ਚੰਡੀਗੜ੍ਹ ਯੂਨੀਵਰਸਿਟੀ 'ਚ ਹੋਰ ਸੂਬਿਆਂ ਤੇ ਵਿਦੇਸ਼ਾਂ 'ਚੋਂ ਵਿਦਿਆਰਥੀ ਵੀ ਪੰਜਾਬੀ ਭਾਸ਼ਾ ਪੜ੍ਹਨ, ਗੁਰਮੁਖੀ ਲਿਪੀ ਤੇ ਗੁਰੂ ਸਾਹਿਬਾਨਾਂ ਦਾ ਫ਼ਲਸਫ਼ਾ ਆ ਰਹੇ ਸਿੱਖਣ: ਹਰਪਾਲ ਸਿੰਘ ਪੰਨੂ
ਮੋਹਾਲੀ: ਚੰਡੀਗੜ੍ਹ ਯੂਨੀਵਰਸਿਟੀ ਦੀ ਗੁਰੂ ਨਾਨਕ ਚੇਅਰ ਫਾਰ ਸਟੱਡੀਜ਼ ਇਨ ਯੂਨੀਵਰਸਲ ਐਡਵਾਂਸਮੈਂਟ ਵੱਲੋਂ ਓਂਟਾਰੀਓ ਫਰੈਂਡਜ਼ ਕਲੱਬ, ਕੈਨੇਡਾ ਦੇ ਸਹਿਯੋਗ ਨਾਲ 9ਵੀਂ ਇੱਕ ਰੋਜ਼ਾ ਵਰਲਡ ਪੰਜਾਬੀ ਕਾਨਫਰੰਸ-2024 ਦਾ ਆਯੋਜਨ ਕਰਵਾਇਆ ਗਿਆ।
ਮੋਹਾਲੀ: ਚੰਡੀਗੜ੍ਹ ਯੂਨੀਵਰਸਿਟੀ ਦੀ ਗੁਰੂ ਨਾਨਕ ਚੇਅਰ ਫਾਰ ਸਟੱਡੀਜ਼ ਇਨ ਯੂਨੀਵਰਸਲ ਐਡਵਾਂਸਮੈਂਟ ਵੱਲੋਂ ਓਂਟਾਰੀਓ ਫਰੈਂਡਜ਼ ਕਲੱਬ, ਕੈਨੇਡਾ ਦੇ ਸਹਿਯੋਗ ਨਾਲ 9ਵੀਂ ਇੱਕ ਰੋਜ਼ਾ ਵਰਲਡ ਪੰਜਾਬੀ ਕਾਨਫਰੰਸ-2024 ਦਾ ਆਯੋਜਨ ਕਰਵਾਇਆ ਗਿਆ। ਕਾਨਫਰੰਸ ਦਾ ਵਿਸ਼ਾ `ਇਤਿਹਾਸਕ ਤੇ ਆਧੁਨਿਕ ਸੰਭਾਵਿਤ : ਮਾਨਵਤਾ ਦੀ ਭਲਾਈ ਨੂੰ ਉਤਸ਼ਾਹਿਤ ਕਰਨ `ਚ ਪੰਜਾਬੀਆਂ ਦੀ ਭੂਮਿਕਾ``ਤੇ ਅਧਾਰਿਤ ਸੀ। ਕਾਨਫਰੰਸ ਦੀ ਅਗੁਵਾਈ ਗੁਰੂ ਨਾਨਕ ਚੇਅਰ ਫਾਰ ਸਟੱਡੀਜ਼ ਇਨ ਯੂਨੀਵਰਸਲ ਐਂਡ ਐਂਡਵਾਂਸਮੈਂਟ ਦੇ ਚੇਅਰਪਰਸਨ ਹਰਪਾਲ ਸਿੰਘ ਪੰਨੂ ਵੱਲੋਂ ਕੀਤੀ ਗਈ।ਕਾਨਫਰੰਸ ਦੌਰਾਨ ਮੁੱਖ ਮਹਿਮਾਨ ਦੇ ਤੌਰ `ਤੇ ਓਂਟਾਰੀਓ ਫਰੈਂਡਜ਼ ਕਲੱਬ, ਕੈਨੇਡਾ ਦੇ ਚੇਅਰਮੈਨ ਰਵਿੰਦਰ ਸਿੰਘ ਕੰਗ ਨੇ ਸਿ਼ਰਕਤ ਕੀਤੀ।