World News : 104 ਦਿਨ ਕੰਮ ਅਤੇ ਸਿਰਫ਼ ਇੱਕ ਦਿਨ ਛੁੱਟੀ, ਮੁਲਾਜ਼ਮ ਦੀ ਹੋਈ ਮੌਤ; ਅਦਾਲਤ ਨੇ ਕੰਪਨੀ ਨੂੰ ਲਾਇਆ ਵੱਡਾ ਜੁਰਮਾਨਾ

World News : ਪਤਾ ਲੱਗਿਆ ਹੈ ਕਿ 30 ਸਾਲਾ ਵਿਅਕਤੀ ਨੇ ਸਿਰਫ਼ ਇੱਕ ਦਿਨ ਦੀ ਛੁੱਟੀ ਲੈ ਕੇ 104 ਦਿਨ ਕੰਮ ਕੀਤਾ। ਫਿਰ ਉਸ ਨੂੰ ਇਨਫੈਕਸ਼ਨ ਹੋ ਗਈ, ਉਸ ਦੀ ਸਿਹਤ ਵਿਗੜ ਗਈ ਅਤੇ ਕੁਝ ਘੰਟਿਆਂ 'ਚ ਹੀ ਉਸ ਦੀ ਮੌਤ ਹੋ ਗਈ।

By  KRISHAN KUMAR SHARMA September 9th 2024 03:00 PM -- Updated: September 9th 2024 03:04 PM

World News : ਵੈਸੇ ਤਾਂ ਹਰ ਦੇਸ਼ 'ਚ ਕਰਮਚਾਰੀਆਂ ਅਤੇ ਮਜ਼ਦੂਰਾਂ ਲਈ ਕਿਰਤ ਕਾਨੂੰਨ ਹੁੰਦੇ ਹਨ। ਦਸ ਦਈਏ ਕਿ ਇਸ ਤਹਿਤ ਇਹ ਤੈਅ ਕੀਤਾ ਜਾਂਦਾ ਹੈ ਕਿ ਕਰਮਚਾਰੀਆਂ ਨੇ ਕਿੰਨੇ ਘੰਟੇ ਕੰਮ ਕਰਨਾ ਹੈ ਅਤੇ ਉਨ੍ਹਾਂ ਨੂੰ ਘੱਟੋ-ਘੱਟ ਕਿੰਨੀ ਤਨਖਾਹ ਦਿੱਤੀ ਜਾਣੀ ਹੈ। ਅਜਿਹੇ 'ਚ ਇੱਕ ਖ਼ਬਰ ਚੀਨ ਤੋਂ ਸਾਹਮਣੇ ਆ ਰਹੀ ਹੈ, ਜਿਸ 'ਚ ਕੰਪਨੀ ਵੱਲੋਂ ਕਰਮਚਾਰੀ 104 ਦਿਨ ਕੰਮ ਕਰਵਾਇਆ ਗਿਆ ਅਤੇ ਉਸ ਕਾਰਨ ਵਿਅਕਤੀ ਦੀ ਮੌਤ ਹੋ ਗਈ। ਮੀਡਿਆ ਰਿਪੋਰਟਾਂ ਮੁਤਾਬਕ ਵਿਅਕਤੀ ਦੀ ਮੌਤ ਤੋਂ ਬਾਅਦ ਚੀਨ ਦੀ ਇਕ ਅਦਾਲਤ ਨੇ ਕੰਪਨੀ ਨੂੰ ਫਟਕਾਰ ਲਗਾਈ ਹੈ ਅਤੇ ਜੁਰਮਾਨਾ ਵੀ ਲਗਾਇਆ ਹੈ।

ਪਤਾ ਲੱਗਿਆ ਹੈ ਕਿ 30 ਸਾਲਾ ਵਿਅਕਤੀ ਨੇ ਸਿਰਫ਼ ਇੱਕ ਦਿਨ ਦੀ ਛੁੱਟੀ ਲੈ ਕੇ 104 ਦਿਨ ਕੰਮ ਕੀਤਾ। ਇਸ ਦੌਰਾਨ ਉਸ ਨੇ ਅਪ੍ਰੈਲ ਮਹੀਨੇ 'ਚ ਸਿਰਫ਼ ਇੱਕ ਦਿਨ ਦੀ ਛੁੱਟੀ ਲਈ ਸੀ। ਫਿਰ ਉਸ ਨੂੰ ਇਨਫੈਕਸ਼ਨ ਹੋ ਗਈ, ਉਸ ਦੀ ਸਿਹਤ ਵਿਗੜ ਗਈ ਅਤੇ ਕੁਝ ਘੰਟਿਆਂ 'ਚ ਹੀ ਉਸ ਦੀ ਮੌਤ ਹੋ ਗਈ। ਮਾਹਿਰਾਂ ਵੱਲੋਂ ਕੀਤੀ ਗਈ ਜਾਂਚ 'ਚ ਸਾਹਮਣੇ ਆਇਆ ਹੈ ਕਿ ਨਿਮੋਕੋਕਲ ਇਨਫੈਕਸ਼ਨ ਕਾਰਨ ਉਸ ਦੇ ਸਰੀਰ ਦੇ ਅਹਿਮ ਅੰਗਾਂ ਨੇ ਕੰਮ ਕਰਨਾ ਬੰਦ ਕਰ ਦਿੱਤਾ ਸੀ।

