ਗੈਂਗਸਟਰ ਜੱਗੂ ਭਗਵਾਨਪੁਰੀਆ ਦੇ ਗੁਰਗੇ ਅਤੇ ਪੁਲਿਸ ਵਿਚਾਲੇ ਮੁਕਾਲਬਲਾ; ਪੁਲਿਸ ਨੇ ਪੈਰ 'ਚ ਗੋਲੀ ਮਾਰ ਦਬੋਚਿਆ

By  Jasmeet Singh August 30th 2023 02:04 PM -- Updated: August 30th 2023 02:14 PM

ਮੋਹਾਲੀ: ਸ਼ਹਿਰ ਦੇ ਵੱਡੇ ਕਾਰੋਬਾਰੀ ਦੀ ਰੇਕੀ ਕਰ ਰਿਹਾ ਗੈਂਗਸਟਰ ਜੱਗੂ ਭਗਵਾਨਪੁਰੀਆ ਦਾ ਗੁਰਗਾ ਬੀਤੀ ਸ਼ਾਮ ਪੁਲਿਸ ਨੇ ਦਬੋਚ ਲਿਆ। ਕਾਰੋਬਾਰੀ ਨਾਲ ਦੁਸ਼ਮਣੀ ਦਾ ਬਦਲਾ ਲੈਣ ਮੋਹਾਲੀ ਪਹੁੰਚੇ ਜੱਗੂ ਭਗਵਾਨਪੁਰੀਆ ਦੇ ਸ਼ਾਰਪ ਸ਼ੂਟਰ ਅਨਿਲ ਬਿਸ਼ਨੋਈ ਅਤੇ ਸੀ.ਆਈ.ਏ ਖਰੜ ਸਟਾਫ਼ ਵਿਚਾਲੇ ਕੱਲ੍ਹ ਗੋਲੀਬਾਰੀ ਹੋਣ ਦੀ ਜਾਣਕਾਰੀ ਸਾਹਮਣੇ ਆਈ ਸੀ।

ਖ਼ੁਫ਼ੀਆ ਸੂਚਨਾ ਦੇ ਅਧਾਰ 'ਤੇ ਕੀਤੀ ਕਾਰਵਾਈ  
ਮੋਹਾਲੀ ਪੁਲਿਸ ਨੂੰ ਸੂਚਨਾ ਮਿਲੀ ਸੀ ਕਿ ਗੈਂਗਸਟਰ ਅਨਿਲ ਬਿਸ਼ਨੋਈ ਇੱਕ ਜਗ੍ਹਾ 'ਤੇ ਲੁਕਿਆ ਹੋਇਆ ਹੈ। ਅਨਿਲ ਬਿਸ਼ਨੋਈ ਕਤਲ ਦੇ ਇਰਾਦੇ ਨਾਲ ਹਮਲਾ ਕਰਨ ਦੇ ਇੱਕ ਮਾਮਲੇ ਵਿੱਚ ਪੁਲਿਸ ਨੂੰ ਲੋੜੀਂਦਾ ਸੀ। ਸੂਚਨਾ ਮਿਲਦੇ ਹੀ ਪੁਲਿਸ ਨੇ ਪੂਰੇ ਇਲਾਕੇ ਦੀ ਘੇਰਾਬੰਦੀ ਕਰ ਦਿੱਤੀ। ਮੌਕੇ 'ਤੇ ਮੌਜੂਦ ਪੁਲਿਸ ਟੀਮ ਨੇ ਜਦੋਂ ਅਨਿਲ ਨੂੰ ਆਤਮ ਸਮਰਪਣ ਕਰਨ ਲਈ ਕਿਹਾ ਤਾਂ ਉਸ ਨੇ ਸਾਹਮਣੇ ਤੋਂ ਗੋਲੀਬਾਰੀ ਸ਼ੁਰੂ ਕਰ ਦਿੱਤੀ। ਅਜਿਹੇ 'ਚ ਪੁਲਿਸ ਨੂੰ ਵੀ ਜਵਾਬੀ ਕਾਰਵਾਈ ਕਰਨੀ ਪਈ।