ਇਸ ਤੋਂ ਇਲਾਵਾ ਵਿਸ਼ੇਸ਼ ਮਹਿਮਾਨ ਦੇ ਤੌਰ `ਤੇ (ਪੰਜਾਬੀ ਵਿਭਾਗ), ਹਰਿਆਣਾ ਸਾਹਿਤ ਤੇ ਸੰਸਕ੍ਰਿਤੀ ਅਕਾਦਮੀ, ਪੰਚਕੂਲਾ ਹਰਪਾਲ ਸਿੰਘ ਗਿੱਲ ਚੰਡੀਗੜ੍ਹ ਯੂਨੀਵਰਸਿਟੀ ਮੋਹਾਲੀ ਦੇ ਵਾਈਸ ਚਾਂਸਲਰ ਮਨਪ੍ਰੀਤ ਸਿੰਘ ਮੰਨਾ, ਪ੍ਰੋ. ਵਾਈਸ ਚਾਂਸਲਰ ਦਵਿੰਦਰ ਸਿੰਘ ਸਿੱਧੂ, ਓਂਟਾਰੀਓ ਫਰੈਂਡਜ਼ ਕਲੱਬ, ਕੈਨੇਡਾ ਦੇ ਪ੍ਰਧਾਨ ਗਿਆਨ ਸਿੰਘ ਕੰਗ, ਉੱਚ ਸਿੱਖਿਆ ਵਿਭਾਗ, ਹਰਿਆਣਾ ਦੇ ਜੁਆਇੰਟ ਡਾਇਰੈਕਟਰ ਸੁੱਖਵਿੰਦਰ ਸਿੰਘ ਵੀ ਮੌਜੂਦ ਰਹੇ।
ਇਸ ਉਪਰੰਤ ਦੋ ਪੈਨਲ ਚਰਚਾਵਾਂ ਵੀ ਕਰਵਾਈਆਂ ਗਈਆਂ।ਜਿਨ੍ਹਾਂ ਵਿਚ ਫੈਕਲਟੀ ਮੈਂਬਰਾਂ ਵੱਲੋਂ 10 ਖੋਜ ਪੱਤਰ ਪੇਸ਼ ਕੀਤੇ ਗਏ, ਜਿਨ੍ਹਾਂ ਵਿਚ 4 ਓਂਟਾਰੀਓ ਫਰੈਂਡਜ਼ ਕਲੱਬ ਕੈਨੇਡਾ ਤੇ 6 ਚੰਡੀਗੜ੍ਹ ਯੂਨੀਵਰਸਿਟੀ ਦੇ ਖੋਜਾਰਥੀਆਂ ਵੱਲੋਂ ਪੇਸ਼ ਕੀਤੇ ਗਏ। ਪਹਿਲੀ ਪੈਨਲ ਚਰਚਾ ਵਿਚ ਮਨੁੱਖਤਾ ਦੀ ਭਲਾਈ ਲਈ ਪੰਜਾਬੀਆਂ ਦੀ ਭੂਮਿਕਾਵਾਂ ਬਾਰੇ ਚਰਚਾ ਕੀਤੀ ਗਈ ਤੇ ਕੋਵਿਡ-19 ਦੌਰਾਨ ਪੰਜਾਬੀਆਂ ਵੱਲੋਂ ਕੀਤੀ ਗਈ ਸੇਵਾ ਦੀ ਸ਼ਲਾਘਾ ਕੀਤੀ ਗਈ।ਦੂਸਰੀ ਪੈਨਲ ਚਰਚਾ ਵਿਚ ਸਿੱਖ ਇਤਿਹਾਸ ਤੇ ਗੁਰੂ ਸਾਹਿਬਾਨਾਂ ਦੀਆਂ ਸਾਖੀਆਂ, ਉਦੇਸ਼ਾਂ ਤੇ ਫ਼ਲਸਫ਼ੇ ਬਾਰੇ ਜਾਣੂ ਕਰਵਾਇਆ।ਇਸ ਮੌਕੇ ਓਂਟਾਰੀਓ ਫਰੈਂਡਜ਼ ਕਲੱਬ ਦੀ ਮੈਂਬਰ ਡਾ. ਸਤਿੰਦਰਜੀਤ ਕੌਰ ਬੁੱਟਰ ਨੂੰ ਆਪਣੇ ਬਿਹਤਰੀਨ ਖੋਜ ਪੱਤਰ ਲਈ ਸਨਮਾਨਿਤ ਕੀਤਾ ਗਿਆ ਤੇ ਬਾਕੀ ਖੋਜਾਰਥੀਆਂ ਨੂੰ ਖੋਜ ਪੱਤਰਾਂ ਲਈ ਸਰਟੀਫਿਕੇਟ ਦੇ ਕੇ ਸਨਮਾਨਿਤ ਵੀ ਕੀਤਾ।