ਮੀਡਿਆ ਰਿਪੋਰਟਾਂ ਮੁਤਾਬਕ ਅਬਾਓ ਨਾਂ ਦੇ ਇਸ ਵਿਅਕਤੀ ਨੇ ਫਰਵਰੀ ਤੋਂ ਮਈ ਤੱਕ ਇਕ ਦਿਨ ਨੂੰ ਛੱਡ ਕੇ 104 ਦਿਨ ਲਗਾਤਾਰ ਕੰਮ ਕੀਤਾ। 6 ਅਪ੍ਰੈਲ ਨੂੰ ਉਸਨੇ ਇੱਕ ਦਿਨ ਦੀ ਛੁੱਟੀ ਲੈ ਲਈ। 25 ਮਈ ਨੂੰ ਉਸ ਦੀ ਸਿਹਤ ਵਿਗੜ ਗਈ ਅਤੇ ਤਿੰਨ ਦਿਨ ਬਾਅਦ ਉਸ ਦੀ ਹਾਲਤ ਨਾਜ਼ੁਕ ਹੋ ਗਈ। ਫੇਫੜਿਆਂ 'ਚ ਇਨਫੈਕਸ਼ਨ ਅਤੇ ਸਾਹ ਲੈਣ 'ਚ ਤਕਲੀਫ ਕਾਰਨ ਉਸ ਦੀ 1 ਜੂਨ ਨੂੰ ਮੌਤ ਹੋ ਗਈ ਸੀ। ਪਰਿਵਾਰ ਨੇ ਅਬਾਓ ਦੀ ਮੌਤ ਤੋਂ ਬਾਅਦ ਕੰਪਨੀ ਤੋਂ ਮੁਆਵਜ਼ੇ ਦੀ ਮੰਗ ਕੀਤੀ ਅਤੇ ਅਦਾਲਤ ਤੋਂ ਮਦਦ ਦੀ ਮੰਗ ਕੀਤੀ।

ਦੱਸਿਆ ਜਾ ਰਿਹਾ ਹੈ ਕਿ ਅਦਾਲਤ ਨੇ ਫੈਸਲਾ ਸੁਣਾਇਆ ਕਿ ਵਿਅਕਤੀ ਦੀ ਮੌਤ ਲਈ ਕੰਪਨੀ 20 ਫੀਸਦੀ ਜ਼ਿੰਮੇਵਾਰ ਹੈ। ਕਿਉਂਕਿ ਕੰਪਨੀ ਦੁਆਰਾ  ਦਲੀਲ ਦਿੱਤੀ ਗਈ ਸੀ ਕਿ ਅਬਾਓ ਠੇਕੇ 'ਤੇ ਕੰਮ ਕਰਦਾ ਸੀ ਅਤੇ ਉਹ ਆਪਣੀ ਮਰਜ਼ੀ ਨਾਲ ਓਵਰਟਾਈਮ ਕਰਦਾ ਸੀ। ਅਦਾਲਤ ਨੇ ਕਿਹਾ ਕਿ ਲਗਾਤਾਰ 104 ਦਿਨ ਕੰਮ ਕਰਨਾ ਚੀਨ ਦੇ ਕਿਰਤ ਕਾਨੂੰਨ ਦੀ ਉਲੰਘਣਾ ਹੈ।

ਚੀਨੀ ਕਾਨੂੰਨ ਮੁਤਾਬਕ ਕਿਸੇ ਵੀ ਕਰਮਚਾਰੀ ਨੂੰ ਦਿਨ 'ਚ 8 ਘੰਟੇ ਤੋਂ ਵੱਧ ਅਤੇ ਹਫ਼ਤੇ 'ਚ ਔਸਤਨ 44 ਘੰਟੇ ਕੰਮ ਕਰਨ ਲਈ ਬਣਾਇਆ ਜਾ ਸਕਦਾ ਹੈ। ਅਦਾਲਤ ਨੇ ਹੁਕਮ ਦਿੱਤਾ ਕਿ ਪਰਿਵਾਰ ਨੂੰ ਕੁੱਲ 400,000 ਯੂਆਨ ਯਾਨੀ 43 ਲੱਖ ਰੁਪਏ ਤੋਂ ਵੱਧ ਦਾ ਮੁਆਵਜ਼ਾ ਦਿੱਤਾ ਜਾਵੇ।

Related Post