ਅਨਿਲ ਨੂੰ ਫੜਨ ਲਈ ਪੁਲਿਸ ਨੇ ਉਸਦੀ ਲੱਤ ਵਿੱਚ ਗੋਲੀ ਮਾਰੀ ਅਤੇ ਉਸਨੂੰ ਕਾਬੂ ਕਰ ਲਿਆ। ਗੈਂਗਸਟਰ ਕੋਲੋਂ 32 ਬੋਰ ਦਾ ਇੱਕ ਪਿਸਤੌਲ ਅਤੇ ਜਿੰਦਾ ਕਾਰਤੂਸ ਵੀ ਬਰਾਮਦ ਹੋਏ। ਜ਼ਖਮੀ ਗੈਂਗਸਟਰ ਨੂੰ ਫੇਜ਼-6 ਦੇ ਹਸਪਤਾਲ ਲਿਜਾਇਆ ਗਿਆ। ਮੁੱਢਲੀ ਸਹਾਇਤਾ ਤੋਂ ਬਾਅਦ ਪੁਲਿਸ ਉਸ ਨੂੰ ਆਪਣੇ ਨਾਲ ਲੈ ਗਈ। 

ਗੈਂਗਸਟਰਾਂ ਵੱਲੋਂ ਸੋਸ਼ਲ ਮੀਡੀਆ 'ਤੇ ਇਕਬਾਲ-ਏ-ਜੁਰਮ  
ਕੁਝ ਦਿਨ ਪਹਿਲਾਂ ਮੋਹਾਲੀ ਜ਼ਿਲ੍ਹੇ ਦੇ ਖਰੜ ਨੇੜੇ ਘੜੂਆਂ ਵਿਖੇ ਜੱਗੂ ਭਗਵਾਨਪੁਰੀਆ ਗੈਂਗ ਦੇ ਦੋ ਮੈਂਬਰ ਦੇਰ ਰਾਤ ਮੋਟਰਸਾਈਕਲ 'ਤੇ ਆਏ। ਉਨ੍ਹਾਂ ਇੱਕ ਘਰ ਦੇ ਬਾਹਰ ਆ ਕੇ ਮਨਪ੍ਰੀਤ ਨਾਮਕ ਸ਼ਖ਼ਸ ਨੂੰ ਪੁਕਾਰਿਆ, ਜਦੋਂ ਮਨਪ੍ਰੀਤ ਦੇ ਪਰਿਵਾਰਕ ਮੈਂਬਰ ਬਾਹਰ ਆਏ ਤਾਂ ਉਨ੍ਹਾਂ ਕਿਹਾ ਕਿ ਉਹ ਮਨਪ੍ਰੀਤ ਨੂੰ ਮਿਲਣਾ ਚਾਹੁੰਦੇ ਹਨ। ਮਨਪ੍ਰੀਤ ਜਿਵੇਂ ਹੀ ਬਾਹਰ ਆਇਆ ਤਾਂ ਇੱਕ ਨੌਜਵਾਨ ਨੇ ਆਪਣੀ ਪਿਸਤੌਲ ਕੱਢ ਕੇ ਕਾਹਲੀ ਵਿੱਚ 7 ਗੋਲੀਆਂ ਚਲਾ ਦਿੱਤੀਆਂ।