ਗੁਰੂ ਨਾਨਕ ਚੇਅਰ ਫਾਰ ਸਟੱਡੀਜ਼ ਇਨ ਯੂਨੀਵਰਸਲ ਐਂਡ ਐਂਡਵਾਂਸਮੈਂਟ ਦੇ ਚੇਅਰਪਰਸਨ ਹਰਪਾਲ ਸਿੰਘ ਪੰਨੂ ਨੇ ਕਿਹਾ ਕਿ ਚੰਡੀਗੜ੍ਹ ਯੂਨੀਵਰਸਿਟੀ ਇੱਕ ਬਹੁਤ ਵੱਡਾ ਅਕਾਦਮਿਕ ਅਦਾਰਾ ਹੈ ਤੇ ਇਥੇ ਵੱਡੀ ਗਿਣਤੀ ਵਿਚ ਪੰਜਾਬ ਤੋਂ ਇਲਾਵਾ ਹੋਰ ਸੂਬਿਆਂ ਦੇ ਵਿਦਿਆਰਥੀ ਤੇ ਫੈਕਲਟੀ ਮੈਂਬਰ ਵੀ ਹਨ। ਉਨ੍ਹਾਂ ਨੂੰ ਜੇਕਰ ਇਹ ਸੰਦੇਸ਼ ਮਿਲੇਗਾ ਤਾਂ ਉਹ ਯੂਨੀਵਰਸਿਟੀ ਤੋਂ ਬਾਹਰ ਵੀ ਇਸ ਦਾ ਪ੍ਰਚਾਰ ਕਰਨਗੇ ਤੇ ਇਸ ਪ੍ਰਮਾਣ ਵੀ ਉਨ੍ਹਾਂ ਕੋਲ ਹੋਵੇਗਾ।ਇਸ ਲਈ ਅਸੀਂ ਗੁਰੂ ਨਾਨਕ ਚੇਅਰ ਫਾਰ ਸਟੱਡੀਜ਼ ਇਨ ਯੂਨੀਵਰਸਲ ਐਡਵਾਂਸਮੈਂਟ ਵੱਲੋਂ ਓਂਟਾਰੀਓ ਫਰੈਂਡਜ਼ ਕਲੱਬ, ਕੈਨੇਡਾ ਦੇ ਮਾਧਿਅਮ ਨਾਲ ਇਹ ਕਾਨਫਰੰਸ ਕਰਵਾਈ ਹੈ।
ਪੰਨੂ ਨੇ ਕਿਹਾ ਕਿ ਦੁਨੀਆ ਦੇ ਇਤਿਹਾਸ ਵਿਚ ਗੁਰਮੁੱਖੀ ਲਿਪੀ ਹੀ ਅਜਿਹੀ ਲਿਪੀ ਹੈ, ਜਿਸ ਦਾ ਆਪਣਾ ਇੱਕ ਇਤਿਹਾਸ ਹੈ।ਜੇਕਰ ਹੋਰ ਕਿਸੇ ਵੀ ਲਿਪੀ ਦੀ ਗੱਲ ਕੀਤੀ ਜਾਵੇ ਤਾਂ ਉਹ ਕਿਥੋਂ ਸ਼ੁਰੂ ਹੋਈ ਹੈ ਉਸ ਦਾ ਕੋਈ ਵੀ ਇਤਿਹਾਸ ਨਹੀਂ ਹੈ।ਜਿਵੇਂ ਕਿ ਫਾਰਸੀ, ਉਰਦੂ, ਪਾਰਸੀ ਤੇ ਸੰਸਕ੍ਰਿਤੀ ਦੀ ਲਿਪੀ ਕਦੋਂ ਲਿਖੀ ਗਈ ਸੀ।ਸ੍ਰੀ ਗੁਰੂ ਅੰਗਦ ਦੇਵ ਜੀ ਨੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਫ਼ਲਸਫ਼ੇ ਦਾ ਪਾਲਣ ਕਰਦੇ ਹੋਏ ਗੁਰਮੁਖੀ ਲਿਪੀ ਇਜਾਦ ਕੀਤੀ ਸੀ।ਸਾਨੂੰ ਇਸ ਗੱਲ ਦਾ ਮਾਣ ਹੈ।