Punjab Weather Update : ਪੰਜਾਬ 'ਚ ਮੁੜ ਬਦਲਿਆ ਮੌਸਮ ਦਾ ਮਿਜ਼ਾਜ, ਤਾਪਮਾਨ 'ਚ ਗਿਰਾਵਟ
ਚੰਡੀਗੜ੍ਹ : ਪੰਜਾਬ ਵਿਚ ਬੁੱਧਵਾਰ ਤੋਂ ਮੌਸਮ ਦਾ ਮਿਜ਼ਾਜ ਮੁੜ ਬਦਲ ਗਿਆ। ਤਾਪਮਾਨ ਵਿਚ ਗਿਰਾਵਟ ਆਉਣ ਕਾਰਨ ਰਾਤ ਸਮੇਂ ਮੁੜ ਤੋਂ ਠੰਢ ਦਾ ਅਹਿਸਾਸ ਹੋ ਰਿਹਾ ਹੈ। ਠੰਢ ਕਾਰਨ ਲੋਕ ਮੁੜ ਤੋਂ ਗਰਮ ਕੱਪੜੇ ਕੱਢਣ ਲਈ ਮਜਬੂਰ ਹੋ ਰਹੇ ਹਨ। ਬੁੱਧਵਾਰ ਸਵੇਰ ਤੋਂ ਲੈ ਕੇ ਦੁਪਹਿਰ ਤੱਕ ਲੁਧਿਆਣਾ ਸਣੇ ਕਈ ਦੂਜੇ ਜ਼ਿਲ੍ਹਿਆਂ ਦੇ ਤਾਪਮਾਨ 'ਚ ਦੋ ਤੋਂ ਤਿੰਨ ਡਿਗਰੀ ਸੈਲਸੀਅਸ ਦੀ ਗਿਰਾਵਟ ਦਰਜ ਕੀਤੀ ਗਈ। ਮੌਸਮ ਕੇਂਦਰ ਚੰਡੀਗੜ੍ਹ ਅਨੁਸਾਰ ਜ਼ਿਆਦਾਤਰ ਜ਼ਿਲ੍ਹਿਆਂ 'ਚ ਘੱਟੋਂ-ਘੱਟ ਤਾਪਮਾਨ 10 ਤੋਂ 11 ਡਿਗਰੀ ਸੈਲਸੀਅਸ ਦਰਮਿਆਨ ਦਰਜ ਕੀਤਾ ਗਿਆ।
ਰਾਜਧਾਨੀ ਦਿੱਲੀ 'ਚ ਪਿਛਲੇ ਇਕ ਹਫ਼ਤੇ ਤੋਂ ਤੇਜ਼ ਧੁੱਪ ਤੇ ਨਮੀ ਵਾਲੀਆਂ ਹਵਾਵਾਂ ਮਗਰੋਂ ਇਕ ਵਾਰ ਫਿਰ ਮੌਸਮ 'ਚ ਬਦਲਾਅ ਆਇਆ ਹੈ। ਸਵੇਰੇ ਧੁੰਦ ਦੇ ਨਾਲ-ਨਾਲ ਅਸਮਾਨ ਵਿੱਚ ਸੰਘਣੇ ਬੱਦਲ ਛਾਏ ਰਹੇ। ਭਾਰਤੀ ਮੌਸਮ ਵਿਭਾਗ ਮੁਤਾਬਕ ਪੱਛਮੀ ਗੜਬੜੀ ਅਤੇ ਪਹਾੜਾਂ 'ਤੇ ਬਰਫਬਾਰੀ ਕਾਰਨ ਰਾਸ਼ਟਰੀ ਰਾਜਧਾਨੀ 'ਚ ਠੰਡ ਨੇ ਇਕ ਵਾਰ ਫਿਰ ਦਸਤਕ ਦੇ ਦਿੱਤੀ ਹੈ। ਇਸ ਦੇ ਨਾਲ ਹੀ ਅਗਲੇ 24 ਤੋਂ 48 ਘੰਟਿਆਂ ਤੱਕ ਮੌਸਮ ਅਜਿਹਾ ਹੀ ਰਹਿਣ ਦੀ ਸੰਭਾਵਨਾ ਹੈ।