ਇਹ ਗੋਲੀਆਂ ਮਨਪ੍ਰੀਤ ਦੇ ਘਰ ਦੇ ਦਰਵਾਜ਼ੇ 'ਤੇ ਲੱਗੀਆਂ। ਮੁਲਜ਼ਮਾਂ ਨੇ ਇਸ ਘਟਨਾ ਸਬੰਧੀ ਛੋਟਾ ਹੁਸ਼ਿਆਰਪੁਰੀਆ ਨਾਂ ਦੇ ਸੋਸ਼ਲ ਮੀਡੀਆ ਅਕਾਊਂਟ ’ਤੇ ਪੋਸਟ ਪਾਈ। ਜਿਸ ਵਿੱਚ ਲਿਖਿਆ ਸੀ ਉਨ੍ਹਾਂ ਨੇ ਹੀ ਘੜੂਆਂ ਵਿਖੇ ਘਰ 'ਚ ਗੋਲੀਆਂ ਚਲਾਈਆਂ ਹਨ। ਉਨ੍ਹਾਂ ਦੱਸਿਆ ਕਿ ਇਸ ਦਾ ਕਾਰਨ ਸੰਨੀ ਧਨੋਆ ਹੈ, ਜੋ ਅਮਰੀਕਾ 'ਚ ਉਨ੍ਹਾਂ ਦੀ ਐਂਟੀ ਪਾਰਟੀ 'ਚ ਰਲਿਆ ਹੋਇਆ ਹੈ। ਇਸ ਸਬੰਧੀ ਮਨਪ੍ਰੀਤ ਨੂੰ ਸੂਚਿਤ ਕੀਤਾ ਗਿਆ ਪਰ ਉਸ ਨੇ ਆਪਣੇ ਸਾਥੀ ਨੂੰ ਰੋਕਿਆ ਨਹੀਂ। ਇਸ ਲਈ ਅਸੀਂ ਉਸ 'ਤੇ ਹਮਲਾ ਕੀਤਾ।


ਪੁਲਿਸ ਵੱਲੋਂ ਸਾਂਝੀ ਕੀਤੀ ਗਈ ਜਾਣਕਾਰੀ 
ਜਾਣਕਾਰੀ ਮੁਤਾਬਕ ਇਹ ਗੈਂਗਸਟਰ ਮੋਹਾਲੀ ਦੇ ਇੱਕ ਵੱਡੇ ਕਾਰੋਬਾਰੀ ਦੀ ਰੇਕੀ ਕਰ ਰਿਹਾ ਸੀ। ਪੁਲਿਸ ਨੇ ਦੱਸਿਆ ਕਿ ਅਨਿਲ ਬਿਸ਼ਨੋਈ ਪਿਛਲੇ ਦਿਨੀਂ ਘੜੂਆਂ 'ਚ ਨੌਜਵਾਨ 'ਤੇ ਗੋਲੀ ਚਲਾਉਣ ਦੇ ਮਾਮਲੇ 'ਚ ਮੁੱਖ ਮੁਲਜ਼ਮ ਸੀ। ਉਸ ਦਿਨ ਵੀ ਗੈਂਗਸਟਰ ਅਨਿਲ ਅਤੇ ਉਸ ਦੇ ਸਾਥੀਆਂ ਨੇ 7 ਰਾਊਂਡ ਫਾਇਰ ਕੀਤੇ ਸਨ ਪਰ ਖੁਸ਼ਕਿਸਮਤੀ ਨਾਲ ਉਹ ਨੌਜਵਾਨ ਵਾਲ-ਵਾਲ ਬਚ ਗਿਆ। ਇਸ ਸਬੰਧੀ ਜਦੋਂ ਐੱਸ.ਪੀ. ਇਨਵੈਸਟੀਗੇਸ਼ਨ ਅਮਨਦੀਪ ਸਿੰਘ ਬਰਾੜ ਨੂੰ ਪਤਾ ਲੱਗਾ ਤਾਂ ਉਨ੍ਹਾਂ ਤੁਰੰਤ ਵਿਸ਼ੇਸ਼ ਟੀਮ ਦਾ ਗਠਨ ਕੀਤਾ ਹੈ, ਜਿਸ ਸਬੰਧੀ ਪੁਲਿਸ ਕਾਰਵਾਈ ਜਾਰੀ ਹੈ।

