨ 22 ਨਵੰਬਰ ਨੂੰ ਇੱਕ ਹੋਰ ਮਾਮਲਾ ਦਰਜ ਕਰ ਲਿਆ ਗਿਆ। 


ਛੱਡੇ ਗਏ ਅੱਥਰੂ ਗੈਸ ਦੇ ਗੋਲੇ
ਇਸ ਤੋਂ ਪਹਿਲਾਂ ਮਾਹੌਲ ਖ਼ਰਾਬ ਹੋਣ ’ਤੇ ਪੁਲਿਸ ਨੇ ਸਥਿਤੀ ’ਤੇ ਕਾਬੂ ਪਾਉਣ ਲਈ ਅੱਥਰੂ ਗੈਸ ਦੇ ਗੋਲੇ ਵੀ ਛੱਡੇ। ਡੀ.ਸੀ. ਕਪੂਰਥਲਾ ਕੈਪਟਨ ਕਰਨੈਲ ਸਿੰਘ, ਆਈ.ਜੀ. ਜਲੰਧਰ ਰੇਂਜ ਭੂਪਤੀ ਸਮੇਤ ਉੱਚ ਅਧਿਕਾਰੀ ਸੁਲਤਾਨਪੁਰ ਲੋਧੀ ਪਹੁੰਚ ਗਏ ਹਨ ਅਤੇ ਇਸ ਸਥਿਤੀ ਨਾਲ ਕਿਵੇਂ ਨਜਿੱਠਣਾ ਹੈ ਇਸ ਸਬੰਧੀ ਗੁਰਦੁਆਰਾ ਬੇਰ ਸਾਹਿਬ ਵਿਖੇ ਮੀਟਿੰਗ ਕੀਤੀ ਜਾ ਰਹੀ ਹੈ। ਬੁੱਧਵਾਰ ਤੋਂ ਹੀ ਪੁਲਿਸ ਜਲ ਤੋਪਾਂ ਨਾਲ ਗੁਰਦੁਆਰਾ ਸਾਹਿਬ ਅੰਦਰ ਦਾਖਲ ਹੋਣ ਦੀ ਕੋਸ਼ਿਸ਼ ਕਰ ਰਹੀ ਸੀ।


ਤੜਕਸਾਰ ਪੁਲਿਸ ਅਤੇ ਨਿਹੰਗ ਜਥੇਬੰਦੀ ਵਿਚਕਾਰ ਖੂਨੀ ਝੜਪ
ਪੁਲਿਸ ਵੱਲੋਂ ਪਹਿਲਾਂ ਲੰਘੇ ਦਿਨ ਗੁਰਦੁਆਰਾ ਅਕਾਲ ਬੁੰਗਾ ਦਾਖਲ ਹੋ ਆਰੋਪੀਆਂ ਕੋਲੋਂ ਗੁਰਦੁਆਰਾ ਖਾਲੀ ਕਰਵਾਉਣ ਦੀ ਕੋਸ਼ਿਸ਼ ਕੀਤੀ ਗਈ, ਪਰ ਗਲਬਾਤ ਨੇਪਰੇ ਨਾ ਚੜ੍ਹ ਪਾਈ ਅਤੇ ਹੁਣ ਅੱਜ (23 ਨਵੰਬਰ) ਤੜਕਸਾਰ ਪੁਲਿਸ ਅਤੇ ਨਿਹੰਗ ਜਥੇਬੰਦੀ ਵਿਚਕਾਰ ਖੂਨੀ ਝੜਪ ਹੋ ਗਈ। ਜਿਸ ਵਿੱਚ ਇੱਕ ਪੁਲਿਸ ਮੁਲਜ਼ਮ ਦੀ ਮੌਤ ਹੋ ਚੁੱਕੀ ਹੈ। ਜਦਕਿ ਤਿੰਨ ਦੇ ਜ਼ਖ਼ਮੀ ਹੋਣ ਦੀ ਖ਼ਬਰ ਹੈ। 

ਪੁਲਿਸ ਅਤੇ ਨਿਹੰਗਾਂ ਵਿਚਕਾਰ ਲੜਾਈ ਮਗਰੋਂ ਇਲਾਕੇ 'ਚ ਤਣਾਅ ਹੈ। ਪੁਲਿਸ ਨੇ ਸਾਰੇ ਜ਼ਖਮੀਆਂ ਨੂੰ ਨੇੜਲੇ ਹਸਪਤਾਲ 'ਚ ਭਰਤੀ ਕਰਵਾਇਆ ਹੈ। ਇਸ ਹਮਲੇ ਵਿਚ ਕਿੰਨੇ ਲੋਕ ਸ਼ਾਮਲ ਹਨ, ਇਸ ਦੀ ਵੀ ਜਾਂਚ ਕੀਤੀ ਜਾ ਰਹੀ ਹੈ। ਪੁਲਿਸ ਨੇ ਪੁੱਛਗਿੱਛ ਲਈ 10 ਨਿਹੰਗਾਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਅਧਿਕਾਰੀਆਂ ਮੁਤਾਬਕ ਘੱਟੋ-ਘੱਟ 30 ਨਿਹੰਗ ਅਜੇ ਵੀ ਗੁਰਦੁਆਰੇ ਦੇ ਅੰਦਰ ਹਨ।