ਸੀਯੂ `ਚ ਗੁਰੂ ਨਾਨਕ ਚੇਅਰ 5 ਸਾਲ ਪਹਿਲਾਂ ਹੋਈ ਸੀ।ਇਥੇ ਸਿੱਖ ਸਟੱਡੀਜ਼ ਵੀ ਪੜ੍ਹਾਈ ਜਾਂਦੀ ਹੈ। ਚੰਡੀਗੜ੍ਹ ਯੂਨੀਵਰਸਿਟੀ `ਚ 85 ਪ੍ਰਤੀਸ਼ਤ ਵਿਦਿਆਰਥੀ ਪੰਜਾਬੀ ਨਹੀਂ ਹਨ। ਸਾਨੂੰ ਖੁਸ਼ੀ ਹੁੰਦੀ ਹੈ ਕਿ ਅੱਜ ਹੋਰ ਸੂਬਿਆਂ ਤੇ ਵਿਦੇਸ਼ਾਂ `ਚੋਂ ਵਿਦਿਆਰਥੀ ਪੰਜਾਬੀ ਭਾਸ਼ਾ ਪੜ੍ਹਨ, ਗੁਰਮੁਖੀ ਲਿਪੀ ਤੇ ਗੁਰੂ ਸਾਹਿਬਾਨਾਂ ਦਾ ਫ਼ਲਸਫ਼ਾ ਸਿੱਖਣ ਲਈ ਆ ਰਹੇ ਹਨ।
ਓਂਟਾਰੀਓ ਫਰੈਂਡਸ ਕਲੱਬ, ਕੈਨੇਡਾ ਦੇ ਚੇਅਰਮੈਨ ਰਵਿੰਦਰ ਸਿੰਘ ਕੰਗ ਨੇ ਕਿਹਾ, "ਮੈਂ ਸਾਰਿਆਂ ਦਾ ਧੰਨਵਾਦ ਕਰਦਿਆਂ ਇਹ ਕਹਿਣਾ ਚਾਹੁੰਦਾ ਹਾਂ ਕਿ ਅੱਜ ਇਹ ਕਾਨਫਰੰਸ ਪੰਜਾਬ, ਪੰਜਾਬੀ ਤੇ ਪੰਜਾਬੀਅਤ ਨੂੰ ਬਚਾਉਣ ਲਈ ਇੱਕ ਬਹੁਤ ਵੱਡਾ ਉਪਰਾਲਾ ਹੈ। ਅੱਜ ਦੇ ਸਮੇਂ ਲੋਕ ਆਪਣੀ ਬੋਲੀ ਤੇ ਆਪਣੇ ਵਿਰਸੇ ਤੋਂ ਟੁੱਟਦੇ ਜਾ ਰਹੇ ਹਨ ਜੋ ਕਿ ਬਹੁਤ ਚੰਗੀ ਗੱਲ ਨਹੀਂ ਹੈ। ਲੋਕਾਂ ਨੂੰ ਆਪਣੇ ਵਿਰਸੇ ਨਾਲ ਜੁੜਨਾ ਚਾਹੀਦਾ ਹੈ ਅਤੇ ਅਜਿਹੇ ਕਾਨਫਰੰਸ ਉਨ੍ਹਾਂ ਲੋਕਾਂ ਲਈ ਹੀ ਹੈ। ਪੰਜਾਬੀਅਤ ਲਈ ਜੁੜਨਾ ਇਸ ਕਰਕੇ ਵੀ ਜ਼ਰੂਰੀ ਹੈ ਕਿਉਂਕਿ ਪੰਜਾਬੀ ਬੋਲੀ ਦਾ ਬਹੁਤ ਸੋਹਣਾ ਇਤਿਹਾਸ ਹੈ ਅਤੇ ਇਹ ਆਪਣਾ ਵਿਰਸਾ ਹੈ। ਗੁਰਮੁਖੀ ਅੱਜ ਦੇ ਸਮੇਂ `ਚ ਇੰਨੀ ਜ਼ਰੂਰੀ ਹੋ ਗਈ ਹੈ ਕਿ ਪੰਜਾਬੀਅਤ ਬਾਰੇ ਜਦੋਂ ਤੁਸੀਂ ਗੱਲ ਕਰਨੀ ਹੈ ਤਾਂ ਪੰਜਾਬੀ ਹੀ ਲਿਖਣੀ ਪਵੇਗੀ। ਸਾਨੂੰ ਸਾਰਿਆਂ ਨੂੰ ਪੰਜਾਬੀ ਪੜ੍ਹਨੀ ਚਾਹੀਦੀ ਹੈ ਅਤੇ ਲੋਕਾਂ ਨਾਲ ਮਿਲ ਕੇ ਇੱਕ ਦੂਜੇ ਦੀ ਭਾਸ਼ਾ ਦਾ ਆਦਾਨ-ਪ੍ਰਦਾਨ ਕਰਨਾ ਚਾਹੀਦਾ ਹੈ।" ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਸ਼ਾਹਾਦਤ ਬਾਰੇ ਗੱਲ ਕਰਦਿਆਂ ਉਨ੍ਹਾਂ ਕਿਹਾ, "ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਸ਼ਹਾਦਤ ਹਿੰਦੂ ਧਰਮ ਦੀ ਰੱਖਿਆ ਵਾਸਤੇ ਸੀ ਅਤੇ ਇਸੇ ਕਰਕੇ ਉਨ੍ਹਾਂ ਨੂੰ ਹਿੰਦ ਦੀ ਚਾਦਰ ਵੀ ਕਿਹਾ ਜਾਂਦਾ ਹੈ। ਜੇ ਗੁਰੂ ਸਾਹਿਬ ਨਾ ਹੁੰਦੇ ਤਾਂ ਔਰੰਗਜ਼ੇਬ ਨੇ ਸਾਰਿਆਂ ਨੂੰ ਮੁਗਲ ਬਣਾ ਦੇਣਾ ਸੀ। ਜਦੋਂ ਵੀ ਧਰਮ ਦੀ ਰੱਖਿਆ ਬਾਰੇ ਕਿਸੇ ਬਲੀਦਾਨ ਦੀ ਗੱਲ ਆਵੇਗੀ ਤਾਂ ਸਭ ਤੋਂ ਪਹਿਲਾਂ ਸਾਨੂੰ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਸ਼ਹਾਦਤ ਹੀ ਯਾਦ ਆਵੇਗੀ।"
ਕੈਨੇਡਾ `ਚ ਪੰਜਾਬੀ ਭਾਸ਼ਾ ਲਈ ਉਪਰਾਲਿਆਂ ਬਾਰੇ ਦੱਸਦਿਆਂ ਰਵਿੰਦਰ ਸਿੰਘ ਕੰਗ ਨੇ ਕਿਹਾ, "ਓਂਟਾਰੀਓ ਫਰੈਂਡਸ ਕਲੱਬ ਇਥੇ ਸਥਾਨਕ ਕਈ ਸੰਸਥਾਵਾਂ ਨਾਲ ਮਿਲ ਕੇ ਪੰਜਾਬੀ ਭਾਸ਼ਾ ਨੂੰ ਮਜ਼ਬੂਤ ਕਰਨ ਲਈ ਕਈ ਉਪਰਾਲੇ ਕਰ ਰਹੀ ਹੈ ਅਤੇ ਪੰਜਾਬੀ ਭਾਸ਼ਾ ਅਤੇ ਵਿਰਸੇ ਲਈ ਕਈ ਸੈਮੀਨਾਰ ਕਰਵਾ ਰਹੀ ਹੈ। ਅਸੀਂ ਸਾਰੇ ਕੈਨੇਡਾ `ਚ ਗੁਰੂ ਘਰਾਂ `ਚ ਸਮਾਗਮਾਂ ਰਾਹੀਂ ਪੰਜਾਬੀ ਭਾਸ਼ਾ ਦਾ ਪ੍ਰਚਾਰ ਵੀ ਕਰ ਰਹੇ ਹਾਂ। ਅਸੀਂ ਕੋਰੋਨਾ ਕਾਲ ਦੌਰਾਨ ਘਰ-ਘਰ ਜਾ ਕੇ ਲੰਗਰ ਦੀ ਸੇਵਾ ਕੀਤੀ ਅਤੇ ਇਹ ਵੀ ਇੱਕ ਤਰ੍ਹਾਂ ਪੰਜਾਬੀਅਤ ਦਾ ਪ੍ਰਚਾਰ ਹੀ ਹੈ।"