ਮਾਮਲੇ ਸਬੰਧੀ ਡੀ.ਐੱਸ.ਪੀ ਗੁਰਸ਼ੇਰ ਸਿੰਘ ਸੰਧੂ ਨੇ ਕਿਹਾ. . . . 
ਡੀ.ਐੱਸ.ਪੀ ਗੁਰਸ਼ੇਰ ਸਿੰਘ ਸੰਧੂ ਨੇ ਦੱਸਿਆ ਕਿ ਇਹ ਰੈਕੇਟ ਵਿਦੇਸ਼ ਵਿੱਚ ਬੈਠੇ ਇੱਕ ਗੈਂਗਸਟਰ ਦੇ ਇਸ਼ਾਰੇ ’ਤੇ ਚੱਲ ਰਿਹਾ ਹੈ। ਜੇਲ੍ਹ 'ਚ ਬੰਦ ਜੱਗੂ ਭਗਵਾਨਪੁਰੀਆ ਦਾ ਸ਼ਾਰਪ ਸ਼ੂਟਰ ਅਨਿਲ ਬਿਸ਼ਨੋਈ ਮੋਹਾਲੀ 'ਚ ਵੱਡੀ ਵਾਰਦਾਤ ਨੂੰ ਅੰਜਾਮ ਦੇਣ ਦੀ ਯੋਜਨਾ ਬਣਾ ਰਿਹਾ ਸੀ। ਜਿਸ ਕਾਰਨ ਉਹ ਕਈ ਦਿਨਾਂ ਤੋਂ ਮੋਹਾਲੀ 'ਚ ਸੀ, ਇਸੇ ਦੌਰਾਨ ਸੀ.ਆਈ.ਏ ਸਟਾਫ਼ ਨੂੰ ਗੁਪਤ ਸੂਚਨਾ ਮਿਲੀ ਕਿ ਗੈਂਗਸਟਰ ਸ਼ਾਰਪ ਸ਼ੂਟਰ ਅਨਿਲ ਮੰਗਲਵਾਰ ਨੂੰ ਮੋਹਾਲੀ 'ਚ ਰੇਕੀ ਕਰਨ ਆ ਰਿਹਾ ਹੈ। 

ਜਿਵੇਂ ਹੀ ਗੈਂਗਸਟਰ ਏਅਰਪੋਰਟ ਰੋਡ ਸਥਿਤ ਇੱਕ ਘਰ 'ਚ ਪਹੁੰਚਿਆ ਤਾਂ ਪੁਲਿਸ ਨੇ ਉਸ ਨੂੰ ਘੇਰਾ ਪਾ ਲਿਆ ਅਤੇ ਆਤਮ ਸਮਰਪਣ ਕਰਨ ਲਈ ਕਿਹਾ ਪਰ ਉਸ ਨੇ ਗੋਲੀ ਚਲਾ ਦਿੱਤੀ। ਜਵਾਬੀ ਗੋਲੀਬਾਰੀ ਵਿੱਚ ਗੈਂਗਸਟਰ ਦੀ ਲੱਤ ਵਿੱਚ ਗੋਲੀ ਲੱਗੀ ਹੈ। ਉਸ ਦੀ ਹਾਲਤ ਹੁਣ ਠੀਕ ਹੈ। ਮੁਲਜ਼ਮ ਅਨਿਲ ਬਿਸ਼ਨੋਈ, ਅੰਮ੍ਰਿਤਪਾਲ ਬੱਲ ਅਤੇ ਜੱਗੂ ਭਗਵਾਨਪੁਰੀਆ ਖ਼ਿਲਾਫ਼ ਥਾਣਾ ਜ਼ੀਰਕਪੁਰ ਵਿਖੇ ਵੱਖ-ਵੱਖ ਧਾਰਾਵਾਂ ਤਹਿਤ ਕੇਸ ਦਰਜ ਕਰ ਲਿਆ ਗਿਆ ਹੈ।

Related Post