ਹਾਲਾਂਕਿ, ਇੱਥੇ ਠੰਢ ਦੀ ਵਾਪਸੀ ਦੀ ਉਮੀਦ ਘੱਟ ਹੈ। ਸ਼ਿਮਲਾ ਵਿਚ ਬੀਤੇ ਹੋਈ ਗੜ੍ਹੇਮਾਰੀ ਕਾਰਨ ਪਹਾੜੀ ਇਲਾਕਿਆਂ ਵਿਚ ਤਾਪਮਾਨ ਵਿਚ ਭਾਰੀ ਗਿਰਾਵਟ ਕਾਰਨ ਠੰਢ ਨੇ ਮੁੜ ਦਸਤਕ ਦੇ ਦਿੱਤੀ ਹੈ। ਗੜ੍ਹੇਮਾਰੀ ਕਾਰਨ ਬਹੁਤ ਰਸਤੇ ਬੰਦ ਹੋ ਗਏ ਹਨ। ਇਸ ਕਾਰਨ ਸੈਲਾਨੀਆਂ ਨੂੰ ਭਾਰੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਇਹ ਵੀ ਪੜ੍ਹੋ : AAP MLA Amit Rattan Kotfatta arrested : ਵਿਜੀਲੈਂਸ ਨੇ 'ਆਪ' ਵਿਧਾਇਕ ਅਮਿਤ ਰਤਨ ਨੂੰ ਕੀਤਾ ਗ੍ਰਿਫ਼ਤਾਰ
ਵੱਧ ਤੋਂ ਵੱਧ ਤਾਪਮਾਨ ਵੀ ਬਹੁਤੇ ਜ਼ਿਲ੍ਹਿਆਂ 'ਚ 26 ਤੋਂ 27 ਡਿਗਰੀ ਸੈਲਸੀਅਸ ਵਿਚਾਲੇ ਰਿਹਾ। ਚੰਡੀਗੜ੍ਹ 'ਚ ਦਿਨ ਦਾ ਤਾਪਮਾਨ 29.9 ਡਿਗਰੀ, ਫ਼ਰੀਦਕੋਟ 'ਚ 28.4 ਡਿਗਰੀ ਤੇ ਪਟਿਆਲੇ ਦਾ ਤਾਪਮਾਨ 28 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ।
ਦੂਜੇ ਪਾਸੇ ਮੌਸਮ ਵਿਭਾਗ ਦੀ ਪੇਸ਼ੀਨਗੋਈ ਅਨੁਸਾਰ 24 ਫਰਵਰੀ ਤੱਕ ਮੌਸਮ ਖ਼ੁਸ਼ਕ ਰਹੇਗਾ। 25 ਫਰਵਰੀ ਨੂੰ ਹਿਮਾਲੀਆ ਰਿਜ਼ਨ 'ਚ ਗੜਬੜ ਵਾਲੀਆਂ ਪੱਛਮੀ ਪੌਣਾਂ ਸਰਗਰਮ ਹੋਣ ਕਾਰਨ ਪੰਜਾਬ ਦੇ ਕੁਝ ਜ਼ਿਲ੍ਹਿਆਂ 'ਚ ਬੱਦਲ ਛਾਏ ਰਹਿ ਸਕਦੇ ਹਨ। ਖ਼ਾਸਕਰ ਨੀਮ ਪਹਾੜੀ ਇਲਾਕਿਆਂ ਵਿਚ ਇਸ ਦਾ ਪ੍ਰਭਾਵ ਦੇਖਣ ਨੂੰ ਮਿਲ ਸਕਦਾ ਹੈ। ਹਾਲਾਂਕਿ 26 ਫਰਵਰੀ ਤੋਂ ਬਾਅਦ ਮੌਸਮ ਮੁੜ ਪੂਰੀ ਤਰ੍ਹਾਂ ਸਾਫ਼ ਹੋ ਜਾਵੇਗਾ।