ਓਂਟਾਰੀਓ ਫਰੈਂਡਜ਼ ਕਲੱਬ, ਕੈਨੇਡਾ ਦੇ ਪ੍ਰਧਾਨ ਗਿਆਨ ਸਿੰਘ ਗਿੱਲ ਨੇ ਕਿਹਾ ਕਿ ਚੰਡੀਗੜ੍ਹ ਯੂਨੀਵਰਸਿਟੀ `ਚ ਪੰਜਾਬੀ ਮਾਂ ਬੋਲੀ ਦੇ ਪਸਾਰ ਲਈ ਕੀਤਾ ਜਾ ਰਿਹਾ ਉਪਰਾਲਾ ਸ਼ਲਾਘਾਯੋਗ ਹੈ।ਜੇਕਰ ਅਸੀਂ ਆਪਣੀ ਮਾਂ ਬੋਲੀ ਨੂੰ ਭੁੱਲ ਗਏ ਤਾਂ ਸਾਰੇ ਅਕਾਦਮਿਕ ਅਦਾਰੇ ਬੰਜਰ ਬਣ ਕੇ ਰਹਿ ਜਾਣਗੇ। ਅਸੀਂ ਪੰਜਾਬੀ ਬੋਲੀ ਕਰ ਕੇ ਹੀ ਇਸ ਮੁਕਾਮ ਤੱਕ ਪੁੱਜੇ ਹਾਂ ਇਸ ਲਈ ਸਾਡਾ ਵੀ ਫ਼ਰਜ਼ ਬਣਦਾ ਹੈ ਕਿ ਅਸੀਂ ਵੀ ਪੰਜਾਬ ਨੂੰ ਤਰੱਕੀਆਂ ਦੇ ਰਾਹ `ਤੇ ਪਹੁੰਚਾਈਏ।
ਪ੍ਰਧਾਨ ਗਿਆਨ ਸਿੰਘ ਨੇ ਕਿਹਾ ਕਿ ਪਿਛਲੇ ਕੁੱਝ ਸਾਲਾਂ ਵਿਚ ਸਾਡੇ ਬਹੁਤ ਸਾਰੇ ਪੰਜਾਬੀ ਭਾਰਤ ਛੱਡ ਕੇ ਵਿਦੇਸ਼ਾਂ ਵਿਚ ਵੱਸ ਗਏ ਹਨ।ਪੰਜਾਬ ਦੀਆਂ ਕਈ ਯੂਨੀਵਰਸਿਟੀਆਂ ਵਿਚ ਪੜ੍ਹਨ ਵਾਲੇ ਵਿਦਿਆਰਥੀਆਂ ਦੀ ਵੀ ਭਾਰੀ ਕਮੀ ਹੋ ਗਈ ਹੈ। ਅਜਿਹਾ ਮਾਹੌਲ ਦੇਖਣ ਨੂੰ ਮਿਲਿਆ ਹੈ, ਜਿਸ ਨੂੰ ਦੇਖ ਕੇ ਮੈਨੂੰ ਖ਼ੁਸ਼ੀ ਹੋ ਰਹੀ ਹੈ।ਸਿੱਖ ਧਰਮ ਹਰ ਇੱਕ ਧਰਮ ਦਾ ਸਤਿਕਾਰ ਕਰਦਾ ਹੈ। ਸ੍ਰੀ ਗੁਰੂ ਤੇਗ ਬਹਾਦੁਰ ਜੀ ਨੇ ਸਰਬੱਤ ਦੇ ਭਲੇ ਲਈ ਆਪਣਾ ਬਲਿਦਾਨ ਦਿੱੱਤਾ ਹੈ।ਪੰਜਾਬੀ ਹਰ ਇੱਕ ਦਾ ਭਲਾ ਮੰਗਦੇ ਹਨ ਕਿ ਚਾਹੇ ਉਨ੍ਹਾਂ ਨੂੰ ਕੋਈ ਵੀ ਕੁਰਬਾਨੀ ਨਾ ਦੇਣੀ ਪਵੇ। ਜਦੋਂ ਕੋਵਿਡ-19 ਦਾ ਸਮਾਂ ਸੀ ਤਾਂ ਉਸ ਸਮੇਂ ਸਾਡੇ ਪੰਜਾਬੀਆਂ ਵੱਲੋਂ ਦੇਸ਼ ਤੇ ਵਿਦੇਸ਼ਾਂ ਵਿਚ ਲੋੜਵੰਦਾਂ ਲਈ ਲੰਗਰ ਲਗਾ ਕੇ ਸੇਵਾ ਕੀਤੀ ਗਈ।
