ਪੰਜਾਬੀ ਕਹਾਣੀਕਾਰ ਗੁਰਮੀਤ ਕੜਿਆਲਵੀ ਨੂੰ 'ਸੱਚੀ ਦੀ ਕਹਾਣੀ' ਲਈ ਸਾਹਿਤ ਅਕਾਦਮੀ ਬਾਲ ਪੁਰਸਕਾਰ

By  Jasmeet Singh June 23rd 2023 07:42 PM -- Updated: June 23rd 2023 08:27 PM

ਚੰਡੀਗੜ੍ਹ: ਗੁਰਮੀਤ ਕੜਿਆਲਵੀ ਪੰਜਾਬੀ ਦੇ ਸਮਰੱਥ ਕਹਾਣੀਕਾਰ, ਨਾਟਕਕਾਰ, ਨਾਵਲਕਾਰ, ਬਾਲ ਸਾਹਿਤਕਾਰ, ਕਵੀ ਅਤੇ ਵਾਰਤਕ ਲੇਖਕ ਹਨ। ਜਿਨ੍ਹਾਂ ਨੂੰ ਉਨ੍ਹਾਂ ਦੀ ਬਾਲ ਕਹਾਣੀ 'ਸੱਚੀ ਦੀ ਕਹਾਣੀ' ਲਈ ਬਾਲ ਸਾਹਿਤ ਪੁਰਸਕਾਰ 2023 ਨਾਲ ਨਵਾਜਿਆ ਜਾ ਰਿਹਾ ਹੈ। ਗੁਰਮੀਤ ਕੜਿਆਲਵੀ ਵਿੱਦਿਅਕ ਯੋਗਤਾ ਵਿੱਚ ਸਿਵਿਲ ਇੰਜੀਨੀਅਰਿੰਗ ਡਿਪਲੋਮਾ, ਐਮ.ਏ. ਪੰਜਾਬੀ ਅਤੇ ਰਾਜਨੀਤੀ ਸ਼ਾਸਤਰ ਸ਼ਾਮਲ ਹਨ।

ਪੀ.ਟੀ.ਸੀ ਨਿਊਜ਼ ਨਾਲ ਗੱਲ ਕਰਦਿਆਂ ਗੁਰਮੀਤ ਕੜਿਆਲਵੀ ਨੇ ਕਿਹਾ, " 'ਸੱਚੀ ਦੀ ਕਹਾਣੀ' ਪੁਸਤਕ ਪੰਜ ਕਹਾਣੀਆਂ ਦਾ ਸੰਗ੍ਰਹਿ ਹੈ। ਇਹ ਪੰਜ ਕਹਾਣੀਆਂ ਬਾਲ ਮਾਨਸਿਕਤਾ ਨੂੰ ਸਮਝ ਕੇ ਲਿਖੀਆਂ ਗਈਆਂ, ਕਿ ਬੱਚੇ ਕੀ ਮਹਿਸੂਸ ਕਰਦੇ ਹੈ। ਆਮ ਤੌਰ 'ਤੇ ਹੁੰਦਾ ਇਹ ਹੈ ਕਿ ਬਾਲ ਸਾਹਿਤ ਬੱਚਿਆਂ ਦੀ ਮਾਨਸਿਕਤਾ ਨੂੰ ਸਮਝ ਕੇ ਨਹੀਂ ਲਿਖਿਆ ਜਾਂਦਾ। ਇਸ ਪੁਸਤਕ ਨੂੰ ਬੱਚਿਆਂ ਦੀਆਂ ਸਮੱਸਿਆਵਾਂ ਅਤੇ ਕਿਵੇਂ ਉਨ੍ਹਾਂ ਨੂੰ ਨਜ਼ਰਅੰਦਾਜ਼ ਕੀਤਾ ਜਾਂਦਾ, ਉਸ ਨੂੰ ਮੁੱਖ ਰੱਖ ਕੇ ਲਿਖਿਆ ਗਿਆ ਹੈ। ਇਸ 'ਚ ਇਹ ਦੱਸਣ ਦੀ ਕੋਸ਼ਸ਼ ਹੈ ਕਿ ਬੱਚਿਆਂ  ਨਾਲ ਉਨ੍ਹਾਂ ਦੀ ਭਾਵਨਾਵਾਂ ਨੂੰ ਮੁੱਖ ਰੱਖ ਕੇ ਵਰਤਾਰਾ ਕੀਤਾ ਜਾਣਾ ਚਾਹੀਦਾ ਹੈ।"

