ਕੈਲੀਫੋਰਨੀਆ : ਭਾਰਤੀ ਮੂਲ ਦੇ ਮਿਕੀ ਹੋਥੀ ਨੂੰ ਸਰਬਸੰਮਤੀ ਨਾਲ ਕੈਲੀਫੋਰਨੀਆ ਦੇ ਲੋਦੀ ਸ਼ਹਿਰ ਦਾ ਮੇਅਰ ਚੁਣਿਆ ਗਿਆ ਹੈ, ਜੋ ਕਿ ਅਮਰੀਕੀ ਸ਼ਹਿਰ ਦੇ ਇਤਿਹਾਸ ਵਿੱਚ ਅੱਜ ਤੱਕ ਦਾ ਸਭ ਤੋਂ ਉੱਚਾ ਅਹੁਦਾ ਹਾਸਲ ਕਰਨ ਵਾਲਾ ਪਹਿਲਾ ਸਿੱਖ ਬਣਿਆ ਹੈ। ਹੋਥੀ ਨੇ ਸ਼ੁੱਕਰਵਾਰ ਨੂੰ ਟਵੀਟ ਕੀਤਾ ਕਿ ਲੋਦੀ ਸ਼ਹਿਰ ਦੇ 117ਵੇਂ ਮੇਅਰ ਵਜੋਂ ਸਹੁੰ ਚੁੱਕ ਕੇ ਉਨ੍ਹਾਂ ਨੂੰ ਮਾਣ ਮਹਿਸੂਸ ਹੋਇਆ। ਆਰਮਸਟ੍ਰਾਂਗ ਰੋਡ 'ਤੇ ਗੁਰਦੁਆਰੇ ਦੀ ਸਥਾਪਨਾ ਵਿੱਚ ਉਸਦੇ ਪਰਿਵਾਰ ਦਾ ਵੀ ਅਹਿਮ ਯੋਗਦਾਨ ਸੀ।
ਇਸ ਮੌਕੇ ਹੋਥੀ ਨੇ ਕਿਹਾ ਕਿ ਸ਼ਹਿਰ ਦਾ ਮੇਅਰ ਬਣਨਾ ਇੱਕ ਚੁਣੌਤੀ ਸੀ, ਖਾਸ ਕਰਕੇ 9/11 ਦੇ ਹਮਲਿਆਂ ਤੋਂ ਬਾਅਦ, ਜਦੋਂ ਬਹੁਤ ਸਾਰੇ ਮੁਸਲਮਾਨਾਂ ਅਤੇ ਸਿੱਖਾਂ ਨੇ ਅਮਰੀਕਾ ਵਿੱਚ ਅੱਤਿਆਚਾਰ ਦਾ ਅਨੁਭਵ ਕੀਤਾ ਸੀ। ਹੋਥੀ ਦੇ ਮਾਤਾ-ਪਿਤਾ ਪੰਜਾਬ ਸੂਬੇ ਤੋਂ ਹਨ। ਉਨ੍ਹਾਂ ਨੇ ਦੱਸਿਆ ਕਿ ਸਾਡਾ ਪਰਿਵਾਰ ਲੋਧੀ ਸ਼ਹਿਰ ਵਿਚ ਰਹਿੰਦਾ ਸੀ। ਹੋਥੀ ਨੇ ਪਿਛਲੇ ਸਾਲ ਮੇਅਰ ਚੈਂਡਲਰ ਦੇ ਅਧੀਨ ਡਿਪਟੀ ਮੇਅਰ ਵਜੋਂ ਸੇਵਾ ਕੀਤੀ ਸੀ, ਜਿਸ ਨੇ ਪਿਛਲੀ ਗਰਮੀਆਂ ਵਿੱਚ ਐਲਾਨ ਕੀਤਾ ਸੀ ਕਿ ਉਹ ਦੁਬਾਰਾ ਚੋਣ ਨਹੀਂ ਲੜੇਗਾ।
ਹੋਥੀ ਨੂੰ ਦੋ ਸਾਲਾਂ ਲਈ ਮੇਅਰ ਚੁਣਿਆ ਗਿਆ ਹੈ। ਮਿਕੀ ਹੋਥੀ ਨੂੰ ਪਹਿਲੀ ਵਾਰ 2020 ਵਿੱਚ ਲੋਦੀ ਸਿਟੀ ਕੌਂਸਲ ਲਈ ਚੁਣਿਆ ਗਿਆ ਸੀ। ਲੋਦੀ ਸ਼ਹਿਰ ਦੀ ਆਬਾਦੀ 67,021 ਹੈ। ਮਿਕੀ ਨੇ ਕੌਂਸਲ 'ਤੇ ਆਪਣੇ ਕਾਰਜਕਾਲ ਦੌਰਾਨ ਉਨ੍ਹਾਂ ਦੇ ਸਮਰਥਨ ਅਤੇ ਸਲਾਹ ਲਈ ਆਪਣੀ ਪਤਨੀ ਅਤੇ ਦੋ ਬੇਟੀਆਂ ਦਾ ਧੰਨਵਾਦ ਕੀਤਾ।