ਪੰਜਾਬ ਦੇ ਨੌਜਵਾਨਾਂ ਨੂੰ ਮਾਂ ਬੋਲੀ ਪੰਜਾਬੀ ਨਾਲ ਜੋੜਨ ਲਈ ਚੰਡੀਗੜ੍ਹ ਯੂਨੀਵਰਸਿਟੀ ਦੀ `ਗੁਰੂ ਨਾਨਕ ਚੇਅਰ ਫਾਰ ਸਟੱਡੀਜ਼ ਇਨ ਯੂਨੀਵਰਸਲ ਐਡਵਾਂਸਮੈਂਟ` ਦੀ ਸ਼ਲਾਘਾ ਕਰਦਿਆਂ ਹਰਿਆਣਾ ਸਾਹਿਤ ਅਤੇ ਸੱਭਿਆਚਾਰ ਅਕੈਡਮੀ ਦੇ ਡਾਇਰੈਕਟਰ (ਪੰਜਾਬੀ ਵਿਭਾਗ), ਡਾ. ਹਰਪਾਲ ਸਿੰਘ ਗਿੱਲ ਨੇ ਕਿਹਾ, "ਅੱਜ ਦੀ ਕਾਨਫਰੰਸ ਦਾ ਵਿਸ਼ਾ ਮਨੁੱਖਤਾ ਦੀ ਭਲਾਈ ਨੂੰ ਉਤਸ਼ਾਹਤ ਕਰਨ ਵਿੱਚ ਪੰਜਾਬੀ ਲੋਕਾਂ ਦੀ ਭੂਮਿਕਾ ਸੀ ਤੇ ਗੁਰੂ ਨਾਨਕ ਦੇਵ ਜੀ ਨੇ ਸਾਨੂੰ ਜੀਵਨ ਦੇ ਤਿੰਨ ਬੁਨਿਆਦੀ ਸਿਧਾਂਤ ਦਿੱਤੇ ਹਨ, ਕੀਰਤ ਕਰੋ, ਨਾਮ ਜਪੋ ਤੇ ਵੰਦ ਛੱਕੋ` ਦੀ ਗੱਲ ਆਉਂਦੀ ਹੈ ਤਾਂ ਇਸ ਦਾ ਮਤਲਬ ਸਿਰਫ਼ ਭਾਈਚਾਰੇ ਨਾਲ ਭੋਜਨ ਸਾਂਝਾ ਕਰਨਾ ਨਹੀਂ ਸੀ ਬਲਕਿ ਇਸ ਦਾ ਮਤਲਬ ਇਹ ਵੀ ਹੈ ਕਿ ਅਸੀਂ ਆਪਣੀ ਕਮਾਈ ਵਿੱਚੋਂ ਦੂਜਿਆਂ ਲਈ ਸੇਵਾ ਕਰਨ ਦਾ ਵੀ ਸੀ ਜੋ ਇਹ ਆਰਥਿਕ, ਸੱਭਿਆਚਾਰ, ਧਾਰਮਿਕ ਅਤੇ ਰਾਜਨੀਤਕ ਪਹਿਲੂਆਂ ਸਮੇਤ ਜੀਵਨ ਦੇ ਸਾਰੇ ਪਹਿਲੂਆਂ ਨਾਲ ਸਬੰਧਤ ਹੈ। ਇਸ ਲਈ ਗੁਰੂ ਨਾਨਕ ਦੇਵ ਜੀ ਵੱਲੋਂ ਦਿਖਾਏ ਰਾਹ ਦੀ ਪਾਲਣਾ ਕਰਦਿਆਂ, ਚੰਡੀਗੜ੍ਹ ਯੂਨੀਵਰਸਿਟੀ ਨੇ ` ਗੁਰੂ ਨਾਨਕ ਚੇਅਰ ਫਾਰ ਸਟੱਡੀਜ਼ ਇਨ ਯੂਨੀਵਰਸਲ ਐਡਵਾਂਸਮੈਂਟ` ਦੀ ਸਥਾਪਨਾ ਕੀਤੀ ਹੈ ਜੋ ਬਹੁਤ ਖੁਸ਼ੀ ਦੀ ਗੱਲ ਹੈ।