ਪ੍ਰਿੰਸੀਪਲ ਸੁਜਾਨ ਸਿੰਘ ਪੁਰਸਕਾਰ, ਲੋਕ ਕਵੀ ਗੁਰਦਾਸ ਰਾਮ ਆਲਮ ਐਵਾਰਡ, ਪੰਜਾਬ ਲੋਕ ਸੱਭਿਆਚਾਰਕ ਮੰਚ ਲੁਧਿਆਣਾ ਅਤੇ ਹੋਰਾਂ ਮਾਣਮੱਤੇ ਪੁਰਸਕਾਰਾਂ ਨਾਲ ਸਨਮਾਨਿਤ ਗੁਰਮੀਤ ਕੜਿਆਲਵੀ ਨੂੰ ਹੁਣ ਪੂਰੇ ਭਾਰਤ ਪੱਦਰ 'ਤੇ ਪੰਜਾਬੀ ਭਾਸ਼ਾ ਵਿੱਚ ਉਨ੍ਹਾਂ ਦੇ ਇਸ ਵੱਡਮੁੱਲੇ ਯੋਗਦਾਨ ਲਈ ਸਾਹਿਤ ਅਕਾਦਮੀ ਪੁਰਸਕਾਰ ਨਾਲ ਸਨਮਾਨਿਤ ਕੀਤਾ ਜਾ ਰਿਹਾ ਹੈ। ਇਸਤੇ ਉਨ੍ਹਾਂ ਕਿਹਾ, "ਪੂਰੀ ਪੰਜਾਬੀ ਭਾਸ਼ਾ ਲਈ ਪ੍ਰਤਿਨਿਧਤਾਂ ਕਰਦਿਆਂ ਹੋਏ ਇਸ ਸਾਹਿਤ ਅਕਾਦਮੀ ਬਾਲ ਪੁਰਸਕਾਰ ਲਈ ਮੈਨੂੰ ਬਹੁਤ ਚੰਗਾ ਮਹਿਸੂਸ ਹੋ ਰਿਹਾ ਹੈ। ਮੈਨੂੰ ਬਹੁਤ ਖੁਸ਼ੀ ਹੈ ਕਿ ਮੈਂ ਆਪਣੀ ਭਾਸ਼ਾ, ਆਪਣੀ ਮਾਂ ਬੋਲੀ ਲਈ ਇਹ ਐਵਾਰਡ ਹਾਸਿਲ ਕਰ ਰਿਹਾਂ ਹਾਂ, ਇਹ ਐਵਾਰਡ ਮੇਰਾ ਨਹੀਂ ਇਹ ਐਵਾਰਡ ਸਮੁੱਚੀ ਮਾਂ ਬੋਲੀ ਨੂੰ ਪਿਆਰ ਕਰਨ ਵਾਲਿਆਂ ਲਈ  ਹੈ।"



ਦੱਸਣਯੋਗ ਹੈ ਕਿ ਹਰ ਸਾਲ ਭਾਰਤ ਵਰਸ਼ ਦੀਆਂਂ ਸਾਰੀਆਂ ਭਾਸ਼ਾਵਾਂ ਵਿਚੋਂ ਹਰੇਕ ਭਾਸ਼ਾ ਦੇ ਇੱਕ ਪ੍ਰਤੀਨਿਧੀ ਨੂੰ ਆਪਣੀ ਮਾਂ ਬੋਲੀ 'ਚ ਉਨ੍ਹਾਂ ਦੇ ਯੋਗਦਾਨ ਲਈ ਇਹ ਪੁਰਸਕਾਰ ਦਿੱਤਾ ਜਾਂਦਾ ਹੈ। 

ਇੰਝ ਹੋਈ ਸਾਹਿਤ ਅਕਾਦਮੀ ਪੁਰਸਕਾਰ ਲਈ ਚੋਣ.....

