ਚੀਫ਼ ਖਾਲਸਾ ਦੀਵਾਨ ਦੀਆਂ ਚੋਣਾਂ ਚ ਨਿੱਜਰ ਧੜੇ ਨੇ ਮਾਰੀ ਬਾਜ਼ੀ, ਡਾ. ਇੰਦਰਬੀਰ ਸਿੰਘ ਨਿੱਜਰ ਮੁੜ ਚੁਣੇ ਪ੍ਰਧਾਨ
ਪੀਟੀਸੀ ਨਿਊਜ਼ ਡੈਸਕ: ਚੀਫ਼ ਖਾਲਸਾ ਦੀਵਾਨ (chief-khalsa-diwan) ਦੀਆਂ ਚੋਣਾਂ ਦਾ ਨਤੀਜਾ ਆ ਚੁੱਕਿਆ ਹੈ, ਜਿਸ ਵਿੱਚ ਮੌਜੂਦਾ ਪ੍ਰਧਾਨ ਡਾ. ਇੰਦਰਬੀਰ ਸਿੰਘ ਨਿੱਜਰ ਮੁੜ ਪ੍ਰਧਾਨ ਦੇ ਅਹੁਦੇ ਲਈ ਚੁਣੇ ਗਏ ਹਨ। ਇਨ੍ਹਾਂ ਚੋਣਾਂ ਵਿੱਚ ਡਾਕਟਰ ਇੰਦਰਬੀਰ ਸਿੰਘ ਨਿੱਜਰ ਅਤੇ ਸੁਰਿੰਦਰਜੀਤ ਸਿੰਘ ਪਾਲ ਵਿੱਚ ਸਿੱਧਾ ਮੁਕਾਬਲਾ ਸੀ। ਦੱਸ ਦਈਏ ਕਿ ਚੀਫ਼ ਖਾਲਸਾ ਦੀਵਾਨ (amritsar) ਵੱਖ-ਵੱਖ ਸ਼ਹਿਰਾਂ ਅਤੇ ਰਾਜਾਂ 'ਚ 491 ਵੋਟਾਂ ਹਨ, ਜਿਨ੍ਹਾਂ ਵਿਚੋਂ ਅੱਜ ਕਰਵਾਈਆਂ ਚੋਣਾਂ ਵਿੱਚ ਕੁੱਲ 399 ਵੋਟਾਂ ਪੋਲ ਹੋਈਆਂ ਹਨ।
ਚੀਫ਼ ਖਾਲਸਾ ਦੀਵਾਨ ਦੀ ਪ੍ਰਧਾਨਗੀ ਲਈ ਹੋਈਆਂ ਚੋਣਾਂ ਵਿੱਚ ਡਾਕਟਰ ਇੰਦਰਬੀਰ ਸਿੰਘ ਨਿੱਜਰ ਨੂੰ ਕੁੱਲ ਵੋਟਾਂ ਵਿਚੋਂ 247 ਵੋਟਾਂ ਪਈਆਂ, ਜਦਕਿ ਵਿਰੋਧੀ ਉਮੀਦਵਾਰ ਸੁਰਿੰਦਰਜੀਤ ਸਿੰਘ ਪਾਲ ਨੂੰ 150 ਵੋਟਾਂ ਹੀ ਹਾਸਲ ਹੋਈਆਂ। ਇਸਦੇ ਨਾਲ ਹੀ ਮੀਤ ਪ੍ਰਧਾਨ ਵਜੋਂ ਸੰਤੋਖ ਸਿੰਘ ਸੇਠੀ ਅਤੇ ਜਗਜੀਤ ਸਿੰਘ ਨੂੰ ਚੁਣਿਆ ਗਿਆ ਹੈ।
ਅੱਜ ਚੋਣਾਂ ਵਿੱਚ ਡਾ. ਇੰਦਰਬੀਰ ਸਿੰਘ ਨਿੱਜਰ ਦੀ ਟੀਮ ਨੇ ਕੁੱਲ 5 ਅਹੁਦਿਆਂ 'ਤੇ ਬਾਜ਼ੀ ਮਾਰੀ ਹੈ, ਜਿਨ੍ਹਾਂ ਵਿੱਚ ਦੋ ਮੀਤ ਪ੍ਰਧਾਨ, ਇੱਕ ਸਥਾਨਕ ਪ੍ਰਧਾਨ ਵੱਜੋਂ ਕੁਲਜੀਤ ਸਿੰਘ ਸਾਹਨੀ ਚੁਣੇ, ਜਦਕਿ ਸਵਿੰਦਰ ਸਿੰਘ ਕੱਥੂਨੰਗਲ ਆਨਰੇਰੀ ਸੈਕਟਰੀ ਬਣੇ ਹਨ। ਦੂਜੇ ਪਾਸੇ ਵਿਰੋਧੀ ਧੜੇ ਨੂੰ ਇੱਕੋ ਇੱਕ ਆਨਰੇਰੀ ਸਕੱਤਰ ਦੇ ਅਹੁਦੇ ਨਾਲ ਸਬਰ ਕਰਨਾ ਪਿਆ, ਜਿਸ ਵਿੱਚ ਰਮਣੀਕ ਸਿੰਘ ਨੇ ਬਾਜ਼ੀ ਮਾਰੀ।
ਜੇਕਰ ਵੋਟ ਫ਼ੀਸਦੀ ਦੇ ਫ਼ਰਕ ਦੀ ਗੱਲ ਕੀਤੀ ਜਾਵੇ ਤਾਂ ਡਾ. ਇੰਦਰਬੀਰ ਸਿੰਘ ਨਿੱਜਰ ਨੇ 97 ਵੋਟਾਂ ਦੇ ਫ਼ਰਕ ਨਾਲ ਪ੍ਰਧਾਨਗੀ ਦੀ ਚੋਣ ਜਿੱਤੀ, ਜਦਕਿ ਸੰਤੋਖ ਸਿੰਘ ਸੇਠੀ 92 ਵੋਟਾਂ ਦੇ ਫਰਕ ਨਾਲ ਮੀਤ ਪ੍ਰਧਾਨ, ਜਗਜੀਤ ਸਿੰਘ ਬੰਟੀ 32 ਵੋਟਾਂ ਦੇ ਫਰਕ ਨਾਲ, ਕੁਲਜੀਤ ਸਿੰਘ ਸਾਹਨੀ 61 ਵੋਟਾਂ ਦੇ ਫਰਕ ਨਾਲ, ਸਵਿੰਦਰ ਸਿੰਘ ਕੱਥੂਨੰਗਲ 35 ਵੋਟਾਂ ਅਤੇ ਰਮਣੀਕ ਸਿੰਘ 63 ਵੋਟਾਂ ਦੇ ਫਰਕ ਨਾਲ ਚੋਣਾਂ ਜੇਤੂ ਰਹੇ।