ਚੰਡੀਗੜ੍ਹ ਮੇਅਰ ਚੋਣਾਂ: ਸੀਨੀਅਰ ਡਿਪਟੀ ਮੇਅਰ ਅਤੇ ਡਿਪਟੀ ਮੇਅਰ ਦੇ ਅਹੁਦਿਆਂ 'ਤੇ BJP ਦਾ ਕਬਜ਼ਾ
ਪੀਟੀਸੀ ਨਿਊਜ਼ ਡੈਸਕ: ਚੰਡੀਗੜ੍ਹ ਮੇਅਰ ਚੋਣਾਂ ਵਿੱਚ ਸੀਨੀਅਰ ਡਿਪਟੀ ਮੇਅਰ ਅਤੇ ਡਿਪਟੀ ਮੇਅਰ ਦੀਆਂ ਚੋਣਾਂ ਵਿੱਚ ਸੋਮਵਾਰ ਭਾਜਪਾ ਨੇ ਡਿਪਟੀ ਮੇਅਰ ਦੇ ਦੋਵਾਂ ਅਹੁਦਿਆਂ ਸੀਨੀਅਰ ਡਿਪਟੀ ਮੇਅਰ ਅਤੇ ਡਿਪਟੀ ਮੇਅਰ 'ਤੇ ਕਬਜ਼ਾ ਕਰ ਲਿਆ ਹੈ। ਭਾਜਪਾ ਦੇ ਕੁਲਜੀਤ ਸਿੰਘ ਸੰਧੂ ਸੀਨੀਅਰ ਡਿਪਟੀ ਮੇਅਰ ਅਤੇ ਰਾਜਿੰਦਰ ਸ਼ਰਮਾ ਡਿਪਟੀ ਮੇਅਰ ਵੱਜੋਂ ਚੁਣੇ ਗਏ ਹਨ।
ਚੋਣ ਦੌਰਾਨ ਸੰਧੂ ਨੂੰ 19 ਵੋਟਾਂ ਹਾਸਲ ਹੋਈਆਂ, ਜਦਕਿ ਉਨ੍ਹਾਂ ਦੇ ਵਿਰੋਧੀ ਧਿਰ ਕਾਂਗਰਸ ਅਤੇ ਆਮ ਆਦਮੀ ਪਾਰਟੀ ਦੇ ਗਠਜੋੜ ਉਮੀਦਵਾਰ ਗੁਰਪ੍ਰੀਤ ਸਿੰਘ ਗੱਪੀ ਨੂੰ 16 ਵੋਟਾਂ ਪਈਆਂ। ਇਸਤੋਂ ਇਲਾਵਾ ਇੱਕ ਵੋਟ ਅਯੋਗ ਕਰਾਰ ਦਿੱਤੀ ਗਈ। ਦੂਜੇ ਪਾਸੇ ਡਿਪਟੀ ਮੇਅਰ ਦੇ ਅਹੁਦੇ ਲਈ ਚੋਣ ਵਿੱਚ ਰਾਜਿੰਦਰ ਸ਼ਰਮਾ ਨੂੰ 19 ਵੋਟਾਂ ਪਈਆਂ, ਜਦਕਿ ਉਨ੍ਹਾਂ ਦੀ ਧਿਰ ਵਿਰੋਧੀ ਗਠਜੋੜ ਉਮੀਦਵਾਰ ਨਿਰਮਲਾ ਦੇਵੀ ਨੂੰ 17 ਵੋਟਾਂ ਹੀ ਪਈਆਂ।
ਇਸਤੋਂ ਪਹਿਲਾਂ ਸਵੇਰੇ ਪਹਿਲਾਂ ਸੀਨੀਅਰ ਡਿਪਟੀ ਮੇਅਰ ਦੇ ਅਹੁਦੇ ਲਈਆਂ ਵੋਟਾਂ ਪਈਆਂ ਸਨ, ਜਿਸ ਤੋਂ ਬਾਅਦ ਡਿਪਟੀ ਮੇਅਰ ਦੇ ਅਹੁਦੇ ਲਈ ਵੋਟਿੰਗ ਹੋਈ। ਇਨ੍ਹਾਂ ਵੋਟਾਂ ਵਿੱਚ ਚੰਡੀਗੜ੍ਹ ਦੇ ਮੇਅਰ ਕੁਲਦੀਪ ਕੁਮਾਰ ਪ੍ਰੀਜਾਈਡਿੰਗ ਅਫਸਰ ਵੱਜੋਂ ਤੈਨਾਤ ਰਹੇ। ਦੋਵਾਂ ਅਹੁਦਿਆਂ ਲਈ ਭਾਜਪਾ ਅਤੇ ਇੰਡੀਆ ਗਠਜੋੜ ਵਿਚਾਲੇ ਸਿੱਧਾ ਮੁਕਾਬਲਾ ਹੋਇਆ।
ਦੱਸ ਦਈਏ ਕਿ ਚੰਡੀਗੜ੍ਹ ਪ੍ਰਸ਼ਾਸਨ ਵੱਲੋਂ ਪਹਿਲਾਂ ਸੀਨੀਅਰ ਡਿਪਟੀ ਮੇਅਰ ਅਤੇ ਡਿਪਟੀ ਮੇਅਰ ਦੀ ਚੋਣ ਲਈ 27 ਫ਼ਰਵਰੀ ਦੀ ਤਰੀਕ ਤੈਅ ਕੀਤੀ ਸੀ, ਪਰ ਮੇਅਰ ਕੁਲਦੀਪ ਕੁਮਾਰ ਦੇ ਨਾ ਹੋਣ ਕਾਰਨ ਚੋਣ ਨਹੀਂ ਹੋ ਸਕੀ। ਇਸ ਤੋਂ ਇਲਾਵਾ ਹਾਈਕੋਰਟ ਨੇ ਚੋਣ ਨਾਮਜ਼ਦਗੀਆਂ ਮੁੜ ਭਰਨ ਦੇ ਹੁਕਮ ਦਿੱਤੇ ਸਨ, ਜਿਸ ਤਹਿਤ ਇਨ੍ਹਾਂ ਦੋਵਾਂ ਅਹੁਦਿਆਂ ਲਈ 4 ਮਾਰਚ ਨੂੰ ਚੋਣਾਂ ਤੈਅ ਹੋਈਆਂ ਸਨ।