ਸਾਹਿਤ ਅਕਾਦਮੀ ਦੇ ਕਾਰਜਕਾਰੀ ਬੋਰਡ ਨੇ ਅੱਜ ਪ੍ਰਧਾਨ ਮਾਧਵ ਕੌਸ਼ਿਕ ਦੀ ਪ੍ਰਧਾਨਗੀ ਹੇਠ ਹੋਈ ਮੀਟਿੰਗ ਵਿੱਚ ਸਾਹਿਤ ਅਕਾਦਮੀ ਦੇ ਬਾਲ ਸਾਹਿਤ ਪੁਰਸਕਾਰ 2023 ਲਈ 22 ਲੇਖਕਾਂ ਦੀ ਚੋਣ ਨੂੰ ਪ੍ਰਵਾਨਗੀ ਦਿੱਤੀ ਹੈ। ਜਿਨ੍ਹਾਂ ਨੂੰ ਨਿਰਧਾਰਤ ਨਿਯਮਾਂ ਅਤੇ ਪ੍ਰਕਿਰਿਆ ਦੇ ਅਨੁਸਾਰ ਸਬੰਧਤ ਭਾਸ਼ਾ ਵਿੱਚ ਤਿੰਨ-ਤਿੰਨ ਮੈਂਬਰਾਂ ਵਾਲੀ ਜਿਊਰੀ ਦੁਆਰਾ ਕੀਤੀਆਂ ਸਿਫ਼ਾਰਸ਼ਾਂ ਦੇ ਆਧਾਰ 'ਤੇ ਚੁਣਿਆ ਗਿਆ ਸੀ। ਜਿਨ੍ਹਾਂ ਵਿੱਚ ਪੰਜਾਬੀ ਕਹਾਣੀਕਾਰ ਗੁਰਮੀਤ ਕੜਿਆਲਵੀ ਦਾ ਨਾਂਅ ਵੀ ਸ਼ਾਮਲ ਹੈ। 

ਕਾਬਲੇਗੌਰ ਹੈ ਕਿ ਇਸ ਸਾਲ ਕਸ਼ਮੀਰੀ ਭਾਸ਼ਾ ਵਿੱਚ ਕੋਈ ਪੁਰਸਕਾਰ ਨਹੀਂ ਹੈ। ਮਨੀਪੁਰੀ ਭਾਸ਼ਾ ਵਿੱਚ ਪੁਰਸਕਾਰ ਦਾ ਐਲਾਨ ਬਾਅਦ ਵਿੱਚ ਕੀਤਾ ਜਾਵੇਗਾ। ਇਹ ਅਵਾਰਡ ਪਿਛਲੇ ਪੰਜ ਸਾਲਾਂ ਵਿਚਕਾਰ ਪ੍ਰਕਾਸ਼ਿਤ ਹੋਈਆਂ ਕਿਤਾਬਾਂ ਨਾਲ ਸਬੰਧਤ ਹਨ।ਬਾਲ ਸਾਹਿਤ ਪੁਰਸਕਾਰ 2023 ਦੇ ਜੇਤੂਆਂ ਨੂੰ 50,000/- ਰੁਪਏ ਦੇ ਇਨਾਮ ਨਾਲ ਇੱਕ ਵਿਸ਼ੇਸ਼ ਸਮਾਗਮ ਵਿੱਚ ਸਨਮਾਨਿਤ ਕੀਤਾ ਜਾਵੇਗਾ।

ਸਮਾਜਵਾਦੀ ਯਥਾਰਥਵਾਦੀ ਲੇਖਕ ਗੁਰਮੀਤ ਕੜਿਆਲਵੀ......

ਗੁਰਮੀਤ ਕੜਿਆਲਵੀ ਜ਼ਿਲ੍ਹਾ ਮੋਗਾ ਦੇ ਪਿੰਡ ਕੜਿਆਲ ਦੇ ਰਹਿਣ ਵਾਲੇ ਹਨ। ਕਿੱਤੇ ਵਜੋਂ ਉਹ ਸਮਾਜਿਕ ਨਿਆਂ 'ਤੇ ਅਧਿਕਾਰਤਾ ਵਿਭਾਗ 'ਚ ਇੱਕ ਅਧਿਕਾਰੀ ਹਨ। ਉਨ੍ਹਾਂ ਦੀਆਂ ਕਈ ਰਚਨਾਵਾਂ ਸਕੂਲ ਅਤੇ ਯੂਨੀਵਰਸਿਟੀ ਦੇ ਸਿਲੇਬਸ ਵਿਚ ਸ਼ਾਮਿਲ ਹਨ। ਉਨ੍ਹਾਂ ਨੂੰ ਪ੍ਰਿਸੀਪਲ ਸੁਜਾਨ ਸਿੰਘ ਅਤੇ ਪ੍ਰੀਤਲੜੀ ਪੁਰਸਕਾਰ ਸਮੇਤ ਕਈ ਸਨਮਾਨ ਵੀ ਮਿਲ ਚੁੱਕੇ ਹਨ।