ਸੰਤ ਬਲਬੀਰ ਸਿੰਘ ਸੀਚੇਵਾਲ ਵੱਲੋਂ ਜ਼ਖ਼ਮੀ ਪੁਲਿਸ ਮੁਲਾਜ਼ਮਾਂ ਨਾਲ ਮੁਲਾਕਾਤ
ਮ੍ਰਿਤਕ ਪੁਲਿਸ ਮੁਲਾਜ਼ਮ ਕਪੂਰਥਲਾ ਦੇ ਪਿੰਡ ਮਨਿਆਲਾ ਦਾ ਰਹਿਣ ਵਾਲਾ ਸੀ। ਕਈ ਹੋਰ ਪੁਲਿਸ ਵਾਲੇ ਵੀ ਜ਼ਖਮੀ ਹੋਏ ਹਨ। ਘਟਨਾ ਤੋਂ ਬਾਅਦ ਸੀਨੀਅਰ ਪੁਲਿਸ ਅਧਿਕਾਰੀ ਮੌਕੇ 'ਤੇ ਪਹੁੰਚ ਗਏ। ਰਾਜ ਸਭਾ ਮੈਂਬਰ  ਸੰਤ ਬਲਬੀਰ ਸਿੰਘ ਸੀਚੇਵਾਲ ਨੇ ਵੀ ਸਿਵਲ ਹਸਪਤਾਲ ਵਿੱਚ ਦਾਖ਼ਲ ਪੁਲਿਸ ਮੁਲਾਜ਼ਮਾਂ ਨਾਲ ਮੁਲਾਕਾਤ ਕੀਤੀ। ਇਹ ਘਟਨਾ ਗੁਰਪੁਰਬ ਤੋਂ ਚਾਰ ਦਿਨ ਪਹਿਲਾਂ ਤੜਕੇ 4 ਵਜੇ ਤੋਂ 5 ਵਜੇ ਦੇ ਵਿਚਕਾਰ ਵਾਪਰੀ, ਜਿਸ ਦੀਆਂ ਤਿਆਰੀਆਂ ਚੱਲ ਰਹੀਆਂ ਹਨ।

ਸੁਲਤਾਨਪੁਰ ਲੋਧੀ ’ਚ ਛਾਉਣੀ ਨਿਹੰਗ ਸਿੰਘਾਂ ਅੰਦਰ ਵਾਪਰੀ ਘਟਨਾ ਮੰਦਭਾਗੀ- ਐਡਵੋਕੇਟ ਧਾਮੀ
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਗੁਰਦੁਆਰਾ ਅਕਾਲ ਬੁੰਗਾ ਸਾਹਿਬ ਯਾਦਗਾਰ ਨਵਾਬ ਕਪੂਰ ਸਿੰਘ ਛਾਉਣੀ ਨਿਹੰਗ ਸਿੰਘਾਂ ਸੁਲਤਾਨਪੁਰ ਲੋਧੀ ਵਿਖੇ ਹੋਏ ਟਕਰਾਅ ਦੀ ਘਟਨਾ ਨੂੰ ਮੰਦਭਾਗਾ ਕਰਾਰ ਦਿੱਤਾ ਹੈ।ਐਡਵੋਕੇਟ ਧਾਮੀ ਨੇ ਕਿਹਾ ਕਿ ਗੁਰਦੁਆਰਾ ਸਾਹਿਬ ਅੰਦਰ ਅਜਿਹੀ ਘਟਨਾ ਦੁਖਦਾਈ ਹੈ।

ਗੁਰਦੁਆਰਾ ਸਾਹਿਬਾਨ ਅਤੇ ਸਿੱਖ ਜਥੇਬੰਦੀਆਂ ਦੇ ਅਸਥਾਨਾਂ ਨਾਲ ਸੰਗਤ ਦੀਆਂ ਭਾਵਨਾਵਾਂ ਜੁੜੀਆਂ ਹੁੰਦੀਆਂ ਹਨ, ਜਿਥੇ ਟਕਰਾਅ ਵਾਲੀ ਅਤੇ ਤਲਖ਼ ਸਥਿਤੀ ਠੀਕ ਨਹੀਂ ਹੈ। ਉਨ੍ਹਾਂ ਸਬੰਧਤ ਜਥੇਬੰਦੀਆਂ ਨੂੰ ਅਪੀਲ ਕੀਤੀ ਕਿ ਉਹ ਮਾਮਲੇ ਨੂੰ ਮਿਲ ਬੈਠ ਕੇ ਹੱਲ ਕਰਨ, ਕਿਉਂਕਿ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਨਾਲ ਸਬੰਧਤ ਸਮਾਗਮ ਸੁਲਤਾਨਪੁਰ ਲੋਧੀ ਵਿਖੇ ਸਥਿਤ ਗੁਰਦੁਆਰਾ ਸ੍ਰੀ ਬੇਰ ਸਾਹਿਬ ਅੰਦਰ ਸ਼ਰਧਾ ਤੇ ਸਤਿਕਾਰ ਨਾਲ ਮਨਾਏ ਜਾ ਰਹੇ ਹਨ।

27 ਨਵੰਬਰ ਨੂੰ ਪ੍ਰਕਾਸ਼ ਗੁਰਪੁਰਬ ਦੇ ਮੱਦੇਨਜ਼ਰ ਵੱਡੀ ਗਿਣਤੀ ਵਿਚ ਸੰਗਤਾਂ ਲਗਤਾਰ ਗੁਰਦੁਆਰਾ ਸਾਹਿਬਾਨ ਅੰਦਰ ਪਹੁੰਚ ਰਹੀਆਂ ਹਨ, ਜਿਨ੍ਹਾਂ ਦੀਆਂ ਭਾਵਨਾਵਾਂ ਅਤੇ ਸ਼ਰਧਾ ਨੂੰ ਠੇਸ ਨਹੀਂ ਪਹੁੰਚਣੀ ਚਾਹੀਦੀ।

Related Post