ਉਨ੍ਹਾਂ ਨੇ ਵੱਖ-ਵੱਖ ਵਿਸ਼ਿਆਂ 'ਤੇ ਲੇਖ ਵੀ ਲਿਖੇ ਹਨ। ਉਨ੍ਹਾਂ ਦੀਆਂ ਕਹਾਣੀਆਂ ਸਮਾਜਵਾਦੀ ਯਥਾਰਥਵਾਦੀ ਹਨ। ਉਨ੍ਹਾਂ ਦੀਆਂ ਸਾਰੀਆਂ ਕਹਾਣੀਆਂ ਹਿੰਦੀ ਭਾਸ਼ਾ ਵਿੱਚ ਅਨੁਵਾਦ ਹੋ ਚੁੱਕੀਆਂ ਹਨ। ਕੁਝ ਕਹਾਣੀਆਂ ਭਾਰਤ ਦੀਆਂ ਹੋਰ ਭਾਸ਼ਾਵਾਂ ਵਿੱਚ ਵੀ ਅਨੁਵਾਦ ਹੋ ਚੁੱਕੀਆਂ ਹਨ। ਮਸਲਨ ਉਨ੍ਹਾਂ ਦੀਆਂ ਕਹਾਣੀਆਂ 'ਹੱਡਾ ਰੋੜੀ ਅਤੇ ਰੇੜ੍ਹੀ', 'ਆਤੂ ਖੋਜੀ', 'ਚੀਕ' ਆਦਿ ਅੰਗਰੇਜੀ, ਗੁਜਰਾਤੀ, ਮਰਾਠੀ, ਹਿੰਦੀ ਆਦਿ ਭਾਸ਼ਾਵਾਂ ਵਿੱਚ ਅਨੁਵਾਦ ਹੋ ਚੁੱਕੀਆਂ ਹਨ। 

ਉਨ੍ਹਾਂ ਦੀ ਰਚਿਤ ਕਹਾਣੀ 'ਹੱਡਾ ਰੋੜੀ ਤੇ ਰੇਹੜੀ' ਇੰਦਰਾ ਗਾਂਧੀ ਨੈਸ਼ਨਲ ਓਪਨ ਯੂਨੀਵਰਸਿਟੀ ਦੇ ਹਿੰਦੀ ਦੇ ਸਿਲੇਬਸ ਵਿੱਚ ਸ਼ਾਮਲ ਹੈ। ਇੱਕ ਕਹਾਣੀ 'ਆਤੂ ਖੋਜੀ' ਉੱਪਰ ਟੈਲੀ ਫਿਲਮ ਵੀ ਬਣ ਚੁੱਕੀ ਹੈ। "ਸਾਰੰਗੀ" ਉਸ ਦਾ ਬਹੁ ਚਰਚਿਤ ਨਾਟਕ ਹੈ। 'ਤੂ ਜਾਹ ਡੈਡੀ' ਵੀ ਚਰਚਿਤ ਨਾਟਕ ਹੈ। ਉਨ੍ਹਾਂ ਦੀ ਕਹਾਣੀ ਆਤੂ ਖੋਜੀ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਐਮ.ਏ. ਦੇ ਸਿਲੇਬਸ ਵਿੱਚ ਸ਼ਾਮਲ ਹੈ। "ਆਤੂ ਖੋਜੀ" ਰਾਜਸਥਾਨ ਸਕੂਲ ਬੋਰਡ ਵਿੱਚ ਸੀਨੀਅਰ ਸੈਕੰਡਰੀ ਸਕੂਲ ਸਿਲੇਬਸ ਵਿੱਚ ਪੜ੍ਹਾਈ ਜਾ ਰਹੀ ਹੈ। ਅੱਜ ਕੱਲ ਗੁਰਮੀਤ ਜ਼ਿਲ੍ਹਾ ਫਰੀਦਕੋਟ ਵਿਖੇ ਭਲਾਈ ਅਫਸਰ ਵਜੋਂ ਸੇਵਾ ਨਿਭਾ ਰਿਹਾ ਹੈ।

ਹੋਰ ਖ਼ਬਰਾਂ ਵੀ ਪੜ੍ਹੋ:

Related Post